ਖਰੜ ਵਿੱਚ ਧੜੱਲੇ ਨਾਲ ਵਿੱਕ ਰਹੀ ਹੈ ਚਾਈਨਾ ਡੋਰ ਹਾਦਸੇ ਦੀ ਉਡੀਕ ਵਿੱਚ ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

ਖਰੜ, 23 ਫਰਵਰੀ (ਸ਼ਮਿੰਦਰ ਸਿੰਘ) ਖਰੜ ਵਿਖੇ ਚਾਈਨਾ ਡੋਰ ਦੇ ਪਿੰਨੇ (ਗੱਟੂ) ਵੇਚਣ ਦਾ ਧੰਦਾ ਬੇਰੋਕ ਜਾਰੀ ਹੈ, ਜਿਸ ਕਾਰਨ ਕਈ ਬੱਚੇ ਜ਼ਖ਼ਮੀ ਹੋ ਚੁੱਕੇ ਹਨ। ਇਹ ਪਾਬੰਦੀਸ਼ੁਦਾ ਚਾਈਨਾ ਡੋਰ ਆਪਣੀ ਬਣਤਰ ਕਰਕੇ ਨਾ ਸਿਰਫ਼ ਮਨੁੱਖਾਂ ਅਤੇ ਪੰਛੀਆਂ ਲਈ ਹਾਦਸਿਆਂ ਦਾ ਕਾਰਨ ਬਣਦੀ ਹੈ ਸਗੋਂ ਵਾਤਾਵਰਨ ਨੂੰ ਵੀ ਪਲੀਤ ਕਰਦੀ ਹੈ। ਸਰਕਾਰ ਵੱਲੋਂ ਇਸਦੀ ਵਿਕਰੀ ਅਤੇ ਵਰਤੋਂ ਤੇ ਰੋਕ ਦੇ ਐਲਾਨਾਂ ਦੇ ਬਾਵਜੂਦ ਇਹ ਘਾਤਕ ਡੋਰ ਸ਼ਹਿਰ ਵਿੱਚ ਵਿੱਕ ਰਹੀ ਹੈ ਅਤੇ ਇਸ ਨਾਲ ਆਏ ਦਿਨ ਹਾਦਸੇ ਵਾਪਰ ਰਹੇ ਹਨ।

ਵਪਾਰ ਮੰਡਲ ਖਰੜ ਦੇ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਇਸ ਸੰਬੰਧੀ ਕਿਹਾ ਕਿ ਵਪਾਰ ਮੰਡਲ ਇਸ ਕਾਰਵਾਈ ਦੇ ਸਖਤ ਖਿਲਾਫ ਹੈ ਅਤੇ ਜੇਕਰ ਕੋਈ ਦੁਕਾਨਦਾਰ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾਂ ਵਪਾਰ ਮੰਡਲ ਵੱਲੋਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਸਮਾਜ ਸੇਵੀ ਰੋਹਿਤ ਵਰਮਾ ਨੇ ਦੱਸਿਆ ਕਿ ਖਰੜ ਦੇ ਵੱਖ-ਵੱਖ ਖੇਤਰਾਂ ਵਿੱਚ ਆਮ ਗਲੀਆਂ, ਰਸਤਿਆਂ ਵਿੱਚ ਇਸ ਚਾਈਨਾ ਡੋਰ ਨੂੰ ਵਿਕਦਾ ਵੇਖਿਆ ਜਾ ਸਕਦਾ ਹੈ। ਖਰੜ ਵਿੱਚ ਨਵੇਂ ਬਣੇ ਐਲੀਵੇਟਰ ਬ੍ਰਿਜ਼ ਉੱਤੇ ਵੀ ਇਹ ਡੋਰ ਵੇਖਣ ਨੂੰ ਮਿਲੀ ਹੈ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਦਾ ਖਦਸਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਉਕਤ ਮਸਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।

ਇਸ ਦੌਰਾਨ ਪਾਬੰਦੀਸ਼ੁਦਾ ਪਲਾਸਟਿਕ ਡੋਰ (ਚਾਈਨਾ ਡੋਰ) ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਸਮਾਜ ਸੇਵੀਆਂ ਵਲੋਂ ਪ੍ਰਸ਼ਾਸਨ ਦੇ ਮੁੱਖ ਅਫਸਰਾਂ ਨੂੰ ਇਸ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *