ਖਰੜ ਵਿੱਚ ਸੁਖਾਲੀ ਨਹੀਂ ਰਣਜੀਤ ਗਿੱਲ ਦੀ ਰਾਹ ਆਪਣੀ ਹੀ ਪਾਰਟੀ ਅੰਦਰ ਹੋ ਰਿਹਾ ਹੈ ਵਿਰੋਧ

ਭੁਪਿੰਦਰ ਸਿੰਘ
ਖਰੜ, 20 ਜਨਵਰੀ

ਖਰੜ ਵਿਧਾਨਸਭਾ ਹਲਕੇ ਵਿੱਚ ਅਕਾਲੀ ਦਲ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਗਿਲਕੋ ਗਰੁੱਪ ਦੇ ਐਮ.ਡੀ ਅਤੇ ਉੱਘੇ ਕਾਲੋਨਾਈਜਰ ਸ੍ਰ. ਰਣਜੀਤ ਸਿੰਘ ਗਿੱਲ ਵੱਲੋਂ ਭਾਵੇਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਇਸ ਹਲਕੇ ਵਿੱਚ ਮਿਲ ਰਿਹਾ ਉਸਦੇ ਆਪਣੇ ਹੀ ਆਗੂਆਂ ਦਾ ਵਿਰੋਧ ਕਾਫੀ ਭਾਰੀ ਪੈ ਸਕਦਾ ਹੈ|
ਖਰੜ ਹਲਕੇ ਵਿੱਚ ਉਮੀਦਵਾਰ ਦੇ ਐਲਾਨ ਵਿੱਚ ਹੋਈ ਦੇਰੀ ਦਾ ਨੁਕਸਾਨ ਤਾਂ ਅਕਾਲੀ ਦਲ ਦੇ ਉਮੀਦਵਾਰ ਨੂੰ ਸਹਿਣਾ ਹੀ ਪੈ ਰਿਹਾ ਹੈ| ਕਿਉਂਕਿ ਜਦੋਂ ਤੱਕ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਹੋਇਆ ਸੀ ਉਸ ਵੇਲੇ ਤੱਕ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭੱਖਾ ਦਿੱਤੀ ਗਈ ਸੀ| ਸ੍ਰ. ਰਣਜੀਤ ਸਿੰਘ ਗਿੱਲ ਦੇ ਐਲਾਨ ਵਿੱਚ ਹੋਈ      ਦੇਰੀ ਤੋਂ ਬਾਅਦ ਜਿਸ ਤਰੀਕੇ ਨਾਲ ਹਲਕੇ ਦੇ ਪੁਰਾਣੇ ਅਕਾਲੀ ਆਗੂ ਅਤੇ ਵਰਕਰ ਉਹਨਾਂ ਦੇ ਸਿੱਧੇ ਵਿਰੋਧ ਵਿੱਚ ਬਾਹਰ ਨਿਕਲ ਕੇ ਆਏ ਉਸ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਅਕਾਲੀ  ਉਮੀਦਵਾਰ ਦੀ ਰਾਹ ਸੁਖਾਲੀ ਨਹੀਂ ਹੈ|
ਖਰੜ ਪੰਜਾਬ ਦਾ ਸ਼ਾਇਦ ਅਜਿਹਾ ਇਕ ਚੋਣ ਹਲਕਾ ਹੈ ਜਿੱਥੇ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਦੇ ਖਿਲਾਫ ਪਾਰਟੀ ਮੌਜੂਦਾ ਜ਼ਿਲ੍ਹਾ ਪ੍ਰਧਾਨ ਵੱਲੋਂ ਹੀ ਝੰਡਾ ਬੁਲੰਦ ਕੀਤਾ ਗਿਆ ਹੋਵੇ| ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਉਜਾਗਰ ਸਿੰਘ ਵਡਾਲੀ ਵੱਲੋਂ ਪਾਰਟੀ ਵੱਲੋਂ ਸ੍ਰ. ਰਣਜੀਤ ਸਿੰਘ ਗਿਲ ਨੂੰ ਟਿਕਟ ਦਿੱਤੇ ਜਾਣ ਵੇਲੇ ਹੀ ਖੁੱਲਮ-ਖੁਲਾ ਵਿਰੋਧ ਜਾਹਿਰ ਕਰਕੇ ਆਪਣੇ ਸਮਰਥਕਾਂ ਨੂੰ ਸ੍ਰ. ਗਿੱਲ ਦੀਆਂ ਚੋਣ ਮੀਟਿੰਗਾਂ ਵਿੱਚ ਜਾਣ ਤੋਂ ਰੋਕ ਦਿਤਾ ਗਿਆ ਸੀ| ਇਸਤੋਂ ਇਲਾਵਾ ਹਲਕੇ ਵਿੱਚ ਆਪਣੀ ਮਜਬੂਤ ਪਕੜ ਰੱਖਣ ਵਾਲੇ ਪਡਿਆਲਾ ਪਰਿਵਾਰ ਵੱਲੋਂ ਵੀ ਸ੍ਰ. ਗਿਲ ਖਿਲਾਫਤ ਵਿੱਚ ਝੰਡਾ ਬੁਲੰਦ ਕਰ ਦਿੱਤਾ ਗਿਆ| ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ. ਗੁਰਵਿੰਦਰ ਸਿੰਘ ਡੂਮਛੇੜੀ ਨੇ ਤਾਂ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣਾ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਹੀ ਕਰ ਦਿੱਤਾ|
ਇਸ ਦੌਰਾਨ ਖਰੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ. ਗੁਰਪ੍ਰੇਮ ਸਿੰਘ ਰੋਮਾਣਾ ਅਕਾਲੀ ਉਮੀਦਵਾਰ ਦੇ ਖਿਲਾਫ ਹੋਣ ਕਰਕੇ ਆਪਣੀ ਚਾਰ ਸਾਥੀ ਕੌਂਸਲਰ (ਸਾਰੇ ਅਕਾਲੀ) ਦੇ ਨਾਲ ਕਾਂਗਰਸ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਦੋਂ ਕਿ ਨਯਾ ਗਾਊਂ ਦੇ ਕੁੱਝ ਕੌਂਸਲਰ ਅਤੇ ਇਸ ਖੇਤਰ ਵਿੱਚ ਸਰਗਰਮ ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ|
ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਹਫਤੇ ਖਰੜ ਹਲਕੇ ਵਿੱਚ ਵੱਖ-ਵੱਖ ਚੋਣ ਰੈਲੀਆਂ ਕਰਕੇ ਇਸ ਨੁਕਸਾਨ ਦੀ ਭਰਪਾਈ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਇਸਦੇ ਬਾਵਜੂਦ ਅਕਾਲੀ ਉਮੀਦਵਾਰ ਦੀ ਚੋਣ ਮੁਹਿੰਮ ਵਿੱਚ ਪੁਰਾਣੇ ਅਕਾਲੀ ਚਿਹਰੇ ਘੱਟ ਹੀ ਨਜ਼ਰ ਆ ਰਹੇ ਹਨ| ਵੇਖਣਾ ਇਹ ਹੈ ਕਿ ਹਲਕੇ ਦੇ ਪਾਰਟੀ ਆਗੂਆਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਵਿੱਚ ਸ੍ਰ. ਗਿੱਲ ਇਸ ਹੱਦ ਤੱਕ ਕਾਮਯਾਬ ਹੁੰਦੇ ਹਨ|

Leave a Reply

Your email address will not be published. Required fields are marked *