ਖਾਕੀ ਹੋਈ ਦਾਗਦਾਰ : ਮੁਹਾਲੀ ਟ੍ਰੈਫਿਕ ਪੁਲੀਸ ਦੇ ਦੋ ਮੁਲਾਜਮ ਰਿਸ਼ਵਤ ਲਂੈਦੇ ਕੈਮਰੇ ਵਿੱਚ ਹੋਏ ਕੈਦ

ਖਾਕੀ ਹੋਈ ਦਾਗਦਾਰ : ਮੁਹਾਲੀ ਟ੍ਰੈਫਿਕ ਪੁਲੀਸ ਦੇ ਦੋ ਮੁਲਾਜਮ ਰਿਸ਼ਵਤ ਲਂੈਦੇ ਕੈਮਰੇ ਵਿੱਚ ਹੋਏ ਕੈਦ
ਐਸ ਐਸ ਪੀ ਵੱਲੋਂ ਟ੍ਰੈਫਿਕ ਪੁਲੀਸ ਦੇ ਦੋਵੇਂ ਮੁਲਾਜਮ ਮੁਅੱਤਲ
ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਆਪਣੇ ਕਾਰਨਾਮਿਆਂ ਕਾਰਨ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੀ ਪੰਜਾਬ ਪੁਲੀਸ ਦਾ ਇੱਕ ਹੋਰ ਕਾਰਨਾਮਾ ਕੈਮਰੇ ਵਿੱਚ ਕੈਦ ਹੋ ਗਿਆ ਹੈ| ਸ਼ੋਸਲ ਮੀਡੀਆ ਉਪਰ ਵਾਇਰਲ ਹੋਈ ਇਸ ਵੀਡੀਓ ਵਿੱਚ ਮੁਹਾਲੀ ਟ੍ਰੈਫਿਕ ਪੁਲੀਸ ਦਾ ਇੱਕ ਹੌਲਦਾਰ ਅਤੇ ਇੱਕ ਮਹਿਲਾ ਮੁਲਾਜਮ ਕਿਸੇ ਵਾਹਨ ਚਾਲਕ ਤੋਂ ਰਿਸ਼ਵਤ ਲੈਂਦੇ ਦਿਖਾਈ ਦੇ ਰਹੇ ਹਨ|
ਵਾਇਰਲ ਹੋਈ ਇਹ ਵੀਡੀਓ ਵੇਖਣ ਤੋਂ ਪਤਾ ਚਲਦਾ ਹੈ ਕਿ ਇਹ ਘਟਨਾ ਫੇਜ਼ 7 ਦੇ ਚਾਵਲਾ ਚੌਂਕ ਦੀ ਹੈ, ਜਿੱਥੇ ਕਿ ਟ੍ਰੈਫਿਕ ਪੁਲੀਸ ਨੇ ਨਾਕਾ ਲਾਇਆ ਹੋਇਆ ਸੀ ਤੇ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਕਾਗਜਾਂ ਦੀ ਜਾਂਚ ਕੀਤੀ ਜਾ ਰਹੀ ਸੀ| ਇਸ ਵੀਡੀਓ ਵਿੱਚ ਵੀ ਟ੍ਰੈਫਿਕ ਪੁਲੀਸ ਦਾ ਮੁਲਾਜਮ ਕਿਸੇ ਵਾਹਨ ਚਾਲਕ ਦੇ ਕਾਗਜ ਚੈਕ ਕਰ ਰਿਹਾ ਹੈ| ਇਸ ਵਾਹਨ ਚਾਲਕ ਦੇ ਹੱਥ ਵਿੱਚ ਹੈਲਮਟ ਵੀ ਫੜਿਆ ਹੋਇਆ ਹੈ| ਵਾਹਨ ਚਾਲਕ ਦਾ ਕੋਈ ਕਾਗਜ ਚੈਕ ਕਰਨ ਮੌਕੇ ਮਹਿਲਾ ਪੁਲੀਸ ਮੁਲਾਜਮ ਵੀ ਨੇੜੇ ਹੀ ਖੜੀ ਹੈ ਪਰ ਬਾਅਦ ਵਿੱਚ ਮਰਦ ਪੁਲੀਸ ਮੁਲਾਜਮ ਉਸ ਮਹਿਲਾ ਮੁਲਾਜਮ ਨੂੰ ਇਸ਼ਾਰੇ ਨਾਲ ਪੁਲੀਸ ਗੱਡੀ ਦੇ ਉਹਲੇ ਵਿੱਚ ਭੇਜ ਦਿੰਦਾ ਹੈ ਅਤੇ ਵਾਹਨ ਚਾਲਕ ਨੂੰ ਕਹਿੰਦਾ ਹੈ ਕਿ ਜੇ ਉਸਨੇ ਆਪਣਾ ਚਲਾਨ ਨਹੀਂ ਕਰਵਾਉਣਾ ਤਾਂ ਉਹ ਪੁਲੀਸ ਗੱਡੀ ਦੇ ਦੂਸਰੇ ਪਾਸੇ ਖੜੀ ਮਹਿਲਾ ਮੁਲਾਜਮ ਨੂੰ ਮਿਲ ਲਵੇ| ਦੂਸਰੇ ਪਾਸੇ ਵਾਹਨ ਚਾਲਕ ਤੋਂ ਉਕਤ ਮਹਿਲਾ ਮੁਲਾਜਮ ਰਿਸ਼ਵਤ ਲੈਂਦੀ ਹੋਈ ਸਾਫ ਦਿਖਾਈ ਦਿੰਦੀ ਹੈ ਜੋ ਕਿ ਵਾਹਨ ਚਾਲਕ ਦੇ ਹੱਥ ਵਿਚੋਂ ਆਪਣੇ ਹੱਥ ਵਿੱਚ ਪੈਸੇ ਫੜਦੀ ਹੋਈ ਸਪਸ਼ਟ ਦਿਖਾਈ ਦੇ ਰਹੀ ਹੈ|
ਮੁਹਾਲੀ ਟ੍ਰੈਫਿਕ ਪੁਲੀਸ ਦੇ ਮੁਲਾਜਮਾਂ ਵਲੋਂ ਰਿਸ਼ਵਤ ਲੈਣ ਦੀ ਇਹ ਵੀਡੀਓ ਪੂਰੀ ਦੁਨੀਆਂ ਵਿਚ ਵਾਇਰਲ ਹੋ ਗਈ ਹੈ| ਇਸ ਤਰ੍ਹਾਂ ਇਹਨਾਂ ਮੁਲਾਜਮਾਂ ਨੇ ਖਾਕੀ ਨੂੰ ਇਕ ਵਾਰ ਫੇਰ ਦਾਗਦਾਰ ਕਰ ਦਿੱਤਾ ਹੈ|
ਇਸੇ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵੀਡੀਓ ਵਿੱਚ ਦਿਖਾਈ ਦੇ ਰਹੇ ਹੈਡ ਕਾਂਸਟੇਬਲ ਅਸ਼ੋਕ ਕੁਮਾਰ ਤੇ ਮਹਿਲਾ ਪੁਲੀਸ ਮੁਲਾਜਮ ਪੂਜਾ ਰਾਣੀ ਨੂੰ ਮੁਅਤਲ ਕਰ ਦਿੱਤਾ ਹੈ| ਇਸ ਦੇ ਨਾਲ ਹੀ ਟ੍ਰੈਫਿਕ ਪੁਲੀਸ ਇੰਚਾਰਜ ਦੀ ਜਵਾਬਤਲਬੀ ਵੀ ਕੀਤੀ ਗਈ ਹੈ|
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲੀਸ ਅਤੇ ਉਸਦੀ ਟ੍ਰੈਫਿਕ ਪੁਲੀਸ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ| ਪੰਜਾਬ ਪੁਲੀਸ ਦੇ ਕਈ ਉਚ ਅਧਿਕਾਰੀ ਵੀ ਆਪਣੇ ਉਚ ਅਧਿਕਾਰੀਆਂ ਉਪਰ ਕਈ ਤਰ੍ਹਾਂ ਦੇ ਦੋਸ਼ ਅਤੇ ਪ੍ਰਤੀ ਦੋਸ਼ ਲਗਾ ਚੁੱਕੇ ਹਨ| ਦੋਸ਼ ਲਾਉਣ ਦਾ ਇਹ ਮਾਮਲਾ ਇੰਨਾ ਵੱਧ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁਲੀਸ ਅਧਿਕਾਰੀਆਂ ਨੂੰ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ ਗਈ| ਹੁਣ ਮੁਹਾਲੀ ਟ੍ਰੈਫਿਕ ਪੁਲੀਸ ਤੇ ਦੋ ਮੁਲਾਜਮਾਂ ਦੇ ਰਿਸ਼ਵਤ ਲੈਂਦਿਆਂ ਕੈਮਰੇ ਵਿੱਚ ਕੈਦ ਹੋਣ ਦੀ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ|
ਆਮ ਲੋਕ ਅਕਸਰ ਹੀ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਲਾਏ ਜਾਂਦੇ ਥਾਂ ਥਾਂ ਨਾਕਿਆਂ ਦਾ ਮੁੱਖ ਮੰਤਵ ਹੀ ਵਾਹਨ ਚਾਲਕਾਂ ਦੇ ਚਲਾਨ ਕਰਨ ਅਤੇ ਵਾਹਨ ਚਾਲਕਾਂ ਤੋਂ ਕਥਿਤ ਰੂਪ ਵਿੱਚ ਪੈਸੇ ਬਟੋਰਨ ਤੋਂ ਹੁੰਦਾ ਹੈ| ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਦੀ ਥਾਂ ਟ੍ਰੈਫਿਕ ਪੁਲੀਸ ਕਰਮਚਾਰੀ ਅਕਸਰ ਹੀ ਕਿਸੇ ਸ਼ਿਕਾਰ ਦੀ ਤਾੜ ਵਿੱਚ ਰਹਿੰਦੇ ਹਨ| ਆਮ ਵਾਹਨ ਚਾਲਕ ਵੀ ਚਲਾਨ ਕਰਵਾ ਕੇ ਤਰੀਕਾਂ ਭੁਗਤਣ ਦੀ ਥਾਂ ਕੁਝ ਲੈ ਦੇ ਕੇ ਮਾਮਲਾ ਰਫਾ ਦਫਾ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਕਰਕੇ ਰਿਸ਼ਵਤਖੋਰ ਪੁਲੀਸ ਮੁਲਾਜਮਾਂ ਦੇ ਹੌਂਸਲੇ ਦਿਨੋ ਦਿਨ ਵਧਦੇ ਜਾ ਰਹੇ ਹਨ|

Leave a Reply

Your email address will not be published. Required fields are marked *