ਖਾਣ ਪਾਣ ਦੇ ਗੈਰਮਿਆਰੀ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ

ਸਾਡੇ ਸ਼ਹਿਰ ਦੀ ਲਗਭਗ ਹਰੇਕ ਮਾਰਕੀਟ ਵਿੱਚ ਖਾਣ ਪੀਣ ਵਾਲੀਆਂ ਗੈਰਮਿਆਰੀ ਵਸਤੂਆਂ ਦੀ ਵਿਕਰੀ ਆਮ ਹੈ| ਸ਼ਹਿਰ ਵਿੱਚ ਲੱਗਦੀਆਂ ਖਾਣ ਪੀਣ ਦੇ ਸਾਮਾਨ ਦੀਆਂ ਰੇਹੜੀਆਂ ਫੜੀਆਂ, ਸ਼ੋਰੂਮਾਂ ਵਿੱਚ ਖੁੱਲੇ ਢਾਬਿਆਂ, ਹਲਵਾਈਆਂ ਦੀਆਂ ਦੁਕਾਨਾਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਹੋਰਨਾਂ ਦੁਕਾਨਾਂ ਵਿੱਚ ਖਾਣ ਪੀਣ ਦੇ ਇਸ ਗੈਰਮਿਆਰੀ ਸਮਾਨ ਦੀ ਵਿਕਰੀ ਧੜ੍ਹਲੇ ਨਾਲ ਕੀਤੀ ਜਾਂਦੀ ਹੈ| ਹੋਰ ਤਾਂ ਹੋਰ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਕੁੱਝ ਪ੍ਰਸਿੱਧ ਦੁਕਾਨਾਂ ਉਪਰ ਵੀ ਖਾਣ ਪੀਣ ਦਾ ਅਜਿਹਾ ਸਮਾਨ ਆਮ ਵੇਚਿਆ ਜਾਂਦਾ ਹੈ ਜਿਹੜਾ ਗੈਰਮਿਆਰੀ ਅਤੇ ਮਿਲਾਵਟੀ ਹੁੰਦਾ ਹੈ|
ਇਸੇ ਤਰ੍ਹਾਂ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਹੋਰ ਵਸਤੂਆਂ (ਖੋਆ, ਪਨੀਰ, ਦਹੀ, ਅਤੇ ਮਿਠਾਈਆਂ) ਵਿੱਚ ਨਕਲੀ ਸਾਮਾਨ ਦੀ ਮਿਲਾਵਟ ਦੀਆਂ ਸ਼ਿਕਾਇਤਾਂ ਆਮ ਹਨ| ਇਸ ਸੰਬੰਧੀ ਕੁੱਝ ਸਮਾਂ ਪਹਿਲਾਂ ਬਲੌਂਗੀ ਪੁਲੀਸ ਵਲੋਂ ਅਜਿਹੀ ਇੱਕ ਫੈਕਟ੍ਰੀ ਵਿੱਚ ਛਾਪੇਮਾਰੀ ਕਰਕੇ ਨਕਲੀ ਪਨੀਰ ਅਤੇ ਹੋਰ ਸਾਮਾਨ ਕਾਬੂ ਕੀਤਾ ਜਾ ਚੁੱਕਿਆ ਹੈ ਜਿੱਥੇ ਤਿਆਰ ਕੀਤਾ ਜਾਣ ਵਾਲਾ ਸਾਮਾਨ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਤੇ ਸਪਲਾਈ ਕੀਤਾ ਜਾਂਦਾ ਸੀ ਅਤੇ ਅੱਗੋ ਇਹ ਲੋਕਾਂ ਦੇ ਘਰਾਂ ਵਿੱਚ ਪਹੁੰਚ ਜਾਂਦਾ ਸੀ|
ਸਰਕਾਰ ਵਲੋਂ ਭਾਵੇਂ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਲਈ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਪਰ ਸਿਹਤ ਵਿਭਾਗ ਦੇ ਅਧਿਕਾਰੀ ਵੀ ਇਸ ਪਾਸੇ ਘੱਟ ਹੀ ਧਿਆਨ ਦਿੰਦੇ ਹਨ ਅਤੇ ਖਾਣ ਪੀਣ ਦਾ ਗੈਰਮਿਆਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਕਦੇ ਚੈਕਿੰਗ ਨਹੀਂ ਕੀਤੀ ਜਾਂਦੀ| ਸਿਹਤ ਵਿਭਾਗ ਦੇ ਅਧਿਕਾਰੀ ਤਿਉਹਾਰਾਂ ਦੇ ਸੀਜਨ ਵਿੱਚ ਜਰੂਰ ਕੁੱਝ ਦੁਕਾਨਾਂ ਤੇ ਛਾਪੇਮਾਰੀ ਕਰਕੇ ਮਿਠਾਈਆਂ ਅਤੇ ਹੋਰ ਸਮਾਨ ਦੇ ਸੈਂਪਲ ਭਰਦੇ ਦਿਖਦੇ ਹਨ ਪਰ ਜਦੋਂ ਤਕ ਇਹਨਾਂ ਸੈਂਪਲਾਂ ਦੇ ਨਤੀਜੇ ਆਉਂਦੇ ਹਨ ਉਦੋਂ ਤਕ ਤਾਂ ਇਹ ਤਿਉਹਾਰ ਵੀ ਲੰਘ ਚੁੱਕੇ ਹੁੰਦੇ ਹਨ ਅਤੇ ਇਹ ਸਾਮਾਨ ਵੇਚਣ ਵਾਲੇ ਦੁਕਾਨਦਾਰ ਆਪਣਾ ਸਾਮਾਨ ਵੇਚ ਕੇ ਮੋਟੀ ਕਮਾਈ ਵੀ ਕਰ ਚੁਕੇ ਹੁੰਦੇ ਹਨ|
ਸਿਹਤ ਵਿਭਾਗ ਦੀ ਇਹ ਟੀਮ ਰੇਹੜੀਆਂ ਵਾਲਿਆਂ ਵਲੋਂ ਵੇਚੇ ਜਾਣ ਵਾਲੇ ਸਾਮਾਨ ਦੀ ਕਦੇ ਜਾਂਚ ਨਹੀਂ ਕਰਦੀ ਜਦੋਂਕਿ ਇਹਨਾਂ ਰੇਹੜੀਆਂ ਫੜੀਆਂ ਉਪਰ ਨਾ ਸਿਰਫ ਗੰਦਗੀ ਦੀ ਭਰਮਾਰ ਹੁੰਦੀ ਹੈ ਬਲਕਿ ਹਰ ਪਾਸੇ ਹੀ ਮੱਖੀਆਂ ਵੀ ਬੈਠੀਆਂ ਹੁੰਦੀਆਂ ਹਨ| ਇਹਨਾਂ ਰੇਹੜੀਆਂ ਫੜੀਆਂ ਉਪਰ ਵਿਕਣ ਵਾਲਾ ਸਮਾਨ ਵੀ ਅਕਸਰ ਗੈਰਮਿਆਰੀ ਹੀ ਹੁੰਦਾ ਹੈ ਅਤੇ ਇਹ ਸਾਮਾਨ ਖਾਣ ਉਪਰੰਤ ਲੋਕਾਂ ਦਾ ਬਿਮਾਰ ਹੋਣਾ ਵੀ ਆਮ ਹੈ| ਲੋਕ ਸਸਤੇ ਸਾਮਾਨ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ ਤੋਂ ਸਾਮਾਨ ਖਰੀਦ ਲੈਂਦੇ ਹਨ ਅਤੇ ਰੇਹੜੀਆਂ ਵਾਲੇ ਸਸਤੇ ਦਾ ਲਾਲਚ ਦੇ ਕੇ ਆਪਣੇ ਗੈਰ ਮਿਆਰੀ ਅਤੇ ਮਿਆਦ ਲੰਘਾ ਚੁਕਿਆ ਖਾਣ ਪੀਣ ਦਾ ਸਮਾਨ ਵੇਚਣ ਵਿੱਚ ਸਫਲ ਹੋ ਜਾਂਦੇ ਹਨ|
ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਹੋਰਨਾਂ ਦੁਕਾਨਾਂ ਉਪਰ ਹੁੰਦੀ ਖਾਣ ਪੀਣ ਦੇ ਗੈਰਮਿਆਰੀ ਸਾਮਾਨ ਦੀ ਇਹ ਵਿਕਰੀ ਆਮ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਇਸਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਨਾਲ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਹੀ ਸਵਾਲ ਖੜ੍ਹਾ ਹੁੰਦਾ ਹੈ| ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਣੀ ਜਰੂਰੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸ ਵਾਸਤੇ ਜਰੂਰੀ ਹੈ ਕਿ ਸ਼ਹਿਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਦਾ ਪ੍ਰਬੰਧ ਕੀਤਾ ਜਾਵੇ ਅਤੇ ਗੈਰ ਮਿਆਰੀ ਜਾਂ ਨਕਲੀ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ|
ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸ਼ਹਿਰ ਵਿੱਚ ਹੁੰਦੀ ਖਾਣ ਪੀਣ ਦੇ ਗੈਰ ਮਿਆਰੀ ਅਤੇ ਨਕਲੀ ਸਾਮਾਲ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ| ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ|

Leave a Reply

Your email address will not be published. Required fields are marked *