ਖਾਣ ਪੀਣ ਦੀਆਂ ਗੈਰਮਿਆਰੀ ਵਸਤਾਂ ਦੀ ਸ਼ਰੇਆਮ ਹੁੰਦੀ ਵਿਕਰੀ ਤੇ ਕਾਬੂ ਕਰੇ ਸਰਕਾਰ

ਅੱਜ ਕੱਲ ਹਰ ਪਾਸੇ ਅਜਿਹੀਆਂ ਰੇਹੜੀਆਂ ਫੜੀਆਂ ਆਮ ਦਿਖ ਜਾਂਦੀਆਂ ਹਨ ਜਿਹਨਾਂ ਤੇ ਅਜਿਹੀਆਂ ਗੈਰ ਮਿਆਰੀ, ਅਣਢਕੀਆਂ ਅਤੇ ਮਿਲਾਵਟੀ ਚੀਜਾਂ ਦੀ ਖੁੱਲੇਆਮ ਵਿਕਰੀ ਕੀਤੀ ਜਾਂਦੀ ਹੈ ਜਿਹੜੀਆਂ ਮਨੁੱਖੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੀਆਂ ਹਨ ਪਰੰਤੂ ਇਸਦੇ ਬਾਵਜੂਦ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਨਾ ਤਾਂ ਸਰਕਾਰ ਵਲੋਂ ਕੁੱਝ ਕੀਤਾ ਜਾਂਦਾ ਹੈ ਅਤੇ ਨਾ ਹੀ ਸਥਾਨਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ| ਸਾਡੇ ਸ਼ਹਿਰ ਦਾ ਹਾਲ ਵੀ ਕੁੱਝ ਅਜਿਹਾ ਹੀ ਹੈ ਅਤੇ ਸ਼ਹਿਰ ਦੀ ਸ਼ਾਇਦ ਹੀ ਕੋਈ ਅਜਿਹੀ ਮਾਰਕੀਟ ਬਚੀ ਹੈ ਜਿੱਥੇ ਅਣਅਧਿਕਾਰਤ ਤੌਰ ਤੇ ਲਗਾਈਆਂ ਜਾਂਦੀਆਂ ਇਹਨਾਂ                                    ਰੇਹੜੀਆਂ ਫੜੀਆਂ ਉਪਰ ਗੈਰ ਮਿਆਰੀ, ਅਣਢਕੀਆਂ ਅਤੇ ਮਿਲਾਵਟੀ ਚੀਜ਼ਾਂ ਨਾ ਵਿਕਦੀਆਂ ਹੋਣ| 
ਇਹਨਾਂ ਰੇਹੜੀਆਂ ਫੜੀਆਂ ਉਪਰ ਵਿਕਣ ਵਾਲੀਆਂ ਇਹ ਵਸਤਾਂ ਸ਼ੋਰੂਮਾਂ ਦੇ ਮੁਕਾਬਲੇ ਕਾਫੀ ਸਸਤੀਆਂ ਹੁੰਦੀਆਂ ਹਨ ਅਤੇ ਲੋਕ ਸਸਤੇ ਦੇ ਲਾਲਚ ਵਿਚ ਇਹਨਾਂ ਚੀਜਾਂ ਨੂੰ ਖਰੀਦ ਕੇ ਬਿਮਾਰੀਆ ਮੁੱਲ ਲੈਂਦੇ ਰਹਿੰਦੇ ਹਨ| ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸਦੀ ਕਾਰਗੁਜਾਰੀ ਤੇ ਵੀ ਸਵਾਲ ਉਠਦੇ ਹਨ| ਸ਼ਹਿਰ ਦੀ ਲਗਭਗ ਹਰੇਕ ਮਾਰਕੀਟ ਦੇ ਅੰਦਰ ਅਤੇ ਬਾਹਰ ਵੱਖ ਵੱਖ ਤਰ੍ਹਾਂ ਦੀਆਂ ਰੇਹੜੀਆਂ ਫੜੀਆਂ ਉਪਰ ਕਈ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤਾਂ, ਮਿਲਾਵਟੀ ਸਾਮਾਨ, ਕਟੇ ਤੇ ਗਲੇ ਸੜੇ ਫਲ, ਮਸਾਲੇ ਤੇ ਦਾਲਾਂ ਆਦਿ ਵੇਚੇ ਜਾਂਦੇ ਹਨ| ਹੋਰ ਤਾਂ ਹੋਰ ਥਾਂ ਥਾਂ ਲੱਗਦੀਆਂ ਨਾਨ ਕੁਲਚੇ ਤੇ ਛੋਲਿਆਂ ਦੀਆਂ ਰੇਹੜੀਆਂ ਉਪਰ ਲੋੜੀਂਦੀ ਸਫਾਈ ਦਾ ਪ੍ਰਬੰਧ ਤਕ ਨਹੀਂ ਹੁੰਦਾ| ਇਹਨਾਂ ਰੇਹੜੀਆਂ ਦੇ ਆਸ ਪਾਸ ਗੰਦਗੀ ਖਿੱਲਰੀ ਹੁੰਦੀ ਹੈ ਅਤੇ ਮੱਖੀਆਂ ਘੁੰਮ ਰਹੀਆਂ ਹੁੰਦੀਆਂ ਹਨ| 
ਇਸ ਤੋਂ ਇਲਾਵਾ ਜਲੇਬੀਆਂ, ਪਕੌੜੇ  ਅਤੇ ਹੋਰ ਮਿਠਾਈ ਵੀ ਇਹਨਾਂ ਰੇਹੜੀਆਂ ਫੜੀਆਂ ਉਪਰ ਆਮ ਵੇਚੀ ਜਾਂਦੀ ਹੈ, ਜਿਸ ਦਾ ਕੋਈ ਮਿਆਰ ਨਹੀਂ ਹੁੰਦਾ| ਆਮ ਤੌਰ ਤੇ ਇਹ ਮਿਠਾਈਆਂ ਨਕਲੀ ਦੁੱਧ ਨਾਲ ਹੀ ਤਿਆਰ ਹੁੰਦੀਆਂ ਹਨ ਪਰ ਲੋਕ ਸਸਤੇ ਦੇ ਲਾਲਚ ਵਿੱਚ ਇਹ ਸਾਰਾ ਸਾਮਾਨ ਖਰੀਦਦੇ ਰਹਿੰਦੇ ਹਨ| ਇੱਥੇ ਹੀ ਬਸ ਨਹੀਂ ਬਲਕਿ ਸ਼ਹਿਰ ਵਿਚ ਅਣਢਕੇ ਅਤੇ ਕੱਟੇ ਹੋਏ ਫਲ ਵੀ ਵੇਚੇ ਜਾ ਰਹੇ ਹਨ| ਅਸੀਂ ਜਾਣਦੇ ਹੀ ਹਾਂ ਕਿ ਅੱਜਕੱਲ ਸਾਰੇ ਕਿਸਮਾਂ ਦੇ ਫਲਾਂ ਨੂੰ ਵੱਖ ਵੱਖ ਮਸਾਲਿਆਂ ਨਾਲ ਪਕਾਇਆ ਜਾਂਦਾ ਹੈ ਜਿਹੜੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਪਰੰਤੂ ਅਜਿਹਾ ਕਰਨ ਵਾਲਿਆਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਹੁੰਦੀ| ਹੋਰ ਤਾਂ ਹੋਰ ਹੁਣ ਤਾਂ ਦਾਲਾਂ ਅਤੇ ਮਸਾਲੇ ਵੀ ਰੇਹੜੀਆਂ ਉਪਰ ਖੁਲੇ ਰੂਪ ਵਿੱਚ ਵੇਚੇ ਜਾਂਦੇ ਹਨ, ਜਿਹਨਾਂ ਵਿੱਚ ਕਾਫੀ ਮਿਲਾਵਟ ਹੁੰਦੀ ਹੈ| ਇਹਨਾਂ ਮਸਾਲਿਆਂ ਵਿੱਚ ਰੰਗ ਵੀ ਪਾਇਆ ਹੁੰਦਾ ਹੈ ਜੋ ਕਿ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ| 
ਅਜਿਹਾ ਨਕਲੀ ਅਤੇ ਗੈਰਮਿਆਰੀ ਸਾਮਾਨ ਵੇਚਣ ਵਾਲੇ ਦੁਕਾਨਦਾਰ ਮੋਟੀ ਕਮਾਈ ਦੇ ਲਾਲਚ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਤ੍ਰਾਸਦੀ ਇਹ ਹੈ ਕਿ ਇਸ ਸਾਰੇ ਕੁੱਝ ਦੇ ਬਾਵਜੂਦ ਸਰਕਾਰ (ਅਤੇ ਪ੍ਰਸ਼ਾਸਨ) ਵਲੋਂ ਨਾ ਤਾਂ ਇਹਨਾਂ             ਰੇਹੜੀਆਂ ਫੜੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਇਹਨਾਂ ਰੇਹੜੀਆਂ ਫੜੀਆਂ ਉਪਰ ਵੇਚੇ ਜਾ ਰਹੇ ਸਾਮਾਨ ਦੇ ਮਿਆਰ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਕਰਕੇ ਇਹਨਾਂ ਲੋਕਾਂ ਦਾ ਇਹ ਧੰਧਾ ਬੇਰੋਕਟੋਕ ਚਲਦਾ ਰਹਿੰਦਾ ਹੈ| ਸਿਹਤ ਵਿਭਾਗ ਵਲੋਂ ਤਿਉਹਾਰਾਂ ਮੌਕੇ ਥੋੜ੍ਹੀ ਬਹੁਤ ਕਾਰਵਾਈ ਜਰੂਰ ਹੁੰਦੀ ਹੈ ਅਤੇ ਕੁੱਝ ਦੁਕਾਨਾਂ ਦੇ ਸੈਂਪਲ ਵੀ ਭਰੇ ਜਾਂਦੇ ਹਨ ਪਰੰਤੂ ਇਹ ਕਾਰਵਾਈ ਵੀ ਛੇਤੀ ਹੀ ਬੰਦ ਹੋ ਜਾਂਦੀ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਇਹ ਅਮਲ ਲਗਾਤਾਰ ਜਾਰੀ ਰਹਿੰਦਾ ਹੈ| 
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸ਼ਹਿਰ ਵਿੱਚ ਇਸ ਤਰੀਕੇ ਨਾਲ ਗੈਰਮਿਆਰੀ, ਨਕਲੀ, ਮਿਲਾਵਟੀ ਚੀਜਾਂ                 ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ| ਇਸ ਸੰਬੰਧੀ ਸਿਹਤ ਵਿਭਾਗ ਵਲੋਂ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਹਨਾਂ ਵਲੋਂ ਪੂਰਾ ਸਾਲ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ, ਕਟੇ ਤੇ ਵੱਧ ਪਕੇ ਹੋਏ ਫਲ ਵੇਚਣ ਵਾਲਿਆਂ ਦੇ ਸਾਮਾਨ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਸਾਮਾਨ ਵੇਚਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਹਨਾਂ ਦੁਕਾਨਦਾਰਾਂ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ| 

Leave a Reply

Your email address will not be published. Required fields are marked *