ਖਾਣ ਪੀਣ ਦੀਆਂ ਗੈਰਮਿਆਰੀ ਵਸਤਾਂ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਏ ਡੀ ਸੀ ਮਾਨ

ਖਾਣ ਪੀਣ ਦੀਆਂ ਗੈਰਮਿਆਰੀ ਵਸਤਾਂ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਏ ਡੀ ਸੀ ਮਾਨ
ਤਿਉਹਾਰਾਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਮਠਿਆਈਆਂ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨਾਲ ਮੀਟਿੰਗ
ਐਸ ਏ ਐਸ ਨਗਰ, 14 ਸਤੰਬਰ (ਸ.ਬ.) ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਖਾਣ ਪੀਣ ਵਾਲੀਆਂ ਵਸਤਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ| ਇਹ ਗੱਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ ਚਰਨਦੇਵ ਸਿੰਘ ਮਾਨ ਨੇ ਤਿਉਹਾਰਾਂ ਦੇ ਮੱਦੇਨਜ਼ਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਸ ਏਐਸ ਨਗਰ ਵਿਚਲੀਆਂ ਮਠਿਆਈਆਂ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ| ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਸ੍ਰੀ ਆਰ ਐਸ ਕੰਗ ਵੀ ਹਾਜ਼ਰ ਸਨ|
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੀ ਸਿਰਜਣਾ ਤਾਂ ਹੀ ਹੋਵੇਗੀ ਜੇ ਸਾਫ ਸੁਥਰਾ ਖਾਣਾ ਬਣਾਇਆ ਜਾਵੇਗਾ ਅਤੇ ਸਾਫ ਸੁਥਰਾ ਖਾਣਾ ਹੀ ਖਾਦਾ ਜਾਵੇਗਾ| ਉਨ੍ਹਾਂ ਕਿਹਾ ਕਿ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕ ਇਹ ਕੋਸ਼ਿਸ਼ ਕਰਨ ਕਿ ਖੋਆ ਖੁਦ ਹੀ ਤਿਆਰ ਕੀਤਾ ਜਾਵੇ ਅਤੇ ਇਸ ਸਬੰਧੀ ਮਿਆਰੀ ਦੁੱਧ ਦੀ ਹੀ ਵਰਤੋਂ ਕੀਤੀ ਜਾਵੇ| ਪਨੀਰ ਬਣਾਉਣ ਲਈ ਕੇਵਲ ਪ੍ਰਵਾਨਿਤ ਸਮੱਗਰੀ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਮਠਿਆਈਆਂ ਵਿਚ ਕਿਸੇ ਵੀ ਕਿਸਮ ਦੇ ਹਾਨੀਕਾਰਕ ਰੰਗਾਂ ਦੀ ਵਰਤੋਂ ਨਾ ਕੀਤੀ ਜਾਵੇ| ਇਸ ਦੇ ਨਾਲ ਨਾਲ ਲਾਇਸੈਂਸ ਸਮੇਤ ਸਾਰੇ ਕਾਗਜ਼ਾਤ ਪੂਰੇ ਰੱਖੇ ਜਾਣ| ਉਨ੍ਹਾਂ ਕਿਹਾ ਕਿ ਜੇ ਕੋਈ ਮਾੜੀ ਸਮੱਗਰੀ ਸਪਲਾਈ ਕਰਦਾ ਹੈ ਜਾਂ ਖਾਣ ਪੀਣ ਵਾਲੀਆਂ ਗੈਰ ਮਿਆਰੀ ਵਸਤਾਂ ਵੇਚਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ|
ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਦੁਕਾਨਾਂ ਅਤੇ ਰੈਸਟੋਰੈਟਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਖਾਣਪੀਣ ਲਈ ਮਿਆਰੀ ਵਸਤਾਂ ਹੀ ਮਿਲਣ| ਉਨ੍ਹਾਂ ਕਿਹਾ ਕਿ ਜੇਕਰ ਮਠਿਆਈਆਂ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਬੇਝਿਜਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ| ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਸ੍ਰੀ ਆਰ ਐਸ ਕੰਗ ਨੇ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਕਿਹਾ ਕਿ ਉਹ ਦੁੱਧ ਅਤੇ ਹੋਰ ਸਮੱਗਰੀ ਦੇ ਸਪਲਾਇਰ ਜਾਂ ਜਿਥੋਂ ਉਹ ਇਹ ਚੀਜ਼ਾਂ ਪ੍ਰਾਪਤ ਕਰਦੇ ਹਨ , ਦੇ ਵੇਰਵੇ ਆਪਣੀਆਂ ਦੁਕਾਨਾਂ ਵਿਚ ਢੁੱਕਵੀਂ ਥਾਂ ਡਿਸਪਲੇਅ ਕਰਨ| ਇਸ ਨਾਲ ਜਿਥੇ ਖਾਣਪੀਣ ਦੀਆਂ ਚੀਜ਼ਾਂ ਦਾ ਮਿਆਰੀ ਹੋਣਾ ਯਕੀਨੀ ਬਣਾਇਆ ਜਾ ਸਕੇਗਾ, ਉਥੇ ਲੋਕਾਂ ਵਿਚ ਵੀ ਸਬੰਧਤ ਦੁਕਾਨ ਜਾਂ ਰੈਸਟੋਰੈਂਟ ਲਈ ਭਰੋਸਾ ਵਧੇਗਾ ਤੇ ਅੰਤ ਨੂੰ ਇਸ ਦਾ ਸਭ ਤੋਂ ਵੱਧ ਲਾਭ ਦੁਕਾਨਾਂ ਜਾਂ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਹੀ ਹੋਵੇਗਾ|ਉਨ੍ਹਾਂ ਕਿਹਾ ਕਿ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਕਾਮਿਆਂ ਨੂੰ ਲੋੜੀਂਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਦੀ ਸਿਹਤ ਦੀ ਨਿਯਮਿਤ ਤੌਰ ਤੇ ਜਾਂਚ ਵੀ ਕਰਵਾਈ ਜਾਵੇ|

Leave a Reply

Your email address will not be published. Required fields are marked *