ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ ਲਈ ਸਿਖਲਾਈ ਪ੍ਰੋਗਰਾਮ 15 ਮਾਰਚ ਤੋਂ

ਐਸ ਏ ਐਸ ਨਗਰ, 14 ਮਾਰਚ (ਸ.ਬ. ) ਖਾਣ-ਪੀਣ ਦੀਆਂ ਚੀਜ਼ਾਂ ਦਾ ਮਿਆਰ ਯਕੀਨੀ ਬਣਾਉਣ ਹਿੱਤ ਕਾਰੋਬਾਰੀਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ| ਇਸ ਪ੍ਰੋਗਰਾਮ ਦਾ ਮੰਤਵ ਜਿਥੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣਾ ਹੈ, ਉਥੇ ਇਹ ਚੀਜ਼ਾਂ ਬਣਾਉਣ, ਵੰਡਣ ਅਤੇ ਵੇਚਣ ਸਮੇਂ ਸਾਫ਼-ਸਫ਼ਾਈ ਦਾ ਵੀ ਪੂਰਾ ਖ਼ਿਆਲ ਰੱਖਣ ਲਈ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਹੈ| ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ (ਫ਼ੂਡ ਬਿਜ਼ਨਸ ਆਪ੍ਰੇਟਰ) ਜਾਂ ਉਨ੍ਹਾਂ ਦੇ ਮੁਲਾਜ਼ਮਾਂ ਲਈ 15 ਮਾਰਚ ਤੋਂ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਹਿਲੇ ਦਿਨ ਲਾਲੜੂ ਵਿਖੇ ਸਿਖਲਾਈ ਦਿਤੀ ਜਾਵੇਗੀ ਅਤੇ ਅਗਲੇ ਦਿਨਾਂ ਦੌਰਾਨ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਕੀਤੇ ਜਾਣਗੇ|
ਉਨ੍ਹਾਂ ਦਸਿਆ ਕਿ ਇਹ ਪ੍ਰੋਗਰਾਮ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਦੀਆਂ ਹਦਾਇਤਾਂ ਤੇ ਉਲੀਕਿਆ ਗਿਆ ਹੈ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਫ਼ੂਡ ਸੇਫ਼ਟੀ ਅਫ਼ਸਰ ਵਲੋਂ ਮਾਹਰ ਸਿਖਲਾਈ ਟੀਮਾਂ ਨਾਲ ਮਿਲ ਕੇ ਸਿਖਲਾਈ ਦਿਤੀ ਜਾਵੇਗੀ| ਸਿਖਲਾਈ ਪ੍ਰੋਗਰਾਮ ਵਿਚ ਕਾਰੋਬਾਰੀਆਂ ਨੂੰ ਜਿਥੇ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਤੇ ਇਸ ਦੇ ਨਿਯਮਾਂ ਤੋਂ ਵਾਕਫ਼ ਕਰਾਇਆ ਜਾਵੇਗਾ, ਉਥੇ ਖਾਧ ਪਦਾਰਥ ਤਿਆਰ ਕਰਨ ਤੋਂ ਵੇਚਣ ਤਕ ਦੇ ਸਮੁੱਚੇ ਅਮਲ ਦੌਰਾਨ ਵਰਕਰਾਂ ਦੀ ਨਿਜੀ ਸਫ਼ਾਈ, ਅਦਾਰੇ ਜਾਂ ਦੁਕਾਨ ਦੀਆਂ ਕੰਮ ਵਾਲੀਆਂ ਥਾਵਾਂ ਦੀ ਸਾਫ਼-ਸਫ਼ਾਈ ਅਤੇ ਖਾਧ ਪਦਾਰਥਾਂ ਦਾ ਮਿਆਰ ਕਾਇਮ ਰੱਖਣ ਬਾਰੇ ਜਾਗਰੂਕ ਕੀਤਾ ਜਾਵੇਗਾ| ਉਨ੍ਹਾਂ ਦਸਿਆ ਕਿ ਸਿਖਲਾਈ ਪ੍ਰੋਗਰਾਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵਲੋਂ ਪ੍ਰਵਾਨਤ ਫ਼ੂਡ ਬਿਜ਼ਨਸ ਟਰੇਨਿੰਗ ਪਾਰਟਰ ਜੀ ਐਂਡ ਜੀ ਸਕਿੱਲਜ਼ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦਾ ਸਹਿਯੋਗ ਲਿਆ ਜਾ ਰਿਹਾ ਹੈ| ਇਹ ਕੰਪਨੀ ਸਿਖਲਾਈ ਦੇਣ ਲਈ ਵੱਡੇ ਕਾਰੋਬਾਰੀਆਂ ਕੋਲੋਂ 600 ਰੁਪਏ ਜਮ੍ਹਾਂ ਜੀਐਸਟੀ ਦੀ ਫ਼ੀਸ ਲਵੇਗੀ ਜਦਕਿ ਰੇਹੜੀਆਂ ਉਤੇ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਮੁਫ਼ਤ ਸਿਖਲਾਈ ਦਿਤੀ ਜਾਵੇਗੀ| ਟਰੇਨਿੰਗ ਮਗਰੋਂ ਐਫ਼ਐਸਐਸਏਆਈ ਵਲੋਂ ਪ੍ਰਵਾਨਿਤ ਸਰਟੀਫ਼ੀਕੇਟ ਵੀ ਦਿੱਤਾ ਜਾਵੇਗਾ|

Leave a Reply

Your email address will not be published. Required fields are marked *