ਖਾਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਦਾ ਬਾਈਕਾਟ ਕੀਤਾ ਜਾਵੇ: ਗਰਚਾ

ਖਰੜ, 21 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਤਹਿਤ ਸ਼ੁਰੂ ਕੀਤੇ ਅਭਿਆਨ ਉਪਰੰਤ ਖਾਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਅਤੇ ਨਕਲੀ ਦੁੱਧ, ਦਹੀਂ, ਪਨੀਰ ਬਣਾਉਣ ਵਾਲੇ ਪਕੜ ਵਿੱਚ ਆ ਰਹੇ ਮਿਲਾਵਟਖੋਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਇਹ ਵਿਚਾਰ ਖਰੜ ਵਿਖੇ ਆਪਣੇ ਸਮਰਥਕਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ|
ਬੀਬੀ ਗਰਚਾ ਨੇ ਕਿਹਾ ਕਿ ਖਾਣ ਵਾਲੀਆਂ ਨਕਲੀ ਚੀਜ਼ਾਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰ ਇਨਸਾਨੀਅਤ ਦੇ ਦੁਸ਼ਮਣ ਹਨ ਅਤੇ ਅਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ| ਤਿਉਹਾਰਾਂ ਦੇ ਦਿਨਾਂ ਵਿੱਚ ਇਹ ਮਿਲਾਵਟਖੋਰ ਦੁੱਧ ਪਦਾਰਥਾਂ ਵਿੱਚ ਕੈਮੀਕਲ ਅਤੇ ਹੋਰ ਭਿਆਨਕ ਚੀਜ਼ਾਂ ਮਿਲਾਵਟ ਕਰਕੇ ਆਪਣੀਆਂ ਜੇਬਾਂ ਭਰਨ ਵਿੱਚ ਮਸ਼ਰੂਫ ਹੁੰਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਧਰੇ ਵੀ ਕੋਈ ਮਿਲਾਵਟ ਕਰਨ ਵਾਲੀ ਕੰਪਨੀ, ਹੋਟਲ ਜਾਂ ਸਟੋਰ ਗੋਦਾਮ ਆਦਿ ਬਾਰੇ ਸੂਚਨਾ ਮਿਲੇ, ਤਾਂ ਪੁਲੀਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਜ਼ਰੂਰ ਲਿਆਉਣ ਤਾਂ ਜੋ ਅਜਿਹੇ ਮਿਲਾਵਟਖੋਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਿਆ ਜਾ ਸਕੇ|
ਇਸ ਮੌਕੇ ਹਰਜੀਤ ਸਿੰਘ ਗੰਜਾ, ਅਸ਼ੋਕ ਕੋਹਲੀ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ ਢਿੱਲੋਂ, ਬਿੱਟੂ ਪੜੌਲ, ਗੁਰਦੀਪ ਕੌਰ ਸਾਬਕਾ ਐਮ.ਸੀ., ਟਿੰਕੂ ਜਕੜਮਾਜਰਾ, ਅਮਨਦੀਪ ਸਿੰਘ ਖਰੜ, ਰਵਿੰਦਰ ਸਿੰਘ ਬਡਾਲਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *