ਖਾਨਪੁਰ ਵਾਸੀਆਂ ਵਲੋਂ ਕੂੜੇ ਤੋਂ ਖਾਦ ਬਣਾਉਣ ਵਾਲੇ ਪ੍ਰੌਜੈਕਟ ਨੂੰ ਤਬਦੀਲ ਕਰਕੇ ਜਿੰਮ ਬਣਾਉਣ ਦੀ ਮੰਗ
ਖਰੜ, 3 ਦਸੰਬਰ (ਸ਼ਮਿੰਦਰ ਸਿੰਘ) ਖਾਨਪੁਰ ਵਾਸੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਖਾਨਪੁਰ ਵਿੱਚ ਖਾਦ ਬਣਾਉਣ ਵਾਲੇ ਪ੍ਰੌਜੈਕਟ ਨੂੰ ਤਬਦੀਲ ਕਰਕੇ ਉਥੇ ਜਿੰਮ ਬਣਾਇਆ ਜਾਵੇ| ਇਸ ਸੰਬੰਧੀ ਵਸਨੀਕਾਂ ਵਲੋਂ ਜਨ ਹਿੱਤ ਵਿਕਾਸ ਕਮੇਟੀ ਖਰੜ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਜਨਰਲ ਸਕੱਤਰ ਦਵਿੰਦਰ ਕਂੌਸ਼ਲ ਨੇ ਐਸ ਡੀ ਐਮ ਖਰੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ|
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਗਰ ਕਂੌਸਲ ਖਰੜ ਵਲੋਂ ਪਿੰਡ ਖਾਣਪੁਰ ਦੇ ਵਸਨੀਕਾਂ ਨੂੰ ਭਰੋਸੇ ਵਿਚ ਲਏ ਬਿਨਾਂ ਖਾਨਪੁਰ ਦੇ ਖੇਡ ਮੈਦਾਨ ਵਿੱਚ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਜੈਕਟ ਲਗਾ ਦਿਤਾ ਗਿਆ ਹੈ ਅਤੇ ਸ਼ੈਡ ਪਾ ਦਿਤਾ ਗਿਆ ਹੈ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ| ਇਸ ਮੈਦਾਨ ਨੂੰ ਪਿੰਡ ਵਾਸੀਆਂ ਨੇ ਮਿੱਟੀ ਪਾ ਕੇ ਬੱਚਿਆਂ ਦੇ ਖੇਡਣ ਲਈ ਤਿਆਰ ਕੀਤਾ ਸੀ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਇਸ ਖੇਡ ਮੈਦਾਨ ਵਿਚੋਂ ਕੂੜੇ ਤੋਂ ਖਾਦ ਬਣਾਉਣ ਦਾ ਪ੍ਰੈਜੈਕਟ ਕਿਸੇ ਹੋਰ ਥਾਂ ਤਬਦੀਲ ਕਰਕੇ ਇਥੇ ਜਿੰਮ ਬਣਾਇਆ ਜਾਵੇ|
ਇਸ ਸਬੰਧੀ ਖਰੜ ਦੇ ਐਸ ਡੀ ਐਮ ਸ੍ਰੀ ਹਿੰਮਾਸੂ ਜੈਨ ਨੇ ਕਿਹਾ ਕਿ ਜਨ ਹਿੱਤ ਵਿਕਾਸ ਕਮੇਟੀ ਵਲੋਂ ਜਿਸ ਥਾਂ ਤੇ ਕੂੜੇ ਤੋਂ ਖਾਦ ਬਣਾਉਣ ਦਾ ਪ੍ਰੌਜੈਕਟ ਲਾਏ ਜਾਣ ਦੀ ਗਲ ਕਹੀ ਜਾ ਰਹੀ ਹੈ, ਉਥੇ ਅਜਿਹਾ ਕੋਈ ਪ੍ਰੋਜੈਕਟ ਨਹੀਂ ਲਗਾਇਆ ਗਿਆ ਅਤੇ ਨਾ ਲਗਾਇਆ ਜਾਵੇਗਾ| ਉਹਨਾਂ ਕਿਹਾ ਕਿ ਉਸ ਥਾਂ ਵਿਚ ਨਗਰ ਕਂੌਸਲ ਦਾ ਦਫਤਰ ਹੈ ਅਤੇ ਉਥੇ ਡੰਪਿੰਗ ਗਰਾਉਂਡ ਜਾਂ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਜੈਕਟ ਕਿਸ ਤਰਾਂ ਲਗਾਇਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਕੋਸ਼ਿਸ ਹੈ ਕਿ ਸ਼ਹਿਰ ਤੋਂ ਬਾਹਰ ਡੰਪਿੰਗ ਗਰਾਉਂਡ ਬਣਾਇਆ ਜਾਵੇ ਅਤੇ ਸਬੰਧਿਤ ਮੈਦਾਨ ਵਿਚ ਜੋ ਕੂੜਾ ਪਿਆ ਹੈ, ਉਹ ਚੁਕਵਾ ਦਿੱਤਾ ਜਾਵੇਗਾ|