ਖਾੜੀ ਦੇਸ਼ਾਂ ਵਿੱਚ ਕਮਾਈ ਲਈ ਗਏ ਭਾਰਤੀਆਂ ਨੂੰ ਕਰਨਾ ਪੈਂਦਾ ਹੈ ਮੁਸ਼ਕਿਲ ਹਾਲਾਤਾਂ ਵਿੱਚ ਕੰਮ

ਖਾੜੀ ਦੇਸ਼ਾਂ ਵਿੱਚ ਕਮਾਉਣ ਗਏ ਹਿੰਦੁਸਤਾਨੀ ਉੱਥੋਂ ਆਪਣੀ ਕਮਾਈ ਦਾ ਜੋ ਹਿੱਸਾ ਘਰ ਭੇਜਦੇ ਹਨ, ਉਸ ਦੀ ਚਰਚਾ ਹਮੇਸ਼ਾ ਹੁੰਦੀ ਹੈ| ਪਰ ਇਸਦੀ ਜੋ ਕੀਮਤ ਉਨ੍ਹਾਂ ਨੂੰ ਚੁਕਾਉਣੀ ਪੈਂਦੀ ਹੈ, ਉਸ ਉੱਤੇ ਆਮ ਤੌਰ ਤੇ ਕਿਸੇ ਦਾ ਧਿਆਨ ਨਹੀਂ ਜਾਂਦਾ| ਹਾਲ ਹੀ ਵਿੱਚ ਆਰਟੀਆਈ ਦੇ ਤਹਿਤ ਹਾਸਿਲ ਕੀਤੀਆਂ ਗਈਆਂ ਸੂਚਨਾਵਾਂ ਦੇ ਵਿਸ਼ਲੇਸ਼ਣ ਨਾਲ ਜੋ ਚਿੱਤਰ ਸਾਹਮਣੇ ਆ ਰਿਹਾ ਹੈ, ਉਹ ਦਿਲ ਦਹਿਲਾਉਣ ਵਾਲਾ ਹੈ| ਉੱਥੋਂ ਆਉਣ ਵਾਲੇ ਹਰ ਇੱਕ ਅਰਬ ਡਾਲਰ ਦੀ ਏਵਜ ਵਿੱਚ ਔਸਤਨ 117 ਭਾਰਤੀਆਂ ਦੀ ਜਾਨ ਜਾਂਦੀ ਹੈ| ਕਾਮਨਵੈਲਥ ਹਿਊਮਨ ਰਾਇਟਸ ਇਨੀਸ਼ਿਏਟਿਵ (ਸੀ ਐਚ ਆਈ) ਨੇ ਵਿਸ਼ੇਸ਼ ਯਤਨਾਂ ਰਾਹੀਂ ਬਹਿਰੀਨ, ਓਮਾਨ, ਕਤਰ, ਕੁਵੈਤ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਪਿਛਲੇ ਸਾਢੇ ਛੇ ਸਾਲਾਂ ਵਿੱਚ ਹੋਈਆਂ ਭਾਰਤੀਆਂ ਦੀਆਂ ਮੌਤਾਂ ਅਤੇ ਉਨ੍ਹਾਂ ਵੱਲੋਂ ਭੇਜੀ ਗਈ ਰਕਮ ਦੇ ਅੰਕੜੇ ਇਕੱਠੇ ਕੀਤੇ ਅਤੇ ਦੋਵਾਂ ਨੂੰ ਨਾਲ ਰੱਖ ਕੇ ਉਨ੍ਹਾਂ ਦਾ ਅਧਿਐਨ ਕੀਤਾ| ਇਹਨਾਂ ਛੇ ਦੇਸ਼ਾਂ ਦੀ ਅਹਿਮੀਅਤ ਇਸ ਮਾਇਨੇ ਵਿੱਚ ਹੈ ਕਿ ਇੱਥੋਂ ਸਭ ਤੋਂ ਜ਼ਿਆਦਾ ਰਕਮ ਭਾਰਤ ਭੇਜੀ ਜਾਂਦੀ ਹੈ| ਦੁਨੀਆ ਭਰ ਵਿੱਚ ਫੈਲੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਤਿੰਨ ਕਰੋੜ ਤੋਂ ਵੀ ਜ਼ਿਆਦਾ ਹੈ, ਜਿਨ੍ਹਾਂ ਵਿਚੋਂ ਲਗਭਗ 90 ਲੱਖ ਖਾੜੀ ਦੇ ਦੇਸ਼ਾਂ ਵਿੱਚ ਰਹਿੰਦੇ ਹਨ| ਜਿੱਥੇ ਤੱਕ ਬਾਹਰੋਂ ਭੇਜੀ ਜਾਣ ਵਾਲੀ ਰਕਮ ਦਾ ਸਵਾਲ ਹੈ ਤਾਂ ਸੰਨ 2012 ਤੋਂ 2017 ਦੇ ਵਿਚਾਲੇ ਪੂਰੀ ਦੁਨੀਆ ਤੋਂ ਆਈ ਰਾਸ਼ੀ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਇਨ੍ਹਾਂ ਛੇ ਦੇਸ਼ਾਂ ਤੋਂ ਆਇਆ ਹੈ|
ਇਹਨਾਂ ਪੰਜ ਸਾਲਾਂ ਵਿੱਚ ਪੂਰੀ ਦੁਨੀਆ ਤੋਂ 410.33 ਅਰਬ ਡਾਲਰ ਦੀ ਰਕਮ ਭਾਰਤੀਆਂ ਨੇ ਆਪਣੇ ਦੇਸ਼ ਭੇਜੀ, ਜਿਸ ਵਿਚੋਂ 209.07 ਅਰਬ ਡਾਲਰ ਇਹਨਾਂ ਖਾੜੀ ਦੇਸ਼ਾਂ ਤੋਂ ਭੇਜੇ ਗਏ ਸਨ| ਪਰ ਇਸ ਮਿਆਦ ਵਿੱਚ ਇਹਨਾਂ ਛੇ ਦੇਸ਼ਾਂ ਵਿੱਚ 24,570 ਭਾਰਤੀ ਮਜਦੂਰਾਂ ਦੀ ਮੌਤ ਵੀ ਹੋਈ| ਮਤਲਬ ਇਹਨਾਂ ਦੇਸ਼ਾਂ ਵਿੱਚ ਹਰ ਦਿਨ ਔਸਤਨ 10 ਭਾਰਤੀ ਦੁਰਘਟਨਾਵਾਂ ਵਿੱਚ ਜਾਂ ਅਚਾਨਕ ਬਿਮਾਰੀਆਂ ਨਾਲ ਮਰਦੇ ਰਹੇ| ਇਹਨਾਂ ਵਿਚੋਂ ਜਿਆਦਾਤਰ ਮੌਤਾਂ ਸੁਭਾਵਿਕ ਨਹੀਂ ਹਨ|
ਰੋਜੀ – ਰੋਟੀ ਦੀ ਤਲਾਸ਼ ਵਿੱਚ ਖਾੜੀ ਦੇਸ਼ਾਂ ਦਾ ਰੁਖ਼ ਕਰਨ ਵਾਲੇ ਭਾਰਤੀ ਮਜਦੂਰਾਂ ਨੂੰ ਉੱਥੇ ਬੇਹੱਦ ਮੁਸ਼ਕਿਲ ਅਤੇ ਅਪਮਾਨਜਨਕ ਹਲਾਤਾਂ ਵਿੱਚ ਕੰਮ ਕਰਨਾ ਪੈਂਦਾ ਹੈ| ਇੱਕ ਰਿਪੋਰਟ ਦੇ ਮੁਤਾਬਕ ਸੰਯੁਕਤ ਅਰਬ ਅਮੀਰਾਤ ਵਿੱਚ 2017 ਵਿੱਚ 339 ਭਾਰਤੀ ਮਜਦੂਰਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ 65 ਫੀਸਦੀ 45 ਸਾਲ ਤੋਂ ਘੱਟ ਉਮਰ ਦੇ ਸਨ| ਜਿਆਦਾਤਰ ਮੌਤਾਂ ਲੂ ਲੱਗਣ ਜਾਂ ਦਿਲ ਦਾ ਦੌਰਾ ਪੈਣ ਨਾਲ ਹੋਈਆਂ ਸਨ| ਅਜੋਕੇ ਦੌਰ ਵਿੱਚ ਜਦੋਂ ਅਸੀਂ ਪੂਰੀ ਦੁਨੀਆ ਵਿੱਚ ਭਾਰਤ ਦਾ ਡੰਕਾ ਵੱਜਣ ਅਤੇ ਭਾਰਤੀਆਂ ਦੀ ਇੱਜਤ ਵੱਧ ਜਾਣ ਦੀ ਗੱਲ ਕਰਦੇ ਹਾਂ ਉਦੋਂ ਆਪਣੀ ਮਿਹਨਤ ਨਾਲ ਦੋ ਦੇਸ਼ਾਂ ਦੇ ਵਿਕਾਸ ਨੂੰ ਰਫ਼ਤਾਰ ਦੇਣ ਵਾਲੇ ਭਾਰਤੀ ਇਸ ਤਰ੍ਹਾਂ ਬੇਮੌਤ ਮਾਰੇ ਜਾਣ, ਇਹ ਗੱਲ ਕਿਸੇ ਵੀ ਹਾਲਤ ਵਿੱਚ ਗਲੇ ਤੋਂ ਉਤਰਨ ਲਾਇਕ ਨਹੀਂ ਹੈ| ਸੱਚ ਹੈ ਕਿ ਖਾੜੀ ਦੇਸ਼ਾਂ ਦਾ ਰੁਖ਼ ਕਰਨ ਵਾਲੇ ਜਿਆਦਾਤਰ ਭਾਰਤੀ ਕਿਰਤ- ਮਜਦੂਰੀ ਕਰਨ ਵਾਲੇ ਲੋਕ ਹੁੰਦੇ ਹਨ| ਕੰਮਕਾਜ ਦਾ ਉਹੋ ਜਿਹਾ ਮਾਹੌਲ ਉਨ੍ਹਾਂ ਨੂੰ ਨਹੀਂ ਮਿਲ ਸਕਦਾ, ਜਿਹੋ ਜਿਹਾ ਡਾਕਟਰ-ਇੰਜੀਨੀਅਰ ਜਾਂ ਸਕਿਲਡ ਲੇਬਰ ਨੂੰ ਮਿਲਦਾ ਹੈ| ਪਰ ਆਖਿਰ ਉਹ ਭਾਰਤ ਦੇ ਨਾਗਰਿਕ ਹਨ ਅਤੇ ਸਾਡੇ ਲਈ ਉਨ੍ਹਾਂ ਦਾ ਜੀਵਨ ਵੀ ਬੇਸ਼ਕੀਮਤੀ ਹੈ| ਇਹ ਗੱਲ ਪੂਰੀ ਦੁਨੀਆ ਨੂੰ ਸਮਝਾਉਣ ਦੀ ਪਹਿਲੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ| ਉਸਨੂੰ ਹੀ ਯਕੀਨੀ ਕਰਨਾ ਪਵੇਗਾ ਕਿ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਇਹਨਾਂ ਭਾਰਤੀਆਂ ਦਾ ਗਰਿਮਾਪੂਰਣ ਜੀਵਨ ਗੁਜ਼ਾਰਨ ਦਾ ਸੰਵਿਧਾਨਕ ਅਧਿਕਾਰ ਬੇਮਾਨੀ ਹੋ ਕੇ ਨਾ ਰਹਿ ਜਾਵੇ|
ਰੰਜਨ ਸ਼ਾਹ

Leave a Reply

Your email address will not be published. Required fields are marked *