ਖਿਡਾਰੀਆਂ ਤੇ ਕੋਰੋਨਾ ਦੇ ਡਰ ਦਾ ਪ੍ਰਭਾਵ

ਕੋਰੋਨਾ ਦਾ ਕਹਿਰ ਅਜੇ ਖਤਮ ਤਾਂ ਨਹੀਂ ਹੋਇਆ ਹੈ, ਪਰ ਚੀਜਾਂ ਹੌਲੀ-ਹੌਲੀ ਪਟਰੀ ਤੇ ਆਉਣੀਆਂ ਸ਼ੁਰੂ ਹੋ ਗਈਆਂ ਹਨ| ਕੁੱਝ ਦੇਸ਼ਾਂ ਵਿੱਚ ਖੇਡ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਹਨ| ਜਿਨ੍ਹਾਂ ਦੇਸ਼ਾਂ ਵਿੱਚ ਖਿਡਾਰੀ ਮੈਦਾਨ ਤੇ ਪਰਤ ਆਏ ਹਨ, ਉੱਥੇ ਕਾਫੀ ਸਾਵਧਾਨੀ ਵਰਤੀ ਜਾ ਰਹੀ ਹੈ| ਕਿਤੇ-ਕਿਤੇ ਦਰਸ਼ਕਾਂ ਦੀ ਮੰਜੂਰੀ ਮਿਲੀ ਹੈ, ਪਰ ਖਿਡਾਰੀਆਂ ਦੇ ਅੰਦਰ ਅਜੇ ਵੀ ਡਰ ਬਣਿਆ ਹੋਇਆ ਹੈ| ਕਈ ਖਿਡਾਰੀ ਹਨ ਜੋ ਹੁਣੇ ਮੈਦਾਨ ਤੇ ਪਰਤਣਾ ਨਹੀਂ ਚਾਹੁੰਦੇ ਹਨ| ਇਹਨਾਂ ਵਿੱਚ ਕੁੱਝ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕ                ਸਟੇਡੀਅਮ ਤੱਕ ਖਿੱਚੇ ਚਲੇ ਆਉਂਦੇ ਹਨ| 
ਇੰਗਲੈਂਡ ਅਤੇ ਵੈਸਟਇੰਡੀਜ ਦੇ ਵਿੱਚ ਹਾਲ ਦੀ ਸਪੰਨ ਟੈਸਟ ਸੀਰੀਜ ਨਾਲ ਕੋਰੋਨਾ ਕਾਲ ਵਿੱਚ ਇੰਟਰਨੈਸ਼ਨਲ ਕ੍ਰਿਕੇਟ ਦੀ ਇੱਕ ਵਾਰ ਫਿਰ ਤੋਂ ਵਾਪਸੀ ਹੋਈ ਹੈ| ਇਸ ਸੀਰੀਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੈਸਟਇੰਡੀਜ ਟੀਮ ਦੇ ਪੰਜ ਮੁੱਖ ਖਿਡਾਰੀਆਂ ਨੇ ਕੋਰੋਨਾ ਦੇ ਡਰ ਨਾਲ ਦੌਰਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ| ਉਮੀਦ ਸੀ ਕਿ ਸੀਰੀਜ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਘੱਟ ਤੋਂ ਘੱਟ ਕ੍ਰਿਕੇਟਰਾਂ ਵਿੱਚ ਕੋਰੋਨਾ ਦਾ ਡਰ ਖਤਮ ਹੋਵੇਗਾ ਅਤੇ ਉਹ ਗਰਾਉਂਡ ਤੇ ਬਿਨ੍ਹਾਂ ਕਿਸੇ ਡਰ ਤੋਂ ਉਤਰਣਗੇ, ਪਰ ਅਜਿਹਾ ਨਹੀਂ ਹੋਇਆ| ਆਸਟ੍ਰੇਲਿਆਈ           ਕ੍ਰਿਕੇਟ ਟੀਮ ਦੇ ਓਪਨਰ ਡੇਵਿਡ ਵਾਰਨਰ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਕੋਵਿਡ-19 ਦੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਕ੍ਰਿਕੇਟਰ  ਦੇ ਤੌਰ ਤੇ ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਲੈ ਕੇ ਮੁੜਵਿਚਾਰ ਕਰਨਾ ਪਵੇਗਾ| ਵਾਰਨਰ ਨੇ ਅਜਿਹਾ ਇਸ ਲਈ ਕਿਹਾ ਕਿ ਖਿਡਾਰੀਆਂ ਨੂੰ ਆਈਸੋਲੇਸ਼ਨ ਦੀਆਂ ਸਖਤ ਸ਼ਰਤਾਂ ਪੂਰੀਆਂ ਕਰਣ ਲਈ ਅਜੇ ਆਪਣੇ ਪਰਿਵਾਰ ਤੋਂ ਬਿਨਾਂ ਯਾਤਰਾ ਕਰਨੀ ਹੁੰਦੀ ਹੈ| ਵਾਰਨਰ ਨਹੀਂ ਚਾਹੁੰਦੇ ਕਿ ਇਸ ਮੁਸ਼ਕਿਲ ਘੜੀ ਵਿੱਚ ਉਹ ਪਰਿਵਾਰ ਤੋਂ ਵੱਖ ਰਹਿਣ|
ਕੁੱਝ ਇਹੀ ਹਾਲ ਦੁਨੀਆ ਦੀ ਨੰਬਰ ਵਨ ਮਹਿਲਾ ਟੈਨਿਸ ਖਿਡਾਰੀ ਆਸਟਰੇਲਿਆ ਦੀ ਐਸ਼ ਬਾਟ੍ਰੀ ਦਾ ਹੈ| ਬਾਟ੍ਰੀ ਨੇ ਵੀ ਯੂਐਸ ਓਪਨ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ| ਬਾਟ੍ਰੀ ਦਾ ਕਹਿਣਾ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਉਹ ਯਾਤਰਾ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀ| ਬਾਟ੍ਰੀ ਤੋਂ ਬਾਅਦ ਨਿਕ ਕਿਗ੍ਰਿਓਸ ਅਤੇ ਫਿਰ ਰਾਫੇਲ ਨਡਾਲ ਵਰਗੇ ਦਿੱਗਜਾਂ ਨੇ ਟੂਰਨਾਮੈਂਟ ਤੋਂ ਨਾਮ ਵਾਪਿਸ ਲੈ ਕੇ ਆਯੋਜਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ| ਹਾਲਾਂਕਿ ਦੁਨੀਆ ਦੇ ਸਾਬਕਾ ਨੰਬਰ ਵਨ ਟੈਨਿਸ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਬਾਟ੍ਰੀ ਦੇ ਨਾਮ ਵਾਪਿਸ ਲੈਣ ਤੋਂ ਬਾਅਦ ਹੀ ਸੰਕੇਤ ਦੇ ਦਿੱਤੇ ਸਨ ਕਿ ਕਈ ਹੋਰ ਦਿੱਗਜ ਟੂਰਨਾਮੈਂਟ ਤੋਂ ਨਾਮ ਵਾਪਿਸ ਲੈਣਗੇ, ਜੋ ਠੀਕ ਸਾਬਿਤ ਹੋ ਰਿਹਾ ਹੈ| 
ਉਂਝ ਬਾਟ੍ਰੀ ਨੇ ਜੋ ਚਿੰਤਾ ਜਤਾਈ ਹੈ, ਕਾਫੀ ਹੱਦ ਤੱਕ ਉਹ ਜਾਇਜ ਵੀ ਹੈ| ਕੋਰੋਨਾ ਦਾ ਸਭਤੋਂ ਜ਼ਿਆਦਾ ਖਤਰਾ ਯਾਤਰਾ ਤੋਂ ਹੁੰਦਾ ਹੈ| ਉਨ੍ਹਾਂ ਦੀ ਇਸ ਚਿੰਤਾ ਨੂੰ ਉਸ ਸਮੇਂ ਬਲ ਮਿਲ ਗਿਆ ਜਦੋਂ ਫਾਰਮੂਲਾ ਵਨ ਦੇ ਮਸ਼ਹੂਰ ਡ੍ਰਾਇਵਰ ਸਜਿਰਿਓ ਪੇਰੇਜ ਕੋਰੋਨਾ ਦੀ ਚਪੇਟ ਵਿੱਚ ਆ ਗਏ| ਪੇਰੇਜ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸਾਵਧਾਨੀ ਵਰਤੀ ਸੀ, ਪਰ ਹੰਗਰੀ ਅਤੇ ਬ੍ਰਿਟੇਨ ਵਿੱਚ ਹੋਈ ਰੇਸ ਦੇ ਵਿੱਚ ਮੈਕਸਿਕੋ ਦੀ ਯਾਤਰਾ ਦੇ ਦੌਰਾਨ ਸ਼ਾਇਦ ਉਹ ਇਸਦੀ ਚਪੇਟ ਵਿੱਚ ਆਏ ਹੋਣਗੇ| ਸਜਿਰਿਓ ਇਕੱਲੇ ਨਹੀਂ ਹਨ ਜੋ ਕੋਰੋਨਾ ਦੀ            ਚਪੇਟ ਵਿੱਚ ਆਏ ਹਨ| ਅਫਰੀਕੀ            ਦੇਸ਼ ਜਾਂਬਿਆ ਦੀ ਘਰੇਲੂ ਫੁਟਬਾਲ ਲੀਗ ਵਿੱਚ ਤਾਂ ਟੂਰਨਾਮੈਂਟ ਨਾਲ ਜੁੜੇ 50 ਖਿਡਾਰੀ ਅਤੇ ਸਾਥੀ ਸਟਾਫ ਕੋਰੋਨਾ ਨਾਲ ਪੀੜਿਤ ਹੋ ਗਏ| ਨਤੀਜੇ ਵਜੋਂ 18 ਜੁਲਾਈ ਨੂੰ ਸ਼ੁਰੂ ਹੋਈ ਇਸ ਲੀਗ ਨੂੰ ਦੋ ਹਫਤੇ ਬਾਅਦ ਹੀ ਰੋਕਣਾ ਪਿਆ| ਫਰਾਂਸ ਦੇ ਫੁਟਬਾਲ ਕਲੱਬ ਮਾਰਸ਼ੇਲੇ ਅਤੇ ਮੋਂਟਪੇਲੀਅਰ ਦੇ ਵਿੱਚ ਦੋਸਤਾਨਾ ਮੈਚ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਦੇ ਕਾਰਨ ਰੱਦ ਕਰ ਦਿੱਤਾ ਗਿਆ| ਕਈ ਹੋਰ ਟੂਰਨਾਮੈਂਟ ਸ਼ੁਰੂ ਹੋਣ  ਤੋਂ ਬਾਅਦ ਰੱਦ ਕਰਨੇ                ਪਏ| 
ਬਹਿਰਹਾਲ, ਭਾਰਤ ਵਿੱਚ ਅਜੇ           ਖੇਡ ਗਤੀਵਿਧੀਆਂ ਤਾਂ ਸ਼ੁਰੂ ਨਹੀਂ ਹੋਈਆਂ ਹਨ, ਪਰ ਖਿਡਾਰੀਆਂ ਨੇ ਸਖਤ ਸੁਰੱਖਿਆ ਨਿਯਮਾਂ ਦੇ ਵਿੱਚ ਅਭਿਆਸ ਜਰੂਰ ਸ਼ੁਰੂ ਕਰ ਦਿੱਤਾ ਹੈ| ਖਾਸ ਕਰਕੇ ਓਲੰਪਿਕ ਨੂੰ ਧਿਆਨ ਵਿੱਚ ਰੱਖਦਿਆਂ ਕੋਰ ਗਰੁੱਪ ਦੇ ਖਿਡਾਰੀਆਂ ਨੇ ਛਿਟ-ਪੁੱਟ ਅਭਿਆਸ ਸ਼ੁਰੂ ਕੀਤਾ ਹੈ| ਪਰ ਜਦੋਂ ਤੋ ਦਿੱਲੀ ਦੇ ਕਰਣੀ ਸਿੰਘ  ਸ਼ੂਟਿੰਗ ਰੇਂਜ ਵਿੱਚ ਇੱਕ ਕੋਚ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ, ਇੱਥੇ ਵੀ ਖਿਡਾਰੀਆਂ  ਦੇ ਅੰਦਰ ਡਰ ਬਣਿਆ ਹੋਇਆ ਹੈ| ਸ਼ੂਟਿੰਗ ਕੋਚ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤੀ ਰਾਸ਼ਟਰੀ ਨਿਸ਼ਾਨੇਬਾਜੀ ਮਹਾਸੰਘ ਨੂੰ ਇੱਕ ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਲਾਜ਼ਮੀ ਕੈਂਪ ਨੂੰ ਮੁਲਤਵੀ ਕਰਣਾ ਪਿਆ| ਇਸੇ ਤਰ੍ਹਾਂ ਭਾਰਤੀ ਗੋਲਫਰ ਐਸਐਸਪੀ ਚੌਰਸਿਆ ਨੇ ਅਭਿਆਸ ਸ਼ੁਰੂ ਕਰ ਦਿੱਤਾ ਸੀ| ਉਹ ਇਸ ਹਫਤੇ ਯੂਰਪੀ ਟੂਰ ਵਿੱਚ ਹਿੱਸਾ ਲੈਣ ਲਈ ਇੰਗਲੈਂਡ ਰਵਾਨਾ ਹੋਣ ਵਾਲੇ ਸਨ, ਪਰ ਉਨ੍ਹਾਂ ਨੂੰ ਕੋਰੋਨਾ ਹੋ ਗਿਆ| ਮਤਲਬ ਕੋਰੋਨਾ ਦੇ ਕਹਿਰ ਤੋਂ ਖਿਡਾਰੀ ਵੀ ਬਚੇ ਨਹੀਂ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਦਾ ਡਰ ਕਾਫੀ ਹੱਦ ਤੱਕ ਜਾਇਜ ਵੀ ਹੈ|
ਰੋਸ਼ਨ ਕੁਮਾਰ ਝ

Leave a Reply

Your email address will not be published. Required fields are marked *