ਖਿਡਾਰੀ ਖੁਦ ਕਰ ਰਹੇ ਹਨ ਫੇਜ਼ 8 ਦੀ ਨਦੀ ਦੀ ਸਫਾਈ

ਐਸ ਏ ਐਸ ਨਗਰ, 30 ਅਪ੍ਰੈਲ (ਸ.ਬ.) ਮੁਹਾਲੀ ਦੇ ਖਿਡਾਰੀਆਂ ਨੇ ਸਥਾਨਕ ਫੇਜ਼ 8 ਦੀ ਲਈਅਰ ਵੈਲੀ ਵਿਚੋਂ ਲੰਘਦੀ ਨਦੀ ਦੀ ਸਫਾਈ ਕਰਨ ਦਾ ਖੁਦ ਕੰਮ ਸ਼ੁਰੂ ਕੀਤਾ ਹੈ| ਖੇਡ ਵਿਭਾਗ ਦੇ ਕੋਚ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਅਨੇਕਾਂ ਖਿਡਾਰੀਆਂ ਨੇ ਲਈਅਰ ਵੈਲੀ ਵਿਚੋਂ ਲੰਘਦੀ ਇਸ ਨਦੀ ਵਿੱਚ (ਲਈਅਰ ਵੈਲੀ ਵਾਲੇ ਹਿੱਸੇ ਵਿੱਚ ) ਉਗੇ ਹੋਏ ਸਰਕੰਡੇ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਚ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਲਈਅਰ ਵੈਲੀ ਵਿਚੋਂ ਲੰਘਦੀ ਨਦੀ ਦੇ ਲਈਅਰ ਵੈਲੀ ਵਾਲੇ ਹਿੱਸੇ ਦੀ ਸਫਾਈ ਕਰਕੇ ਇਥੇ ਪ੍ਰੈਕਟਿਸ ਲਈ ਟ੍ਰੈਕ ਬਣਾਇਆ ਜਾਵੇਗਾ| ਖਿਡਾਰੀ ਕਾਫੀ ਉਤਸਾਹ ਨਾਲ ਇਸ ਨਦੀ ਦੇ ਲਈਅਰ ਵੈਲੀ ਵਿੱਚ ਆਉਂਦੇ ਹਿੱਸੇ ਦੀ ਸਫਾਈ ਦਾ ਕੰਮ ਕਰ ਰਹੇ ਸਨ|
ਜਿਕਰਯੋਗ ਹੈ ਕਿ ਇਸ ਨਦੀ ਵਿੱਚ ਬਹੁਤ ਉੱਚਾ ਸਰਕੰਡਾ ਉਗਿਆ ਹੋਇਆ ਹੈ, ਜਿਸ ਕਰਕੇ ਇਹ ਨਦੀ ਇਕ ਜੰਗਲ ਹੀ ਬਣਦੀ ਜਾ ਰਹੀ ਹੈ| ਇਸ ਸਰਕੰਡੇ ਕਾਰਨ ਇਸ ਨਦੀ ਵਿਚਲੇ ਪਾਣੀ ਦੀ ਵੀ ਸਹੀ ਤਰੀਕੇ ਨਾਲ ਨਿਕਾਸੀ ਨਹੀਂ ਹੁੰਦੀ, ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਬਰਸਾਤ ਦਾ ਪਾਣੀ ਇਸ ਨਦੀ ਵਿੱਚ ਜਾਣ ਦੀ ਥਾਂ ਲੋਕਾਂ ਦੇ ਘਰਾਂ ਵਿੱਚ ਚਲਾ ਜਾਂਦਾ ਹੈ ਤੇ ਕਾਫੀ ਨੁਕਸਾਨ ਕਰਦਾ ਹੈ|
ਇਸ ਨਦੀ ਦੀ ਸਫਾਈ ਲਈ ਇਲਾਕਾ ਨਿਵਾਸੀ ਅਨੇਕਾਂ ਵਾਰ ਨਗਰ ਨਿਗਮ ਕੋਲ ਫਰਿਆਦ ਕਰ ਚੁਕੇ ਹਨ| ਨਗਰ ਨਿਗਮ ਦੀ ਪਿਛਲੀ ਮੀਟਿੰਗ ਵਿੱਚ ਵੀ ਇਸ ਨਦੀ ਦੀ ਸਫਾਈ ਕਰਨ ਦਾ ਮਾਮਲਾ ਉਠਿਆ ਸੀ ਅਤੇ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਇਹ ਮੁੱਦਾ ਉਠਾਇਆ ਸੀ ਅਤੇ ਇਸ ਨਦੀ ਨੂੰ ਜਲਦੀ ਸਾਫ ਕਰਵਾਉਣ ਦੀ ਮੰਗ ਕੀਤੀ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ ਅਤੇ ਇਸ ਨਦੀ ਵਿਚ ਸਰਕੰਡਾ ਪਹਿਲਾਂ ਨਾਲੋਂ ਵੀ ਉਚਾ ਹੋ ਗਿਆ ਅਤੇ ਕਾਫੀ ਵੱਧ ਗਿਆ, ਜਿਸ ਕਾਰਨ ਇਸ ਨਦੀ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਵੀ ਬੰਦ ਹੋ ਗਈ|
ਹੁਣ ਖਿਡਾਰੀਆਂ ਵਲੋਂ ਲਈਅਰ ਵੈਲੀ ਵਿੱਚੋਂ ਲੰਘਦੀ ਇਸ ਨਦੀ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਨਾਲ ਇਲਾਕਾ ਵਾਸੀਆਂ ਨੂੰ ਵੀ ਆਸ ਬਣ ਗਈ ਹੈ ਕਿ ਇਸ ਨਦੀ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇਗੀ ਅਤੇ ਬਰਸਾਤਾਂ ਦੇ ਦਿਨਾਂ ਦੌਰਾਨ ਬਰਸਾਤਾਂ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਨਾ ਜਾ ਕੇ ਇਸ ਨਦੀ ਵਿੱਚ ਜਾਵੇਗਾ|

Leave a Reply

Your email address will not be published. Required fields are marked *