ਖਿੱਤੇ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏ ਰੇਲ ਵਿਭਾਗ : ਚੰਦੂਮਾਜਰਾ
ਖਿੱਤੇ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏ ਰੇਲ ਵਿਭਾਗ : ਚੰਦੂਮਾਜਰਾ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉੱਤਰ ਰੇਲਵੇ ਦੇ ਜਨਰਲ ਮੈਨੇਜਰ ਨੂੰ ਲੋਕਾਂ ਦੀਆਂ ਲੋੜਾਂ ਤੋਂ ਜਾਣੂ ਕਰਵਾਉਂਦਿਆਂ ਕਾਰਵਾਈ ਮੰਗੀ
ਐਸ ਏ ਐਸ ਨਗਰ, 9 ਮਾਰਚ (ਸ.ਬ.) ਉੱਤਰ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਵਿਸ਼ਵੇਸ਼ ਚੌਬੇ ਵਲੋਂ ਅੱਜ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਜਾਂਚ ਮੁਹਿੰਮ ਦੌਰਾਨ ਮੁਹਾਲੀ ਰੇਲਵੇ ਸਟੇਸ਼ਨ ਪਹੁੰਚਣ ਮੌਕੇ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਲੋੜਾਂ ਤੋਂ ਜਾਣੂ ਕਰਵਾਉਂਦਿਆਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ| ਇਸ ਮੌਕੇ ਸ੍ਰ. ਚੰਦੂਮਾਜਰਾ ਨੇ ਸ੍ਰੀ ਚੌਬੇ ਨੂੰ ਦੱਸਿਆ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕੀਤਾ ਜਾਣਾ ਹੈ ਅਤੇ ਇੱਥੇ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣ| ਉਹਨਾਂ ਰੇਲਵੇ ਸਟੇਸ਼ਨ ਤੇ ਐਕਸੇਲਰੇਟਰ ਬਣਾਉਣ ਦੀ ਮੰਗ ਵੀ ਕੀਤੀ| ਇਸਤੋਂ ਇਲਾਵਾ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਵਾਹਨਾਂ ਦੀ ਪਾਰਕਿੰਗ ਲਈ ਥਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਉੱਥੇ ਰੇਲਵੇ ਦੀ ਖਾਲੀ ਪਈ 3 ਏਕੜ ਜਮੀਨ ਤੇ ਪਾਰਕਿੰਗ ਬਣਾਈ ਜਾਵੇ| ਉਹਨਾਂ ਪਿੰਡ ਰਾਏ ਪੁਰ ਕਲਾਂ ਵਿੱਚ ਰੇਲਵੇ ਸਟੇਸ਼ਨ ਬਣਾਉਣ, ਚੰਡੀਗੜ੍ਹ ਤੋਂ ਅਮ੍ਰਿਤਸਰ ਜਾਣ ਵਾਲੀ ਰੇਲਗੱਡੀ ਦਾ ਖਰੜ ਵਿੱਚ ਸਟਾਪੇਜ ਬਣਾਉਣ, ਮੋਰਿੰਡਾ ਵਿਖੇ ਬਸ ਸਟੈਂਡ ਦੇ ਸਾਮ੍ਹਣੇ ਰੇਲਵੇ ਅੰਡਰ ਬ੍ਰਿਜ ਦੀ ਉਸਾਰੀ ਕਰਨ, ਊਨਾ ਤੋਂ ਚੰਡੀਗੜ੍ਹ ਸ਼ਤਾਬਦੀ ਦਾ ਮੋਰਿੰਡਾ ਵਿਖੇ ਸਟਾਪੇਜ ਬਣਾਉਣ, ਜੈਜੋਂ ਰਾਹੋਂ ਜਲੰਧਰ ਗੱਡੀ ਦੇ ਰੂਟ ਨੂੰ ਅਮ੍ਰਿਤਸਰ ਤਕ ਵਧਾਉਣ, ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ, ਮੁਹਾਲੀ ਤੋਂ ਰਾਜਪੁਰਾ ਅਤੇ ਰਾਹੋਂ ਤੋਂ ਖੰਨਾ ਲਈ ਦੋ ਨਵੇਂ ਰੇਲਵੇ ਲਿੰਕ ਉਸਾਰਨ, ਆਨੰਦਪੁਰ ਸਾਹਿਬ, ਰੋਪੜ ਅਤੇ ਕੁਰਾਲੀ ਵਿਖੇ ਰੇਲ ਪਟੜੀ ਦੇ ਦੋਵੇਂ ਪਾਸੇ ਪਲੇਟਫਾਰਮਾਂ ਦੀ ਉਸਾਰੀ ਕਰਨ ਦੀ ਵੀ ਮੰਗ ਕੀਤੀ|
ਸ੍ਰ. ਚੰਦੂਮਾਜਰਾ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਸੰਬੰਧੀ ਦੋ ਦਿਨ ਪਹਿਲਾਂ ਦਿੱਲੀ ਵਿੱਚ ਰੇਲ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਅਤੇ ਅੱਜ ਨਾਰਦਰਨ ਰੇਲਵੇ ਦੇ ਜੀ ਐਮ ਦੇ ਦੌਰੇ ਦੌਰਾਨ ਉਹਨਾਂ ਨੇ ਇਹ ਤਮਾਮ ਗੱਲਾਂ ਜੀ ਐਮ ਦੇ ਧਿਆਨ ਵਿੱਚ ਲਿਆ ਦਿੱਤੀਆਂ ਹਨ| ਇਸ ਮੌਕੇ ਸ੍ਰੀ ਚੰਦੂ ਮਾਜਰਾ ਨੇ ਰੇਲਵੇ ਸਟੇਸ਼ਨ ਵਿੱਚ ਮੁੜ ਉਸਾਰੇ ਗਏ ਯਾਤਰੀ ਆਰਾਮਘਰ ਦਾ ਰਸਮੀ ਉਦਘਾਟਨ ਵੀ ਕੀਤਾ| ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸਤੋਂ ਪਹਿਲਾਂ ਵੀ ਰੇਲਵੇ ਅਧਿਕਾਰੀਆਂ ਅਤੇ ਮੰਤਰੀ ਨਾਲ ਤਾਲਮੇਲ ਕਰਕੇ ਇਸ ਖੇਤਰ ਵਿੱਚ ਲੋੜੀਂਦੀਆਂ ਖਾਮੀਆਂ ਦੂਰ ਕਰਵਾਉਣ ਅਤੇ ਨਵੀਂਆਂ ਗੱਡੀਆਂ ਸ਼ਰੂ ਕਰਵਾਉਣ ਲਈ ਉੱਦਮ ਕੀਤੇ ਜਾਂਦੇ ਰਹੇ ਹਨ ਅਤੇ ਇਸ ਦੌਰਾਨ ਜਿੱਥੇ ਹਲਕੇ ਵਿੱਚ ਵੱਡੇ ਪੱਧਰ ਤੇ ਰੇਲਵੇ ਅੰਡਰ ਬ੍ਰਿਜਾਂ ਦੀ ਉਸਾਰੀ ਕਰਵਾਈ ਗਈ ਹੈ ਉੱਥੇ ਆਨੰਦਪੁਰ ਸਾਹਿਬ ਅੰਮ੍ਰਿਤਸਰ ਰੇਲ ਵੀ ਸ਼ੁਰੂ ਹੋਈ ਹੈ| ਉਹਨਾਂ ਕਿਹਾ ਕਿ ਅੱਜ ਜੀ ਐਮ ਦੇ ਦੌਰੇ ਦੌਰਾਨ ਉਹਨਾਂ ਨੂੰ ਖਿੱਤੇ ਦੀਆਂ ਲੋੜਾਂ ਤੋਂ ਜਾਣੂ ਕਰਵਾਉਣ ਲਈ ਉਹ ਵਿਸ਼ੇਸ਼ ਤੌਰ ਤੇ ਪਾਰਲੀਮੈਂਟ ਦਾ ਸੈਸ਼ਨ ਛੱਡ ਕੇ ਇੱਥੇ ਪਹੁੰਚੇ ਸੀ ਅਤੇ ਸ੍ਰੀ ਚੌਬੇ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹਨਾਂ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ| ਇਸ ਮੌਕੇ ਉਹਨਾਂ ਦੇ ਨਾਲ ਜੱਥੇਦਾਰ ਬਲਜੀਤ ਸਿੰਘ ਕੁੰਭੜਾ, ਪ੍ਰਧਾਨ ਅਕਾਲੀ ਦਲ ਸ਼ਹਿਰੀ, ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਹੋਰ ਅਕਾਲੀ ਆਗੂ ਅਤੇ ਵਰਕਰ ਹਾਜਿਰ ਸਨ|