ਖੁਦਕੁਸ਼ੀਆਂ ਦਾ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ

ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਮੁਲਾਜਮਾਂ ਵਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ| ਤ੍ਰਾਸਦੀ ਇਹ ਵੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਵੱਧਦੇ ਖੁਦਕੁਸ਼ੀਆਂ ਦੇ ਇਸ ਰੁਝਾਨ ਤੇ ਕਾਬੂ ਕਰਨ ਲਈ ਲੋੜੀਂਦੇ ਉਪਰਾਲੇ ਤਾਂ ਕੀ ਕਰਨੇ ਸਨ ਉਲਟਾ ਸਰਕਾਰ ਦੇ ਮੰਤਰੀ ਤਾਂ ਇਹ ਤਕ ਕਹਿ ਦਿੰਦੇ ਹਨ ਕਿ ਖੁਦਕੁਸ਼ੀ ਕਰਨਾ ਅੱਜਕੱਲ ਇਕ ਫੈਸ਼ਨ ਬਣ ਗਿਆ ਹੈ|
ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਚਰਚਾ ਸਭਤੋਂ ਵੱਧ ਹੁੰਦੀ ਹੈ ਅਤੇ ਆਮ ਚਰਚਾ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਕਿਸਾਨ ਕਰਜੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ, ਪਰੰਤੂ ਸਿਰਫ ਕਿਸਾਨ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਦੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ| ਖੁਦਕੁਸ਼ੀ ਕਰਨ ਵਾਲਿਆਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ| ਅਕਸਰ ਅਜਿਹੇ ਮਾਮਲੇ ਸਾਮ੍ਹਣੇ ਆਉਂਦੇ ਹਨ ਜਦੋਂ ਕੋਈ ਵਿਦਿਆਰਥੀ ਕਿਸੇ ਕਲਾਸ ਵਿੱਚੋਂ ਫੇਲ ਹੋਣ ਕਾਰਨ ਖੁਦਕੁਸ਼ੀ ਕਰ ਲੈਂਦਾ ਹੈ| ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਹਤਾਸ਼ਾ ਅਤੇ ਰੁਜਗਾਰ ਦੀ ਕਮੀ ਕਾਰਨ ਅਕਸਰ ਨੌਜਵਾਨ ਵੀ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ| ਇਸਤੋਂ ਇਲਾਵਾ ਸ਼ਾਦੀਸ਼ੁਦਾ ਮਹਿਲਾਵਾਂ ਆਪਣੇ ਸਹੁਰਿਆਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲੈਂਦੀਆਂ ਹਨ ਅਤੇ ਖੁਦਕੁਸ਼ੀਆਂ ਦਾ ਇਹ ਰੁਝਾਨ ਵੱਧਦਾ ਹੀ ਜਾ ਰਿਹਾ ਹੈ|
ਖੁਦਕੁਸ਼ੀ ਦੀ ਭਾਵਨਾ ਉਹਨਾਂ ਮਨੱਖਾਂ ਵਿੱਚ ਕੁੱਝ ਜਿਆਦਾ ਪਨਪਦੀ ਹੈ ਜਿਹੜੇ ਖੁਦ ਨੂੰ ਹਾਲਾਤ ਦਾ ਮੁਕਾਬਲਾ ਕਰਨ ਲਾਇਕ ਨਹੀਂ ਮੰਨਦੇ ਅਤੇ ਨਿਰਾਸ਼ਾ ਵਿੱਚ ਘਿਰ ਕੇ ਖੁਦਕੁਸ਼ੀ ਦਾ ਰਾਹ ਅਖਤਿਆਰ ਕਰਦੇ ਹਨ| ਮਨੋਵਿਗਿਆਨੀ ਮੰਨਦੇ ਹਨ ਕਿ ਖੁਦਕੁਸ਼ੀਆਂ ਦੇ ਜਿਆਦਤਾਰ ਮਾਮਲਿਆਂ ਵਿੱਚ ਮਨੁੱਖ ਇਹ ਸਮਝ ਲੈਂਦਾ ਹੈ ਕਿ ਉਸਦੀ ਸਮੱਸਿਆ ਦਾ ਕੋਈ ਹਲ ਨਹੀਂ ਹੈ ਜਿਸ ਕਾਰਨ ਉਹ ਖੁਦਕੁਸ਼ੀ ਦੇ ਰਾਹ ਪੈ ਜਾਂਦਾ ਹੈ| ਅਜਿਹੇ ਮੌਕੇ ਜੇਕਰ ਉਸਨੂੰ ਕੋਈ ਹੌਂਸਲਾ ਦੇਣ ਵਾਲਾ ਮੌਜੂਦ ਹੋਵੇ ਜਿਹੜਾ ਉਸਨੂੰ ਇਹ ਸਮਝਾ ਸਕੇ ਕਿ ਅਖੀਰਕਾਰ ਹਾਲਾਤ ਸੁਧਰ ਜਾਣਗੇ ਤਾਂ ਉਸਨੂੰ ਬਚਾਇਆ ਜਾ ਸਕਦਾ ਹੈ|
ਅੱਜਕੱਲ ਦੀ ਭੱਜਦੌੜ ਅਤੇ ਤਨਾਓ ਭਰੀ ਜਿੰਦਗੀ ਵਿੱਚ ਜਿੱਥੇ ਮਨੁੱਖ ਸਾਰਾ ਦਿਨ ਵੱਖ ਵੱਖ ਫਿਕਰਾਂ ਵਿੱਚ ਗ੍ਰਸਿਆ ਦਿਖਦਾ ਹੈ ਉੱਥੇ ਲਗਾਤਾਰ ਵੱਧਦੇ ਤਨਾਓ ਕਾਰਨ ਲੋਕਾਂ ਦੇ ਘਰਾਂ ਵਿੱਚ ਪਰਿਵਾਰਕ ਕਲੇਸ਼ ਵੀ ਕਾਫੀ ਵੱਧ ਗਿਆ ਹੈ| ਮਹਿੰਗਾਈ ਬਹੁਤ ਜਿਆਦਾ ਹੋਣ ਅਤੇ ਲੋੜੀਂਦੇ ਰੁਜਗਾਰ ਨਾ ਮਿਲਣ ਕਾਰਨ ਲੋਕਾਂ ਉੱਪਰ ਕੰਮ ਦਾ ਦਬਾਓ ਵੀ ਬਹੁਤ ਜਿਆਦਾ ਹੈ ਅਤੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਤਕ ਪੂਰੀਆਂ ਨਾ ਹੋਣ ਕਾਰਨ ਉਹਨਾਂ ਵਿੱਚ ਭਾਰੀ ਨਿਰਾਸ਼ਾ ਬਣੀ ਰਹਿੰਦੀ ਹੈ| ਅਜਿਹੇ ਵਿੱਚ ਜਦੋਂ ਆਦਮੀ ਘੋਰ ਨਿਰਾਸ਼ਾ ਵਿੱਚ ਘਿਰ ਜਾਂਦਾ ਹੈ ਤਾਂ ਉਸਨੂੰ ਆਪਣੀ ਜਿੰਦਗੀ ਨਾਲੋਂ ਮੌਤ ਆਸਾਨ ਲਗਣ ਲੱਗ ਜਾਂਦੀ ਹੈ ਅਤੇ ਇਹੀ ਸੋਚ ਉਸਨੂੰ ਖੁਦਕੁਸ਼ੀ ਦੇ ਰਾਹ ਵੱਲ ਲੈ ਜਾਂਦੀ ਹੈ|
ਇਹਨਾਂ ਹਾਲਾਤ ਲਈ ਕਾਫੀ ਹੱਦ ਤਕ ਸਰਕਾਰ ਦੀਆਂ ਨੀਤੀਆਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਸ ਵਲੋਂ ਆਮ ਲੋਕਾਂ ਨੂੰ ਇੱਕ ਸਨਮਾਨਜਨਕ ਜਿੰਦਗੀ ਮੁਹਈਆ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਥਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਅਤੇ ਇਹਨਾਂ ਵਲੋਂ ਲਏ ਜਾਣ ਵਾਲੇ ਸਾਰੇ ਫੈਸਲੇ ਆਪਣੇ ਸਿਆਸੀ ਨਫੇ ਨੁਕਸਾਨ ਦੇ ਆਧਾਰ ਤੇ ਹੀ ਲਏ ਜਾਂਦੇ ਹਨ| ਪਿਛਲੇ ਕੁੱਝ ਦਹਾਕਿਆਂ ਦੌਰਾਨ ਜਿਸ ਤਰੀਕੇ ਨਾਲ ਸਮਾਜ ਵਿੱਚ ਅਮੀਰ ਅਤੇ ਗਰੀਬ ਦਾ ਪਾੜਾ ਵਧਿਆ ਹੈ ਉਸ ਲਈ ਸਿੱਧੇ ਤੌਰ ਤੇ ਸਰਕਾਰੀ ਨੀਤੀਆਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ|
ਇਸਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀ ਅੱਧੀ ਆਬਾਦੀ ਨੂੰ ਭਰ ਪੇਟ ਖਾਣਾ ਤਕ ਨਸੀਬ ਨਾ ਹੁੰਦਾ ਹੋਵੇ ਅਤੇ ਦੂਜੇ ਪਾਸੇ ਸਾਡੇ ਹੁਕਮਰਾਨ ਜਨਤਾ ਨੂੰ ਜਾਤਪਾਤ, ਧਰਮ ਅਤੇ ਫਿਰਕਿਆਂ ਦੇ ਆਧਾਰ ਤੇ ਲੜਾ ਕੇ ਸੱਤਾ ਦਾ ਸੁਖ ਮਾਣ ਰਹੇ ਹੋਣ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਲੋਕਾਂ ਨੂੰ ਲੋੜੀਂਦਾ ਰੁਜਗਾਰ ਮੁਹਈਆ ਕਰਵਾਏ ਅਤੇ ਉਹਨਾਂ ਲਈ ਇੱਕ ਸਨਮਾਨਜਨਕ ਅਤੇ ਤਨਾਓ ਰਹਿਤ ਮਾਹੌਲ ਪੈਦਾ ਕਰੇ ਜਿੱਥੇ ਕਿਸੇ ਨਾਲ ਜਾਤ, ਧਰਮ, ਭਾਈਚਾਰੇ, ਫਿਰਕੇ ਦੇ ਆਧਾਰ ਤੇ ਕੋਈ ਵਿਤਕਰਾ ਨਾ ਹੋਵੇ ਅਤੇ ਸਾਰਿਆਂ ਨੂੰ ਬਰਾਬਰੀ ਦਾ ਹੱਕ ਹਾਸਿਲ ਹੋਵੇ| ਲੋਕਾਂ ਨੂੰ ਇੱਕ ਸਨਮਾਨਜਨਕ ਅਤੇ ਤਨਓ ਮੁਕਤ ਜੀਵਨ ਦੇ ਕੇ ਹੀ ਉਹਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਜਾਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *