ਖੁਦ ਨੂੰ ਕਿਸੇ ਵੀ ਕਾਨੂੰਨ ਤੋਂ ਉੱਪਰ ਸਮਝਣ ਦੀ ਪੁਲੀਸ ਫੋਰਸ ਦੀ ਮਾਨਸਿਕਤਾ ਤੇ ਕਾਬੂ ਕਰਨ ਲਈ ਕਦਮ ਚੁੱਕੇ ਜਾਣੇ ਜਰੂਰੀ

ਬੀਤੇ ਦਿਨੀਂ ਜਲਾਲਾਬਾਦ ਹਲਕੇ ਦੇ ਇੱਕ ਪਿੰਡ ਵਿੱਚ ਪੰਜਾਬ ਪੁਲੀਸ ਵਲੋਂ ਇੱਕ ਦਲਿਤ ਮਹਿਲਾ ਨਾਲ ਕੁੱਟਮਾਰ ਦੀ ਘਟਨਾ ਅੱਜ ਕੱਲ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਇਸ ਘਟਨਾ ਨੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਤਾਂ ਖੜ੍ਹਾ ਕੀਤਾ ਹੀ ਹੈ ਇਹ ਪੁਲੀਸ ਫੋਰਸ ਦੀ ਖੁਦ ਨੂੰ ਕਿਸੇ ਵੀ ਕਾਇਦੇ ਕਾਨੂਨ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਨੂੰ ਵੀ ਜਾਹਰ ਕਰਦੀ ਹੈ| ਇਸਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਅਜਿਹੀਆਂ ਘਟਨਾਵਾਂ ਸਾਮ੍ਹਣੇ ਆਉਂਦੀਆਂ ਰਹੀਆਂ ਹਨ ਜਦੋਂ ਆਮ ਲੋਕਾਂ ਨੂੰ ਪੁਲੀਸਿਆ ਜੁਲਮ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਇਹ ਸਾਰਾ ਕੁੱਝ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜ ਵਿੱਚ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਰੱਖਣ ਅਤੇ ਅਪਰਾਧਾਂ ਤੇ ਕਾਬੂ ਕਰਨ ਵਿੱਚ ਪੁਲੀਸ ਦੀ ਅਹਿਮ ਭੂਮਿਕਾ ਹੁੰਦੀ ਹੈ| ਇਸ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਪੁਲੀਸ ਫੋਰਸ ਨੂੰ ਕਈ ਤਰ੍ਹਾਂ ਦੇ ਖਤਰੇ ਵੀ ਚੁੱਕਣੇ ਪੈਂਦੇ ਹਨ ਅਤੇ ਉਸਨੂੰ ਇਸ ਲਈ ਕਈ ਵਿਸ਼ੇਸ਼ ਤਾਕਤਾਂ ਵੀ ਦਿੱਤੀਆਂ ਜਾਂਦੀਆਂ ਹਨ, ਪਰੰਤੂ ਇਸਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਪੁਲੀਸ ਫੋਰਸ ਦੇ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਪਾਲ ਲੈਣ ਅਤੇ ਆਮ ਜਨਤਾ ਦੀ ਰਾਖੀ ਦੀ ਜਿੰਮੇਵਾਰੀ ਨਿਭਾਊਣ ਦੀ ਥਾਂ ਖੁਦ ਨੂੰ ਜਨਤਾ ਦਾ ਸ਼ਾਸ਼ਕ ਸਮਝਣ ਲੱਗ ਜਾਣ| ਪੁਲੀਸ ਫੋਰਸ ਦਾ ਗਠਨ ਆਮ ਜਨਤਾ ਦੀ ਸੁਰਖਿਆ ਅਤੇ ਸੁਵਿਧਾ ਲਈ ਹੁੰਦਾ ਹੈ ਅਤੇ  ਉਸਦੀ ਇਹ ਮੁੱਢਲੀ ਜਿੰਮੇਵਾਰੀ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਨਾ ਸਿਰਫ ਆਮ ਲੋਕਾਂ ਦੇ ਜਾਨ ਮਾਲ ਦੀ ਹਿਫਾਜਤ ਲਈ ਲੋੜੀਂਦੀ ਕਾਰਵਾਈ ਕਰੇ ਬਲਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ (ਜਿਹੜੇ ਵੱਖ ਵੱਖ ਅਪਰਾਧਿਕ ਕਾਰਵਾਈਆਂ ਨੁੰ ਅੰਜਾਮ ਦੇ ਕੇ ਕਾਨੂੰਨ ਵਿਵਸਥਾ ਲਈ ਖਤਰਾ ਪੈਦਾ ਕਰਦੇ ਹਨ) ਨੂੰ ਕਾਬੂ ਕਰਕੇ ਆਮ ਲੋਕਾਂ ਵਿੱਚ ਸੁਰਖਿਆ ਦਾ ਅਹਿਸਾਸ ਕਾਇਮ ਕਰੇ|
ਪਰੰਤੂ ਪੁਲੀਸ ਉੱਪਰ ਖੁਦ ਨੂੰ ਕਿਸੇ ਵੀ ਕਾਨੂੰਨ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਦੇ ਲਗਾਤਾਰ ਹਾਵੀ ਹੋਣ ਕਾਰਨ ਨਾ ਸਿਰਫ ਆਮ ਜਨਤਾ ਦਾ ਪੁਲੀਸ ਤੋਂ ਭਰੋਸਾ ਲਗਾਤਾਰ ਉਠਦਾ ਜਾ ਰਿਹਾ ਹੈ| ਹਾਲਾਤ ਇਹ ਹਨ ਕਿ ਲੋਕ ਆਪਣੇ ਨਾਲ ਵਾਪਰਨ ਵਾਲੇ ਛੁਟ ਪੁਟ ਅਪਰਾਧਾਂ ਦੀ ਰਿਪੋਰਟ ਤਕ ਨਹੀਂ ਲਿਖਵਾਉਂਦੇ ਬਲਕਿ ਕਈ ਵਾਰ ਤਾਂ ਉਹ ਅਜਿਹੇ ਅਪਰਾਧਾਂ ਲਈ ਸਿੱਧੇ ਰੂਪ ਵਿੱਚ ਪੁਲੀਸ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ| ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਤੇ ਖੁਦ ਹੀ ਕਾਨੂੰਨ ਤੋੜਣ ਦੀਆਂ ਕਾਰਵਾਈਆਂ ਦੇ ਬਾਵਜੂਦ ਵਿਭਾਵ ਵਲੋਂ ਕਾਨੂੰਨ ਵਿਰੋਧੀ ਕਾਰਵਾਈਆਂ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਦੀ ਥਾਂ ਉਹਨਾਂ ਦੀ ਬਦਲੀ, ਲਾਈਨ ਹਾਜਿਰ ਜਾਂ ਮੁਅੱਤਲੀ ਕਰਕੇ ਖਾਨਾਪੁਰਤੀ ਕਰ ਦਿੱਤੀ ਜਾਂਦੀ ਹੈ|
ਹੋਰ ਤਾਂ ਹੋਰ ਸਮੇਂ ਸਮੇਂ ਤੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਜਿੱਥੇ ਖੁਦ ਪੁਲੀਸ ਵਾਲਿਆਂ ਨੂੰ ਹੀ ਵੱਖ ਵੱਖ ਅਪਰਾਧਾਂ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ ਅਤੇ ਅਜਿਹਾ ਹੋਣ ਕਾਰਨ ਪੁਲੀਸ ਵਿਭਾਗ ਦੀ ਪੂਰੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਉਠਦੇ ਹਨ| ਇਸੇ ਤਰ੍ਹਾਂ ਵੱਖ ਵੱਖ ਅਪਰਾਧਿਕ ਵਾਰਦਾਤਾਂ ਦੀ ਜਾਂਚ ਦੇ ਦੌਰਾਨ ਕਈ ਵਾਰ ਪੁਲੀਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਸ਼ੱਕ ਦੇ ਘੇਰੇ ਵਿੱਚ ਆਏ ਵਿਅਕਤੀਆਂ ਉੱਪਰ ਪੁਲੀਸ ਦੀ ਥਰਡ ਡਿਗਰੀ ਦੇ ਰੂਪ ਵਿੱਚ ਅਣਮਨੁੱਖੀ ਤਸ਼ਦੱਦ ਕੀਤੇ ਜਾਣ ਦੀਆਂ ਗੱਲਾਂ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ|
ਇਸ ਸਾਰੇ ਕੁੱਝ ਨੇ ਆਮ ਲੋਕਾਂ ਦੀ ਇਸ ਸੋਚ ਨੂੰ ਹੋਰ ਮਜਬੂਤ ਕੀਤਾ ਹੈ ਕਿ ਕਿਸੇ ਵੀ ਮਾਮਲੇ ਵਿੱਚ ਆਪਣੇ ਪੱਧਰ ਤੇ ਫੈਸਲਾ ਕਰਨ ਅਤੇ ਉਸ ਨੂੰ ਅਮਲ ਵਿੱਚ ਲਿਆਉਣ ਲਈ ਕਿਸੇ ਵੀ ਕਾਇਦੇ ਕਾਨੂੰਨ ਦੀ ਬਿਲਕੁਲ ਵੀ ਪਰਵਾਹ ਨਾ ਕਰਨ ਵਾਲੀ ਸਾਡੀ ਇਹ ਪੁਲੀਸ ਫੋਰਸ ਖੁਦ ਹੀ ਕਾਨੂੰਨ ਵਿਵਸਥਾ ਲਈ ਵੱਡਾ ਖਤਰਾ ਬਣਦੀ ਜਾ ਰਹੀ ਹੈ| ਆਮ ਲੋਕਾਂ ਵਿੱਚ ਇਹ ਧਾਰਨਾ ਜੋਰ ਫੜਦੀ ਜਾ ਰਹੀ ਹੈ ਕਿ  ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦਿਲੋ ਦਿਮਾਗ ਵਿੱਚ ਆਪਣੇ ਆਪ ਨੂੰ ਹਰ ਕਿਸੇ ਤੋਂ ਉੱਪਰ ਸਮਝਣ ਦੀ ਇਸ ਮਾਨਸਿਕਤਾ ਨੂੰ ਬਦਲਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸ ਲਈ ਜਰੂਰੀ ਹੈ ਕਿ ਪੁਲੀਸ ਫੋਰਸ ਨੂੰ ਉਸ ਦੀਆਂ ਹੱਦਾਂ ਅਤੇ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਲਈ ਪੁਲੀਸ ਫੋਰਸ ਨੂੰ ਉਸ ਦੀ ਹਰ ਛੋਟੀ ਵੱਡੀ ਕਾਰਵਾਈ ਲਈ ਜਵਾਬਦੇਹ ਬਣਾਇਆ ਜਾਵੇ|
ਗ੍ਰਹਿ ਵਿਭਾਗ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਜਯੋਜਨਾ ਤਿਆਰ ਕਰੇ ਅਤੇ ਪੁਲੀਸ ਵਿਭਾਗ ਵਿੱਚ ਦਿਨੋਂ ਦਿਨ ਵੱਧਦੇ ਜਾ ਰਹੇ ਇਸ ਨਿਘਾਰ ਨੂੰ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਿਲ ਹੋਣ ਵੱਲ ਵੱਧ ਰਿਹਾ ਸਾਡਾ ਦੇਸ਼ ਪੁਲੀਸ ਵਿਵਸਥਾ ਦੇ ਮਾਮਲੇ ਵਿੱਚ ਵੀ ਮੋਹਰੀ ਬਣੇ ਅਤੇ ਦੇਸ਼ ਵਾਸੀਆਂ ਨੂੰ ਇੱਕ ਬਿਹਤਰ ਪੁਲੀਸ ਪ੍ਰਣਾਲੀ ਦੀਆਂ ਸਹੂਲਤਾਂ ਹਾਸਿਲ ਹੋਣ|

Leave a Reply

Your email address will not be published. Required fields are marked *