ਖੁਦ ਹੀ ਬਿਮਾਰ ਹੋ ਗਿਆ ਹੈ ਫੇਜ਼ 6 ਦਾ ਸਿਵਲ ਹਸਪਤਾਲ

ਐਸ ਏ ਐਸ ਨਗਰ, 14 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਮਰੀਜਾਂ ਨੂੰ ਕਈ ਤਰ੍ਹਾਂ ਦੀਆਂ  ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਹਸਪਤਾਲ ਦੀ ਓਪੀ ਡੀ ਵਿੱਚ ਹੀ ਮਰੀਜਾਂ ਨੂੰ ਪਰਚੀ ਬਣਵਾਉਣ ਲਈ ਬਹੁਤ ਅਸੁਵਿਧਾ ਹੁੰਦੀ ਹੈ| ਇਸ ਓ ਪੀ ਡੀ ਵਿੱਚ ਪਰਚੀਆਂ ਬਣਾਉਣ ਲਈ ਇੱਕ ਹੀ ਖਿੜਕੀ ਹੈ, ਜਿਸ ਉੱਪਰ ਸਵੇਰੇ ਹੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਮਰੀਜਾਂ ਨੂੰ ਬਹੁਤ   ਪ੍ਰੇਸ਼ਾਨ ਹੋਣਾ ਪੈਂਦਾ ਹੈ|  ਇਸ ਦੇ ਨਾਲ ਹੀ ਇਥੇ ਟੈਸਟਾਂ ਦੀ ਫੀਸ ਜਮਾਂ ਕਰਵਾਉਣ ਲਈ ਵੀ ਇਕ ਹੀ ਖਿੜਕੀ ਹੈ, ਜਿਸ ਉਪਰ ਹੀ ਕਾਫੀ ਭੀੜ ਰਹਿੰਦੀ ਹੈ, ਜਿਸ ਕਾਰਨ ਮਰੀਜਾਂ ਨੂੰ ਅਤੇ ਉਹਨਾਂ ਨਾਲ ਆਏ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹੀ ਹਾਲ ਲੈਬ ਦਾ ਹੈ|
ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਸ ਹਸਪਤਾਲ ਦੀ ਸਾਰ ਲੈਣ ਵਾਲਾ ਕੋਈ ਵੀ ਨਾ ਹੋਵੇ| ਇਸ ਹਸਪਤਾਲ ਵਿੱਚ ਆਏ ਮਰੀਜ ਇਧਰ ਉਧਰ ਭਟਕਦੇ ਫਿਰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲੀਅਤ ਵਿੱਚ ਇਹ ਦਾਅਵੇ ਬਿਆਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ|
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐਸ ਐਮ ਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਓ ਪੀ ਡੀ ਵਿੱਚ ਜਗ੍ਹਾ ਤੰਗ ਹੋਣ ਕਾਰਨ ਸਿਰਫ ਦੋ ਕੰਪਿਊਟਰ ਹੀ ਉਥੇ ਆਉਂਦੇ ਹਨ, ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ| ਇਹ ਓ ਪੀ ਡੀ ਹੁਣ ਪਿੱਛੇ ਪਈ ਖਾਲੀ ਥਾਂ ਵਿੱਚ ਬਣਾਈ ਜਾਵੇਗੀ, ਜਿੱਥੇ ਕਿ ਜ਼ਿਆਦਾ ਕਾਉਂਟਰ ਲਗਾਏ ਜਾਣਗੇ| ਪਾਣੀ ਦੀ ਘਾਟ ਸਬੰਧੀ ਉਹਨਾਂ ਕਿਹਾ ਕਿ ਹਸਪਤਾਲ ਦੀ ਮੋਟਰ ਖਰਾਬ ਹੋ ਗਈ ਸੀ, ਜਿਸ ਕਰਕੇ ਇਹ ਸਮਸਿਆ ਆਈ ਸੀ|

Leave a Reply

Your email address will not be published. Required fields are marked *