ਖੁੰਢ ਚਰਚਾ : ਅਕਾਲੀ ਭਾਜਪਾ ਗਠਜੋੜ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਕਰਨਗੀਆਂ ਕਾਂਗਰਸੀ ਉਮੀਦਵਾਰ ਦੇ ਭਵਿੱਖ ਦਾ ਫੈਸਲਾ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 13 ਫਰਵਰੀ

ਵਿਧਾਨਸਭਾ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ 10 ਦਿਨਾਂ ਬਾਅਦ ਵੀ ਹਲਕੇ ਵਿੱਚ ਉਮੀਦਵਾਰਾਂ ਦੀ ਸਥਿਤੀ ਨੂੰ ਲੈ ਕੇ ਭੰਬਲਭੂਸਾ ਕਾਇਮ ਹੈ ਅਤੇ ਵੋਟਾਂ ਵਾਲੇ ਦਿਨ ਤੋਂ ਲੈ ਕੇ ਹੁਣ ਤਕ ਵੋਟਰਾਂ ਵਲੋਂ ਅਖਤਿਆਰ ਕੀਤੀ ਗਈ ਚੁੱਪੀ ਨੇ ਇਸ ਸੰਬੰਧੀ ਕਿਆਸਅਰਾਈਆਂ ਨੂੰ ਹੋਰ ਵਧਾ ਦਿੱਤਾ ਹੈ| ਹਾਲਾਤ ਇਹ ਹਨ ਕਿ ਭਾਵੇ ਸਾਰੇ ਹੀ ਉਮੀਦਵਾਰ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰੰਤੂ ਅੰਦਰੋ ਅੰਦਰੀ ਇਹ ਸਾਰੇ ਹੀ ਉਮੀਦਵਾਰ ਇਸ ਗੱਲੋਂ ਪਰੇਸ਼ਾਨ ਵੀ ਹਨ ਕਿ ਵੋਟਰਾਂ ਦੀ ਇਹ ਚੁੱਪੀ ਕਿਤੇ ਉਹਨਾਂ ਤੇ ਭਾਰੀ ਨਾ ਪੈ ਜਾਵੇ| ਇਸਦੇ ਨਾਲ ਹੀ ਉਮੀਦਵਾਰਾਂ ਅਤੇ ਵੱਖ ਵੱਖ ਵਿਅਕਤੀਆਂ ਵਲੋਂ ਵੋਟਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਗਿਣਤੀਆਂ ਮਿਣਤੀਆਂ ਨੇ ਇਹ ਖੁੰਡ ਚਰਚਾ ਵਧਾ ਦਿੱਤੀ ਹੈ ਕਿ ਕਿਸ ਕਿਸ ਉਮੀਦਵਾਰ ਨੂੰ ਕਿੰਨੀਆਂ ਕਿੰਨੀਆਂ ਵੋਟਾਂ ਪਈਆਂ ਹਨ ਅਤੇ ਕਿਹੜੇ ਉਮੀਤਵਾਰ ਦੀ ਜਿੱਤ ਦੀ ਸੰਭਾਵਨਾ ਜਿਆਦਾ ਹੈ|
ਇਸ ਪੱਖੋਂ ਜਿਆਦਾਤਰ ਲੋਕ ਇਸ ਗੱਲੋਂ ਇੱਕ ਮਤ ਨਜਰ ਆਉਂਦੇ ਹਨ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਦੀ ਪੁਜੀਸ਼ਨ ਵੋਟਾਂ ਪਾਉਣ ਵਾਲੇ ਦਿਨ ਤਕ ਮਜਬੂਤ ਬਣੀ ਰਹੀ ਸੀ ਅਤੇ ਹਲਕੇ ਵਿੱਚ ਉਹਨਾਂ ਦੀ ਜਿੱਤ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਘੱਟ ਨਹੀਂ ਹੈ ਪਰੰਤੂ ਇਸਦੇ ਨਾਲ ਹੀ ਚਰਚਾ ਕਰਨ ਵਾਲੇ ਇਹ ਵੀ ਮੰਨਦੇ ਹਨ ਕਿ ਇਸ ਵਾਰ ਚੁੱਪ ਚੁਪੀਤੇ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦੇ ਹੱਕ ਵਿੱਚ ਭੁਗਤਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਪੁਜੀਸ਼ਨ ਵੀ ਮਜਬੂਤ ਮੰਨੀ ਜਾ ਰਹੀ ਹੈ| ਇਸਦੇ ਨਾਲ ਹੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਵੀ ਮੁੱਖ ਮੁਕਾਬਲੇ ਵਿੱਚ ਗਿਣਿਆ ਜਾ ਰਿਹਾ ਹੈ ਜਦੋਂਕਿ ਬਾਕੀ ਪਾਰਟੀਆਂ ਵਲੋਂ ਅਤੇ ਆਜਾਦ ਤੌਰ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਚਰਚਾ ਬਹੁਤ ਘੱਟ ਹੋ ਰਹੀ ਹੈ|
ਇਸ ਵਾਰ ਹਲਕੇ ਦੀਆਂ ਕੁਲ 208971 ਵੋਟਾਂ ਵਿੱਚੋਂ 140506 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਸਿਆਸੀ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਇਹਨਾਂ ਵਿੰਚ ਤਿੰਨ ਚਾਰ ਫੀਸਦੀ ਵੋਟਾਂ ਨੂੰ ਛੱਡ ਕੇ ਬਾਕੀ ਦੀਆਂ ਵੋਟਾਂ ਇਹਨਾਂ ਤਿੰਨ ਮੁੱਖ ਉਮੀਦਵਾਰਾਂ ਵਿਚਾਲੇ ਹੀ ਵੰਡੀਆਂ ਜਾਣੀਆਂ ਹਨ| ਜੇਕਰ 2012 ਵਿੱਚ ਹੋਈਆਂ ਵਿਧਾਨਸਭਾ ਚੋਣਾ ਦੀ ਗੱਲ ਕਰੀਏ ਤਾਂ ਉਸ ਵੇਲੇ ਕੁਲ ਪੋਲ ਹੋਈਆਂ 124678 ਵੋਟਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ 64005 ਵੋਟਾਂ (51.34 ਫੀਸਦੀ) ਵੋਟਾਂ ਲੈ ਕੇ ਜੇਤੂ ਰਹੇ ਸੀ ਜਦੋਂਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਸ੍ਰ.  ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੂੰ 47249 (37.90 ਫੀਸਦੀ) ਵੋਟਾਂ ਹਾਸਿਲ ਹੋਈਆਂ ਸਨ| ਉਸ ਵੇਲੇ ਪੀਪਲਸ ਪਾਰਟੀ ਦੇ ਉਮੀਦਵਾਰ ਸ੍ਰ. ਬੀਰਦਵਿੰਦਰ ਸਿੰਘ ਤੀਜੇ ਨੰਬਰ ਤੇ ਰਹੇ ਸਨ ਜਿਹਨਾਂ ਨੂੰ 9069 ਵੋਟਾਂ ਹਾਸਿਲ ਹੋਈਆਂ ਸਨ|
ਸਾਲ 2014 ਵਿੱਚ ਹੋਈਆਂ ਲੋਕਸਭਾ ਚੋਣਾਂ ਮੌਕੇ ਹਲਕੇ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਸੀ| ਉਸ ਵੇਲੇ ਜਿੱਥੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਅੰਬਿਕਾ ਸੋਨੀ ਨੂੰ 35564 ਵੋਟਾਂ ਹਾਸਿਲ ਹੋਈਆਂ ਸਨ ਉੱਥੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੁਹਾਲੀ ਹਲਕੇ ਵਿੱਚੋਂ 42714 ਵੋਟਾਂ ਹਾਸਿਲ ਹੋਈਆਂ ਸਨ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਿੰਮਤ ਸਿੰਘ ਸ਼ੇਰਗਿਲ ਨੂੰ ਮੁਹਾਲੀ ਹਲਕੇ ਵਿੱਚ ਸਭ ਤੋਂ ਵੱਧ 50987 ਵੋਟਾਂ ਮਿਲੀਆਂ ਸਨ| ਲੋਕਸਭਾ ਚੋਣਾ ਦੌਰਾਨ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਲੀ ਇਹ ਹਵਾ ਬਾਅਦ ਵਿੱਚ ਕੁੱਝ ਠੰਡੀ ਜਰੂਰ ਪੈ ਗਈ, ਪਰੰਤੂ ਇਸਦੇ ਬਾਵਜੂਦ ਹਲਕੇ ਦੇ ਵੋਟਰਾਂ ਉੱਪਰ ਪਾਰਟੀ ਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ| ਅਜਿਹੇ ਵਿੱਚ ਸਿਆਸੀ ਮਾਹਿਰ ਇਸ ਗਿਣਤੀ ਮਿਣਤੀ ਵਿੱਚ ਰੁੱਝੇ ਹੋਏ ਹਨ ਕਿ ਮੌਜੂਦਾ ਹਾਲਾਤ ਵਿੱਚ ਜਿੱਤ ਦਾ ਸਿਹਰਾ ਕਿਸ ਪਾਰਟੀ ਦੇ ਸਿਰ ਬੱਝਣਾ ਹੈ|
ਇੱਕ ਗੱਲ ਸਾਰੇ ਹੀ ਮੰਨ ਰਹੇ ਹਨ ਕਿ ਇਸ ਵਾਰ ਸਰਕਾਰ ਵਿਰੋਧੀ ਲਹਿਰ ਕਾਰਨ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫੀ ਨੁਕਸਾਨ ਹੋਇਆ ਹੈ| ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਅਕਾਲੀ ਦਲ ਵਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਦਾ ਪੰਜਾਬ ਦੇ ਹੋਰਨਾਂ ਹਲਕਿਆਂ ਵਿੱਚ ਭਾਵੇਂ ਪਾਰਟੀ ਉਮੀਦਵਾਰਾਂ ਨੂੰ ਲਾਭ ਵੀ ਹੋਇਆ ਹੋਵੇ ਪਰੰਤੂ ਮੁਹਾਲੀ ਹਲਕੇ ਵਿੱਚ ਪਾਰਟੀ ਉਮੀਦਾਰ ਨੂੰ ਇਸਦਾ ਨੁਕਸਾਨ ਹੀ ਹੋਇਆ ਹੈ ਕਿਉਂਕਿ ਪਾਰਟੀ ਵਲੋਂ ਡੇਰਾ ਪ੍ਰੇਮੀਆਂ ਦੀ ਹਮਾਇਤ ਲੈਣ ਕਾਰਨ ਗੁੱਸੇ ਵਿੱਚ ਆਏ ਪੱਕੇ ਅਕਾਲੀ ਸਮਰਥਕ ਵੋਟਰਾਂ ਵਿੱਚੋਂ ਵੱਡੀ ਗਿਣਤੀ ਵੋਟਰ  ਇਸ ਵਾਰ ਵੋਟ ਪਾਉਣ ਲਈ ਬਾਹਰ ਹੀ ਨਹੀਂ ਨਿਕਲੇ ਅਤੇ ਅਜਿਹੇ ਵਿੱਚ ਮਾਹਿਰ ਮੁੱਖ ਤੌਰ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੀ ਮੁਕਾਬਲਾ ਮੰਨ ਰਹੇ ਹਨ|
ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਹਲਕੇ ਵਿੱਚ ਜੇਤੂ ਹੋਣ ਵਾਲੇ ਉਮੀਦਵਾਰ ਦਾ ਹਿਸਾਬ ਕਿਤਾਬ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਦੇ ਆਧਾਰ ਤੇ ਲਗਾਇਆ ਜਾ ਰਿਹਾ ਹੈ| ਹਲਕੇ ਵਿੱਚ ਇਹ ਚਰਚਾ ਚਲ ਰਹੀ ਹੈ ਕਿ ਜੇਕਰ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਦਾ ਅੰਕੜਾ 30 ਹਜਾਰ ਜਾਂ ਇਸ ਤੋਂ ਵੱਧ ਰਹਿੰਦਾ ਹੈ ਤਾਂ ਇਸਦਾ ਸਿੱਧਾ ਫਾਇਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਿਲੇਗਾ ਪਰੰਤੂ ਜੇਕਰ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਇਸਤੋਂ ਘੱਟ ਪਾਈ ਗਈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਥਿਤੀ ਮਜਬੂਤ ਹੋਵੇਗੀ| ਇਸ ਹਿਸਾਬ ਕਿਤਾਬ ਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਨਾਰਾਜ ਵੋਟਰਾਂ ਨੇ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਨੂੰ ਵੱਧ ਪਹਿਲ ਦਿੱਤੀ ਹੈ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਸਿਲ ਹੋਣ ਵਾਲੀਆਂ ਵੋਟਾਂ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਹਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਬਿਤ ਹੋ ਸਕਦੀਆਂ ਹਨ| ਸਿਆਸੀ ਮਾਹਿਰ ਕਹਿੰਦੇ ਹਨ ਕਿ 140508 ਵਿੱਚੋਂ 5 ਹਜਾਰ ਦੇ ਕਰੀਬ ਵੋਟਾਂ ਵੱਖ ਵੱਖ ਪਾਰਟੀਆਂ ਅਤੇ ਆਜਾਦ ਤੌਰ ਤੇ ਲੜਣ ਵਾਲੇ ਉਮੀਦਵਾਰ ਲੈ ਜਾਣਗੇ ਅਤੇ ਬਾਕੀ ਦੀਆਂ 1 ਲੱਖ 35 ਹਜਾਰ ਦੇ ਕਰੀਬ ਵੋਟਾਂ ਇਹਨਾਂ ਤਿੰਨਾ ਵਿੰਚ ਵੰਡੀਆਂ ਜਾਣਗੀਆਂ| ਮਾਹਿਰ ਮੰਨਦੇ ਹਨ ਕਿ ਸ੍ਰ. ਬਲਬੀਰ ਸਿੰਘ ਸਿੱਧੂ ਪਿਛਲੀ ਵਾਰ (2012) ਵਰਗਾ ਪ੍ਰਦਰਸ਼ਨ ਭਾਵੇਂ ਨਾ ਕਰ ਸਕਣ ਪਰ ਫਿਰ ਵੀ ਉਹਨਾਂ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ 55 ਹਜਾਰ ਤੋਂ ਸ਼ਾਇਦ ਹੀ ਘੱਟ ਹੋਵੇ| ਅਜਿਹੇ ਵਿੱਚ ਬਾਕੀ ਬਚੀਆਂ ਵੋਟਾਂ ਵਿੱਚੋਂ ਜਿੰਨੀਆਂ ਜਿਆਦਾ ਵੋਟਾਂ ਅਕਾਲੀ ਦਲ ਦੇ ਖਾਤੇ ਵਿੱਚ ਜਾਣਗੀਆਂ ਆਮ ਆਦਮੀ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ Tੁੰਨੀ ਹੀ ਘੱਟ ਹੋ ਜਾਵੇਗੀ ਅਤੇ ਇਸਦਾ ਫਾਇਦਾ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਹਾਸਿਲ              ਹੋਵੇਗਾ|
ਵੋਟਾਂ ਦੀ ਗਿਣਤੀ ਨੂੰ ਹਾਲੇ ਕਾਫੀ ਸਮਾਂ ਬਾਕੀ ਹੈ ਅਤੇ ਜਦੋਂ ਤਕ (11 ਮਾਰਚ ਨੂੰ ) ਵੋਟਾਂ ਦੀ ਗਿਣਤੀ ਨਹੀਂ ਹੁੰਦੀ ਇਹ ਖੁੰਢ ਚਰਚਾ ਅਤੇ ਗਿਣਤੀਆਂ ਮਿਣਤੀਆਂ ਇਸੇ ਤਰ੍ਹਾਂ ਜਾਰੀ ਰਹਿਣੀਆਂ ਹਨ ਅਤੇ ਵੇਖਣਾ ਇਹ ਹੈ ਕਿ ਵੋਟਾਂ ਦੇ ਨਤੀਜੇ ਕਿਸ ਉਮੀਦਵਾਰ ਦੇ ਸਿਰ ਤੇ ਜਿੱਤ ਦਾ ਤਾਜ ਰੱਖਦੇ ਹਨ|

Leave a Reply

Your email address will not be published. Required fields are marked *