ਖੁੰਭਾਂ ਦੀ ਕਾਸਤ ਕਿਸਾਨ ਭਰਾਵਾਂ ਲਈ ਬੇਹੱਦ ਲਾਹੇਵੰਦ : ਮਾਹਿਰ

ਐਸ.ਏ.ਐਸ ਨਗਰ, 13 ਜੂਨ (ਸ.ਬ.) ਫਸਲੀ ਵਿਭੰਨਤਾ ਅਪਣਾਉਣ ਵਾਲੇ ਡੇਰਾਬਸੀ ਤਹਿਸੀਲ ‘ਚ ਪੈਂਦੇ ਪਿੰਡ ਅੰਬਛਪਾ  ਦੇ ਕਿਸਾਨ ਹਰਦੀਪ ਸਿੰਘ ਨੇ ਖੁੰਭਾਂ ਦੀ ਕਾਸਤ ਕਰਕੇ ਇਸ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਂ ਸ੍ਰੋਤ ਬਣ ਗਏ ਹਨ|
ਖੁੰਭਾਂ ਦੀ ਕਾਸਤ ਕਰਨ ਦੇ ਸ਼ੌਕੀਨ ਹਰਦੀਪ  ਸਿੰਘ ਨੇ ਬਾਗਬਾਨੀ ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਖੇਤੀ ਵਿਭੰਨਤਾ ਲਈ ਲਗਾਏ ਜਾਂਦੇ ਕੈਂਪਾਂ ਵਿੱਚ ਹਿੱਸਾ ਲਿਆ ਅਤੇ ਖੁੰਭਾਂ ਦੀ ਕਾਸਤ  ਕਰਨ ਲਈ ਤਕਨੀਕੀ ਜਾਣਕਾਰੀ ਹਾਸਿਲ ਕੀਤੀ| ਉਸ ਵੱਲੋਂ ਸਪਾਨ ਪ੍ਰੋਡੈਕਸ਼ਨ, ਟੈਕਨੋਲੋਜੀ ਦੀ  ਟ੍ਰੇਨਿੰਗ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੈਂਟਰ ਕੰਡਾਂਘਾਟ, ਸੋਲਨ (ਹਿਮਾਚਲ) ਤੋਂ ਪ੍ਰਾਪਤ ਕੀਤੀ|
ਨੌਜਵਾਨ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਸਨੇ 2002 ਵਿੱਚ ਖੁੰਭਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਜਿਸ ਲਈ ਉਹ ਲੰਬੀ ਵਿਧੀ ਦੁਆਰਾ ਕੰਪੋਸਟ ਖਾਦ ਤਿਆਰ ਕਰਦਾ ਸੀ ਅਤੇ 2005 ਵਿੱਚ ਛੋਟੀ ਵਿਧੀ ਦੁਆਰਾ ਕੰਪੋਸਟ ਖਾਦ ਤਿਆਰ ਕਰਨੀ ਸ਼ੁਰੂ ਕੀਤੀ| ਜਿਸ ਨਾਲ ਖੁੰਭਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ| ਸਾਲ 2010-11 ਵਿੱਚ ਬਾਗਬਾਨੀ ਵਿਭਾਗ ਦੇ ਮਾਰਗ ਵਿੱਚ ਵੱਡਾ ਚੈਂਬਰ ਬਣਾਇਆ| ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਏਕੜ ਵਿੱਚ ਕਰੀਬ 800 ਤੋਂ 900 ਕੁਇੰਟਲ ਪ੍ਰਤੀ ਸਾਲ ਖੁੰਭਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ 30000 ਬੈਗ ਕੰਪੋਸਟ ਖਾਦ ਦੇ ਵੇਚੇ ਜਾਦੇ ਹਨ| ਉਨ੍ਹਾਂ ਦੱਸਿਆ ਕਿ ਅਕਤੂਬਰ ਤੋਂ ਮਾਰਚ ਤੱਕ ਖੁੰਭਾਂ ਦੀ ਫਸਲ ਲਈ ਮੌਸਮ ਵਧੀਆ ਹੁੰਦਾ ਹੈ ਜਿਸ ਨਾਲ ਉਤਪਾਦਨ ਵੀ ਵੱਧ ਹੁੰਦਾ ਹੈ ਪ੍ਰੰਤੂ ਗਰਮੀ ਦੇ ਮੌਸਮ ਵਿੱਚ ਖੁੰਭਾਂ ਦੀ ਫਸਲ ਲਈ ਕੰਟਰੋਲ ਯੁਨੀਟ ਲਗਾਉਣਾ ਪੈਂਦਾ ਹੈ ਜਿਸ ਨਾਲ ਫਸਲ ਦੇ ਮਿਆਰੀ ਹੋਣ ਦੇ ਨਾਲ ਨਾਲ ਉਤਪਾਦਨ ਵਿੱਚ ਵੀ ਕਮੀ ਨਹੀਂ  ਆਉਦੀ|
ਅਗਾਹਵਧੂ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਇੱਕ ਏਕੜ ਵਿੱਚੋਂ ਖੁੰਭਾਂ ਦੀ ਕਾਸਤ ਕਰਕੇ 04 ਲੱਖ ਤੋਂ 06 ਲੱਖ ਰੁਪਏ ਸਲਾਨਾ ਕਮਾਈ ਕਰਦਾ ਹੈ ਅਤੇ ਉਸ ਵੱਲੋਂ 20 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜਗਾਰ ਵੀ ਮੁਹੱਈਆ ਕਰਵਾ ਰਿਹਾ ਹੈ| ਵਰਨਣਯੋਗ ਹੈ ਕਿ ਅਗਾਂਹਵਧੂ ਕਿਸਾਨ ਹਰਦੀਪ ਸਿੰਘ 19 ਫਰਵਰੀ 2014 ਨੂੰ ਚੱਪੜਚਿੜੀ ਵਿਖੇ ਹੋਏ ਐਗਰੀ ਸਮਿੱਟ ਵਿੱਚ ਕਿਸਾਨ ਐਵਾਰਡ ਵੀ ਹਾਸਿਲ ਕਰ ਚੁੱਕੇ ਹਨ|

Leave a Reply

Your email address will not be published. Required fields are marked *