ਖੁੱਲ੍ਹੇ ਪਏ ਨਾਲੇ ਤੋਂ ਪ੍ਰੇਸ਼ਾਨ ਹਨ ਬਾਬਾ ਦੀਪ ਸਿੰਘ ਕਾਲੋਨੀ ਦੇ ਲੋਕ

ਖਰੜ, 29 ਜੂਨ (ਸ.ਬ.) ਖਰੜ ਦੇ ਲਾਂਡਰਾਂ ਰੋਡ ਸੈਕਟਰ 9 ਤੇ ਸੜਕ ਦੇ ਦੋਵੇਂ ਪਾਸੇ ਬਣੇ ਨਾਲੇ ਹਾਦਸਿਆ ਨੂੰ ਸਦਾ ਦੇ ਰਹੇ ਹਨ| ਖਰੜ-ਲਾਂਡਰਾ ਰੋਡ ਤੇ ਬਣੇ ਇਨਾਂ ਨਾਲਿਆਂ (ਜੋ ਕਿ ਦੋ ਸਾਲ ਪਹਿਲਾਂ ਸਾਫ ਕੀਤੇ ਗਏ ਸਨ) ਦੀ ਸਾਂਭ ਸੰਭਾਲ ਵੱਲ ਨਗਰ ਕੌਂਸਲ ਦੇ ਅਧਿਆਰੀਆਂ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹਨਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਇਹਨਾਂ ਦੇ ਉੱਪਰ ਪਈਆਂ ਸਲੈਬਾਂ ਵੀ ਗਾਇਬ ਹੋ ਗਈਆਂ ਹਨ| 
ਇਸ ਸੜਕ ਤੇ ਬਣੀ ਬਾਬਾ ਦੀਪ ਸਿੰਘ ਕਾਲੋਨੀ ਦੇ ਬਾਹਰ ਤੋਂ ਲੰਘਦੇ ਨਾਲੇ ਦੇ ਉੱਪਰ ਰੱਖੀਆਂ ਸਲੈਬਾਂ ਵੀ ਨਹੀਂ ਹਨ ਜਿਸ ਕਾਰਨ ਕਾਲੋਨੀ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਕਾਲੋਨੀ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲੇ ਵਿੱਚ ਕਈ ਵਾਰ ਬੱਚੇ, ਬਜ਼ੁਰਗ ਅਤੇ ਕਈ ਜਾਨਵਰ ਡਿੱਗ ਚੁੱਕੇ ਹਨ ਅਤੇ ਇੱਥੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ|
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਬਰਸਾਤ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਕਾਰਨ ਨਾਲੇ ਦਾ ਗੰਦਾ ਪਾਣੀ ਕਾਲੋਨੀ ਦੇ ਘਰਾਂ ਵਿੱਚ ਵੜ ਜਾਂਦਾ ਹੈ ਅਤੇ ਜਿਸ ਨਾਲ ਇੱਥੇ ਕਿਸੇ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਕਾਲੋਨੀ ਦੇ ਪ੍ਰਧਾਨ ਆਤਮਾ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ| ਉਨ੍ਹਾਂ ਦੱਸਿਆ ਕਿ ਇਸ ਨਾਲੇ ਦੀਆਂ 15 ਤੋਂ 20 ਸਲੈਬਾਂ ਟੁੱਟ ਚੁੱਕੀਆਂ ਹਨ ਅਤੇ ਲੱਗਦਾ ਹੈ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ| 
ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ| ਇਸ ਮੌਕੇ ਉਹਨਾਂ ਦੇ ਨਾਲ ਦਰਸ਼ਨ ਸਿੰਘ, ਅਮਰਜੀਤ ਸਿੰਘ ਭੰਗੂ, ਸੁਰਿੰਦਰ ਸਿੰਘ, ਇੰਦਰਜੀਤ ਵਰਮਾ, ਰਣਜੀਤ ਬਜਾਜ, ਹਰਬੰਸ ਸਿੰਘ ਅਤੇ ਕ੍ਰਿਸ਼ਨ ਪਾਲ ਹਾਜ਼ਿਰ ਸਨ|

Leave a Reply

Your email address will not be published. Required fields are marked *