ਖੁੱਲ ਗਏ 10 ਮਹੀਨਿਆਂ ਤੋਂ ਬੰਦ ਪਏ ਸਕੂਲ
ਲੱਗਭੱਗ ਦਸ ਮਹੀਨਿਆਂ ਤੋਂ ਬੰਦ ਪਏ ਸਕੂਲ ਹੁਣ ਖੁੱਲਣ ਲੱਗ ਪਏ ਹਨ। ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈ ਕੇ ਕਰਨਾਟਕ ਅਤੇ ਕੇਰਲ ਤੱਕ ਕਈ ਰਾਜਾਂ ਦੀਆਂ ਸਰਕਾਰਾਂ ਕੁੱਝ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਸਕੂਲ ਖੋਲ੍ਹਣ ਦੀ ਮੰਜੂਰੀ ਦੇ ਰਹੀਆਂ ਹਨ। ਇੰਨੀ ਲੰਬੀ ਮਿਆਦ ਤੱਕ ਸਕੂਲਾਂ ਦਾ ਬੰਦ ਰਹਿਣਾ ਸਭ ਦੇ ਲਈ ਨੁਕਸਾਨਦਾਇਕ ਸਾਬਿਤ ਹੋਇਆ ਹੈ। ਕਹਿਣ ਨੂੰ ਇਸ ਦੌਰਾਨ ਆਨਲਾਈਨ ਕਲਾਸਾਂ ਚੱਲਦੀਆਂ ਰਹੀਆਂ ਹਨ, ਪਰ ਆਰਥਿਕ, ਸਮਾਜਿਕ ਅਤੇ ਬੌਧਿਕ ਪੱਧਰ ਤੇ ਵੱਖ-ਵੱਖ ਹਾਲਤਾਂ ਵਾਲੇ ਬੱਚਿਆਂ ਦੇ ਵਿਅਕਤੀਗਤ ਵਿਕਾਸ ਨੂੰ ਧਿਆਨ ਵਿੱਚ ਰੱਖੀਏ ਤਾਂ ਸਕੂਲ ਜਾ ਕੇ ਕਲਾਸਰੂਮ ਵਿੱਚ ਪੜ੍ਹਾਈ ਕਰਨ ਦੀ ਕੋਈ ਤੁਲਣਾ ਆਨਲਾਈਨ ਪੜਾਈ ਨਾਲ ਨਹੀਂ ਹੋ ਸਕਦੀ। ਇਸਤੋਂ ਇਲਾਵਾ ਇਹ ਵੀ ਮੰਨਣਾ ਪਵੇਗਾ ਕਿ ਆਨਲਾਈਨ ਜਮਾਤਾਂ ਦਾ ਚਲਨ ਬੱਚਿਆਂ ਵਿੱਚ ਹੋਰ ਵੀ ਦੁਖਦ ਸ਼੍ਰੇਣੀ ਵੰਡ ਦਾ ਕਾਰਨ ਬਣਿਆ ਹੈ।
ਮਹਾਨਗਰਾਂ ਵਿੱਚ ਰਹਿਣ ਵਾਲੇ ਸਾਧਨ ਸੰਪੰਨ ਪਰਿਵਾਰਾਂ ਦੇ ਬੱਚਿਆਂ ਦਾ ਇੱਕ ਛੋਟਾ ਤਬਕਾ ਹੀ ਕਾਇਦੇ ਨਾਲ ਆਨਲਾਈਨ ਕਲਾਸਾਂ ਦਾ ਫਾਇਦਾ ਲੈ ਸਕਿਆ ਹੈ। ਉਂਝ ਤਾਂ ਸਾਰੇ ਸਕੂਲਾਂ ਵਿੱਚ ਇਹ ਸਹੂਲਤ ਹੀ ਮੌਜੂਦ ਨਹੀਂ ਹੈ, ਅਤੇ ਜਿੱਥੇ ਹੈ ਉੱਥੇ ਵੀ ਲੈਪਟਾਪ ਅਤੇ ਮੋਬਾਇਲ ਤੱਕ ਸੀਮਿਤ ਪਹੁੰਚ ਅਤੇ ਬਿਜਲੀ ਅਤੇ ਨੈਟਵਰਕ ਵਰਗੀਆਂ ਰੁਕਾਵਟਾਂ ਦੇ ਚਲਦੇ ਜਿਆਦਾਤਰ ਬੱਚੇ ਕਲਾਸ ਦੀਆਂ ਸਾਰੀਆਂ ਗੱਲਾਂ ਨਹੀਂ ਸਮਝ ਸਕੇ। ਇੱਕ ਹੀ ਕਲਾਸ ਵਿੱਚ ਜਾਣਕਾਰੀ ਦੇ ਵੱਖ-ਵੱਖ ਪੱਧਰ ਵਾਲੇ ਬੱਚਿਆਂ ਨੂੰ ਲੈ ਕੇ ਅੱਗੇ ਵਧਣਾ ਅਧਿਆਪਕਾਂ ਲਈ ਵੱਡੀ ਚੁਣੌਤੀ ਸਾਬਿਤ ਹੋਣ ਵਾਲਾ ਹੈ। ਪਰ ਗੱਲ ਇੰਨੀ ਹੀ ਨਹੀਂ ਹੈ। ਦਸ ਮਹੀਨੇ ਦੀ ਇਸ ਬੰਦੀ ਨੇ ਸਿੱਖਿਆ ਦਾ ਢਾਂਚਾ ਢਹਿ ਜਾਣ ਦਾ ਖਤਰਾ ਪੈਦਾ ਕਰ ਦਿੱਤਾ ਹੈ।
ਸਕੂਲਾਂ ਦੇ ਵਿੱਤਪੋਸ਼ਣ ਨਾਲ ਜੁੜੀ ਇੱਕ ਕੰਪਨੀ ਆਈਐਸਐਫਸੀ ਵਲੋਂ ਕਰਵਾਏ ਗਏ ਸਰਵੇ ਦੇ ਮੁਤਾਬਕ ਦੇਸ਼ ਦੇ 17.06 ਫੀਸਦੀ ਸਕੂਲ ਅਜਿਹੇ ਰਹੇ ਜਿੱਥੇ ਇਸ ਸਾਲ ਫੀਸ ਦੇ ਨਾਮ ਤੇ ਕੁੱਝ ਵੀ ਜਮਾਂ ਨਹੀਂ ਹੋ ਸਕਿਆ। 59.74 ਫੀਸਦੀ ਸਕੂਲਾਂ ਵਿੱਚ ਫੀਸ ਕਲੇਕਸ਼ਨ 40 ਫੀਸਦੀ ਤੋਂ ਵੀ ਘੱਟ ਰਿਹਾ। ਸੁਭਾਵਿਕ ਰੂਪ ਨਾਲ ਇਸਦਾ ਅਸਰ ਸਟਾਫ ਦੀ ਸੈਲਰੀ ਤੇ ਪਿਆ। ਸਰਵੇ ਦੇ ਮੁਤਾਬਕ 26.49 ਫੀਸਦੀ ਸਕੂਲਾਂ ਨੇ ਕਰਮਚਾਰੀਆਂ ਦੀ ਛਾਂਟੀ ਕਰਨ ਅਤੇ 36.43 ਫੀਸਦੀ ਨੇ ਤਨਖਾਹ ਵਿੱਚ ਕਟੌਤੀ ਕਰਨ ਦੀ ਗੱਲ ਸਵੀਕਾਰ ਕੀਤੀ। ਸਾਫ ਹੈ, ਇਹ ਸਥਿਤੀ ਲੰਬੇ ਸਮੇਂ ਤੱਕ ਨਹੀਂ ਚੱਲ ਸਕਦੀ। ਰਾਜ ਸਰਕਾਰਾਂ ਵਲੋਂ ਸਕੂਲ ਖੋਲ੍ਹਣ ਦੀ ਮੰਜੂਰੀ ਦੇਣ ਦਾ ਇੱਕ ਰਿਸ਼ਤਾ ਇਸ ਸੰਕਟ ਨਾਲ ਵੀ ਹੈ।
ਰਿਹਾ ਸਵਾਲ ਮਹਾਂਮਾਰੀ ਦਾ ਤਾਂ ਰੋਜਾਨਾ ਨਵੇਂ ਇੰਨਫੈਕਸ਼ਨਾਂ ਦੀ ਗਿਣਤੀ ਭਾਰਤ ਵਿੱਚ ਬੇਸ਼ੱਕ ਘੱਟ ਹੋ ਗਈ ਹੋਵੇ, ਪਰ ਵਾਇਰਸ ਦਾ ਖਤਰਾ ਘੱਟ ਨਹੀਂ ਹੋਇਆ ਹੈ। ਖਾਸ ਕਰਕੇ ਬਿ੍ਰਟੇਨ ਤੋਂ ਫੈਲ ਰਹੇ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਨੇ ਸਕੂਲਾਂ ਲਈ ਮੁਸ਼ਕਿਲ ਹੋਰ ਵਧਾ ਦਿੱਤੀ ਹੈ। ਉੱਥੇ ਹਾਲਾਤ ਲੱਗਭੱਗ ਕੰਟਰੋਲ ਵਿੱਚ ਆ ਗਏ ਸਨ, ਪਰ ਨੌਜਵਾਨਾਂ ਅਤੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਇਸ ਨਵੇਂ ਸਟਰੇਨ ਦਾ ਕਹਿਰ ਦੇਖਕੇ ਪੂਰੇ ਦੇਸ਼ ਵਿੱਚ ਫਿਰ ਤੋਂ ਸਖਤ ਲਾਕਡਾਉਨ ਲਾਗੂ ਕਰਨਾ ਪਿਆ। ਵੈਕਸੀਨਾਂ ਜੇਕਰ ਪੂਰੀ ਤਰ੍ਹਾਂ ਪ੍ਰਭਾਵੀ ਸਾਬਿਤ ਹੁੰਦੀਆਂ ਹਨ ਤਾਂ ਵੀ ਵਿਆਪਕ ਆਬਾਦੀ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸਮਾਂ ਲੱਗੇਗਾ। ਅਜਿਹੇ ਵਿੱਚ ਬਚਾਓ ਦਾ ਸਭਤੋਂ ਕਾਰਗਰ ਤਰੀਕਾ ਅੱਜ ਵੀ ਜਿਆਦਾ ਤੋਂ ਜਿਆਦਾ ਸਾਵਧਾਨੀ ਵਰਤਣ ਦਾ ਹੀ ਹੈ। ਸਰਕਾਰਾਂ ਨੇ ਸਕੂਲਾਂ ਤੇ ਅਜਿਹੀਆਂ ਕਈ ਪਾਬੰਦੀਆਂ ਲਗਾਈਆਂ ਹਨ, ਪਰ ਉਨ੍ਹਾਂ ਦੀ ਪਾਲਣਾ ਯਕੀਨੀ ਕਰਨ ਦਾ ਕੰਮ ਮਾਪਿਆਂ ਅਤੇ ਸਕੂਲ ਪ੍ਰਬੰਧਨ ਦੇ ਹੀ ਜਿੰਮੇ ਹੈ।
ਰੋਹਿਤ ਮਿਸ਼ਰਾ