ਖੇਡਾਂ ਦਾ ਇਨਸਾਨੀ ਜੀਵਨ ਵਿੱਚ ਮਹੱਤਵਪੂਰਨ ਰੋਲ : ਬੱਬੀ ਬਾਦਲ

ਐਸ ਏ ਐਸ ਨਗਰ, 14 ਸਤੰਬਰ (ਸ.ਬ.) ਧਨਾਸ ਯੂਥ ਸਪੋਰਟਸ ਕਲੱਬ ਵੱਲੋਂ 24 ਸਤੰਬਰ ਨੂੰ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਦਾ ਪੋਸਟਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ| ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਖੇਡਾਂ ਇਨਸਾਨੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ ਉਹਨਾਂ ਕਿਹਾ ਕਿ ਜਦੋਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੁਸ਼ਤੀ ਦੰਗਲ ਅਤੇ ਖੇਡ ਕਬੱਡੀ ਦਾ ਰੁਝਾਨ ਵਧਿਆ ਹੈ ਉਦੋਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਘਟੀ ਹੈ|
ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਬਹੁਤ ਸਾਰਾ ਕੰਮ ਬਾਕੀ ਹੈ ਅਤੇ ਸਾਰੇ ਸਮਾਜ ਨੂੰ ਰਲ-ਮਿਲ ਕੇ ਕਿਤੇ ਤਾਂ ਸ਼ੁਰੂਆਤ ਕਰਨੀ ਪਵੇਗੀ| ਉਹਨਾਂ ਕਿਹਾ ਕਿ ਜੇਕਰ ਪੇਂਡੂ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਯੂਥ ਕਲੱਬ ਅਤੇ ਧਾਰਮਿਕ ਸੰਸਥਾਵਾਂ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਲਈ ਸੱਚੇ ਦਿਲੋਂ ਉਪਰਾਲੇ ਕੀਤੇ ਜਾਣ ਤਾਂ ਨਿਸ਼ਚਿਤ ਹੀ ਇੱਕ ਦਿਨ ਪੰਜਾਬ ਦੀ ਨਰੋਈ ਅਤੇ ਤੰਦਰੁਸਤੀ ਜਵਾਨੀ ਦੀਆਂ ਦੇਸ਼ ਭਰ ਵਿੱਚ ਗੱਲਾਂ ਹੋਣਗੀਆਂ| ਬੱਬੀ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੜ ਤੋਂ ਮਾਂ ਖੇਡ ਕਬੱਡੀ ਵਰਲਡ ਕੱਪ ਪੰਜਾਬ ਵਿੱਚ ਸ਼ੁਰੂ ਕਰਨ ਤਾਂ ਜੋ ਨੌਜਵਾਨਾਂ ਨੂੰ ਇਹਨਾਂ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲ ਸਕੇ|
ਇਸ ਮੌਕੇ ਕੁਸ਼ਤੀ ਦੰਗਲ ਦੇ ਪ੍ਰਬੰਧਕ ਗੁਰਵਿੰਦਰ ਸਿੰਘ ਸੰਧੂ ਅਤੇ ਕਰਮਾਂ ਸੰਧੂ ਨੇ ਦੱਸਿਆ ਕਿ ਇਸ ਦੰਗਲ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨ ਹਿੱਸਾ ਲੈਣਗੇ ਅਤੇ ਲੱਖਾਂ ਰੁਪਇਆ ਦੇ ਇਨਾਮ ਦਿੱਤੇ ਜਾਣਗੇ| ਇਸ ਮੌਕੇ ਸਰਵਸ੍ਰੀ ਕਰਮਜੀਤ ਸਿੰਘ ਸੰਧੂ, ਕਿੱਦਾ ਕਜਹੇੜੀ, ਮਾਨ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਕੁਲਵਿੰਦਰ ਸਿੰਘ, ਸੁੱਖੀ ਧਨਾਸ, ਅਮਰੀਕ ਸਿੰਘ ਰੋਣੀ, ਤਲਵਿੰਦਰ ਸਿੰਘ ਗਿੱਲ ਲਾਡਰਾਂ ਆਦਿ ਹਾਜਰ ਸਨ|

Leave a Reply

Your email address will not be published. Required fields are marked *