ਖੇਡਾਂ ਦੇ ਖੇਤਰ ਵਿੱਚ ਪੰਜਾਬ ਤੋਂ ਬਹੁਤ ਅੱਗੇ ਹੈ ਹਰਿਆਣਾ

ਪੰਜਾਬੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਾਂ ਜੰਮਦੇ ਹੀ ਜਵਾਨ ਹੋ ਜਾਂਦੇ ਹਨ| ਪੰਜਾਬੀ ਉੱਚੇ, ਲੰਬੇ, ਤੰਦਰੁਸਤ ਅਤੇ ਮਜਬੂਤ ਜੁੱਸੇ ਵਾਲੇ ਜਵਾਨ ਹੁੰਦੇ ਹਨ ਪਰ ਹੁਣ ਅਜਿਹੇ ਉੱਚੇ, ਲੰਬੇ ਤੇ ਤੰਦਰੁਸਤ ਜਵਾਨ ਪੰਜਾਬ ਵਿਚ ਲੱਭਿਆਂ ਵੀ ਨਹੀਂ ਲੱਭਦੇ| ਨਾ ਹੀ ਹੁਣ ਪੰਜਾਬੀਆਂ ਦੀਆਂ ਖੇਡਾਂ ਵਿਚ ਕੋਈ ਖਾਸ ਪ੍ਰਾਪਤੀਆਂ ਰਹੀਆਂ ਹਨ| ਦੂਜੇ ਪਾਸੇ ਹਰਿਆਣਾ ਖੇਡਾਂ ਦੇ ਖੇਤਰ ਵਿੱਚ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਭਾਰਤ ਦੀਆਂ ਰਾਸ਼ਟਰੀ ਟੀਮਾਂ ਵਿੱਚ ਹੁਣ ਹਰਿਆਣੇ ਦੇ ਖਿਡਾਰੀਆਂ ਦਾ ਹੀ ਬੋਲਬਾਲਾ ਦਿਖਦਾ ਹੈ, ਜਿਵੇਂ ਪਹਿਲਾਂ ਕਦੇ ਭਾਰਤ ਦੀਆਂ ਟੀਮਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ ਹੋਇਆ ਕਰਦੀ ਸੀ|
ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਖਿਡਾਰੀਆਂ ਦੀ ਸਾਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਤੂਤੀ ਬੋਲਦੀ ਸੀ| ਵਿਰੋਧੀ ਟੀਮਾਂ ਦੇ ਖਿਡਾਰੀ ਤਾਂ ਪੰਜਾਬੀ ਖਿਡਾਰੀਆਂ ਨੂੰ ਵੇਖ ਕੇ ਮੈਦਾਨ ਛੱਡ ਜਾਂਦੇ ਸਨ ਪਰ ਹੁਣ ਸਾਡੇ ਪੰਜਾਬੀ ਖਿਡਾਰੀ ਖੇਡਾਂ ਦੇ ਖੇਤਰ ਵਿੱਚ ਬਹੁਤ ਜਿਆਦਾ ਪਿਛੜ ਗਏ ਹਨ| ਇਸਦਾ ਪ੍ਰਮੁਖ ਕਾਰਨ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਮੁਕਾਬਲਿਆਂ ਦੀਆਂ ਤਿਆਰੀਆਂ ਲਈ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਹੰਥ ਘੁੱਟਣਾ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਉਹਨਾਂ ਨੂੰ ਬਣਦਾ ਉਤਸ਼ਾਹ ਦੇਣ ਤੋਂ ਪਿੱਛੇ ਹਟਨਾ ਹੈ|
ਪਿਛਲੇ ਦਿਨੀਂ ਪੰਜਾਬ ਦੀ ਇਕ ਮਹਿਲਾ ਖਿਡਾਰਨ ਨੇ ਇਸ ਸੰਬੰਧੀ ਆਪਣਾ ਦਰਦ ਜਾਹਿਰ ਕੀਤਾ ਸੀ| ਉਸਨੇ ਕਿਹਾ ਸੀ ਕਿ ਜੇ ਪੰਜਾਬ ਸਰਕਾਰ ਨੇ ਉਸਦੀਆਂ ਖੇਡ ਪ੍ਰਾਪਤੀਆਂ ਦੀ ਕਦਰ ਨਾ ਪਾਈ ਅਤੇ ਉਸ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਨਾ ਦਿਤੀ ਤਾਂ ਉਹ ਅੱਗੇ ਤੋਂ ਹਰਿਆਣਾ ਵਲੋਂ ਖੇਡਣ ਲੱਗ ਜਾਵੇਗੀ| ਇਸ ਮਹਿਲਾ ਪੰਜਾਬੀ ਖਿਡਾਰਨ ਨੂੰ ਰੇਲਵੇ ਵਲੋਂ ਨੌਕਰੀ ਦਿਤੀ ਗਈ ਹੈ, ਪਰ ਇਹ ਨੌਕਰੀ ਜਿਸ ਸ਼ਹਿਰ ਵਿੱਚ ਦਿਤੀ ਗਈ ਹੈ, ਉਹ ਪੰਜਾਬ ਤੋਂ ਬਹੁਤ ਦੂਰ ਹੈ, ਜਿਸ ਕਾਰਨ ਇਸ ਮਹਿਲਾ ਖਿਡਾਰਨ ਨੂੰ ਆਉਣ ਜਾਣ ਵਿੱਚ ਹੀ ਬਹੁਤ ਦਿਕਤ ਹੁੰਦੀ ਹੈ| ਇਸ ਖਿਡਾਰਨ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਸਰਕਾਰ ਕੋਈ ਮਾਣ ਸਤਿਕਾਰ ਨਹੀਂ ਦੇ ਰਹੀ|
ਕੁਝ ਇਹੋ ਜਿਹਾ ਹੀ ਹਾਲ ਪੰਜਾਬ ਦੇ ਹੋਰਨਾਂ ਖਿਡਾਰੀਆਂ ਦਾ ਵੀ ਹੈ| ਹਾਲ ਤਾਂ ਇਹ ਹੈ ਕਿ ਹੁਣੇ ਜਿਹੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਹਰਿਆਣੇ ਦੇ ਇਕ ਅਜਿਹੇ ਖਿਡਾਰੀ ਨੇ ਵੀ ਮੈਡਲ ਜਿਤ ਲਿਆ ਜੋ ਕਿ ਰਹਿੰਦਾ ਪੰਜਾਬ ਵਿੱਚ ਹੀ ਹੈ ਅਤੇ ਪਹਿਲਾਂ ਪੰਜਾਬ ਵਲੋਂ ਹੀ ਖੇਡਦਾ ਹੁੰਦਾ ਸੀ ਪਰ ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਨਿਰਾਸ਼ ਹੋ ਕੇ ਉਸਨੇ ਹਰਿਆਣਾ ਵਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ| ਉਹ ਸਿਰਫ ਇਕੱਲਾ ਹੀ ਨਹੀਂ ਹੈ ਬਲਕਿ ਅਜਿਹੇ ਵੱਡੀ ਗਿਣਤੀ ਨੌਜਵਾਨ ਖਿਡਾਰੀ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਪੰਜਾਬ ਦੀ ਥਾਂ ਹੁਣ ਹਰਿਆਣਾ ਵਲੋਂ ਖੇਡ ਰਹੇ ਹਨ|
ਪੰਜਾਬ ਦੇ ਖੇਡਾਂ ਦੇ ਖੇਤਰ ਵਿੱਚ ਪਿਛੜਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਖਿਡਾਰੀਆਂ ਦੀ ਕੋਈ ਕਦਰ ਨਹੀਂ ਪਾਉਂਦੀ| ਜੇਕਰ ਪੰਜਾਬ ਸਰਕਾਰ ਖਿਡਾਰੀਆਂ ਲਈ ਕੁਝ ਕਰਦੀ ਵੀ ਹੈ ਤਾਂ ਉਸ ਦਾ ਲਾਭ ਅਕਸਰ ਹੀ ਸਿਫਾਰਸ਼ੀ ਖਿਡਾਰੀ ਵਧੇਰੇ ਲੈ ਜਾਂਦੇ ਹਨ| ਇਸ ਤੋਂ ਇਲਾਵਾ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨ ਖੇਡਾਂ ਦੀ ਥਾਂ ਨਸ਼ੇ ਦੀ ਲੋਰ ਵਿੱਚ ਹੀ ਝੂਟੇ ਲੈਂਦੇ ਰਹਿੰਦੇ ਫਿਰਦੇ ਹਨ| ਨਸ਼ੇ ਵਿੱਚ ਟੱਲੀ ਹੋਏ ਪੰਜਾਬੀ ਨੌਜਵਾਨਾਂ ਤੋਂ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਦੀ ਆਸ ਵੀ ਨਹੀਂ ਕੀਤੀ ਜਾਣੀ ਚਾਹੀਦੀ| ਵੱਡੀ ਗਿਣਤੀ ਖਿਡਾਰੀਆਂ ਉਪਰ ਇਹ ਦੋਸ਼ ਵੀ ਲੱਗਦਾ ਹੈ ਕਿ ਉਹ ਆਪਣੀ ਤਾਕਤ ਵਧਾਉਣ ਲਈ ਤਾਕਤ ਵਧਾਊ ਦਵਾਈਆਂ ਜਾਂ ਫਿਰ ਨਸ਼ੇ ਦੀ ਵਰਤੋ ਕਰਦੇ ਹਨ| ਇਹ ਹੀ ਕਾਰਨ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿੱਚ ਪਿਛੜ ਗਿਆ ਹੈ|
ਦੂਜੇ ਪਾਸੇ ਹਰਿਆਣਾ ਹੈ ਜਿੱਥੇ ਸਰਕਾਰ ਹਰਿਆਣਾ ਦੇ ਖਿਡਾਰੀਆਂ ਦੇ ਨਾਲ ਨਾਲ ਹਰਿਆਣਾ ਵਲੋਂ ਖੇਡਣ ਵਾਲੇ ਦੂਜੇ ਰਾਜਾਂ ਦੇ ਖਿਡਾਰੀਆਂ ਨੂੰ ਵੀ ਪੂਰਾ ਮਾਣ ਸਨਮਾਣ ਦਿੰਦੀ ਹੈ| ਹਰਿਆਣਾ ਦੇ ਖਿਡਾਰੀ ਜਦੋਂ ਕਿਸੇ ਮਹੱਤਵਪੂਰਨ ਮੁਕਾਬਲੇ ਵਿੱਚ ਜੇਤੂ ਹੋ ਕੇ ਵਾਪਸ ਪਰਤਦੇ ਹਨ ਤਾਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿਤਾ ਜਾਂਦਾ ਹੈ| ਹਰਿਆਣਾ ਸਰਕਾਰ ਵਲੋਂ ਆਪਣੇ ਤਮਗਾ ਜੇਤੂ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ ਅਤੇ ਹੋਰ ਇਨਾਮਾਂ ਸਨਮਾਨਾਂ ਦੀ ਝੜੀ ਲਾ ਦਿੱਤੀ ਜਾਂਦੀ ਹੈ| ਜਦੋਂ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਜਾਂਦਾ ਹੈ|
ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਲੋੜੀਂਦੇ ਕਦਮ ਚੁੱਕੇ| ਇਸ ਵਾਸਤੇ ਜਿੱਥੇ ਖਿਡਾਰੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਪਿਛੜ ਰਹੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ ਨੂੰ ਕਾਇਮ ਕੀਤਾ ਜਾ ਸਕੇ|

Leave a Reply

Your email address will not be published. Required fields are marked *