ਖੇਡਾਂ ਦੇ ਖੇਤਰ ਵਿੱਚ ਹੋਰ ਸੁਧਾਰ ਕਰਨ ਦੀ ਲੋੜ

ਕੋਈ ਸਮਾਂ ਸੀ ਕਿ ਦੇਸ਼ ਦੇ ਖੇਡ ਖੇਤਰ ਵਿਚ ਪੰਜਾਬ ਅਤੇ ਪੰਜਾਬੀ ਖਿਡਾਰੀਆਂ ਦੀ ਹੀ ਝੰਡੀ ਹੁੰਦੀ ਸੀ ਅਤੇ ਪੰਜਾਬੀ ਖਿਡਾਰੀਆਂ ਵਿਚ ਵੀ ਵੱਡੀ ਗਿਣਤੀ ਜੂੜੇ ਵਾਲੇ ਖਿਡਾਰੀ ਹੁੰਦੇ ਸਨ, ਜੋ ਕਿ ਸਿਰ ਉਪਰ ਚਿੱਟਾ ਰੁਮਾਲ ਬੰਨ ਕੇ ਖੇਡਦੇ ਹੋਏ ਬਹੁਤ ਸੋਹਣੇ ਲੱਗਦੇ ਸਨ| ਉਹਨਾਂ ਨੂੰ ਵੇਖਕੇ ਬਾਲ ਖਿਡਾਰੀ ਵੀ ਪ੍ਰੇਰਨਾ ਲੈਂਦੇ ਸਨ ਤੇ ਇਸ ਤਰ੍ਹਾਂ ਪੰਜਾਬ ਵਿਚ ਖਿਡਾਰੀਆਂ ਦੀ ਨਵੀਂ ਪਨੀਰੀ ਵੀ ਨਾਲੋਂ ਨਾਲ ਤਿਆਰ ਹੋ ਜਾਂਦੀ ਸੀ ਪਰ ਜਿਵੇਂ ਜਿਵੇਂ ਖੇਡਾਂ ਵਿਚੋਂ ਜੂੜੇ ਵਾਲੇ ਖਿਡਾਰੀ ਗਾਇਬ ਹੋਏ ਉਵੇਂ ਹੀ ਪੰਜਾਬ ਖੇਡਾਂ ਦੇ ਖੇਤਰਾਂ ਵਿਚ ਪਿਛੜ ਗਿਆ| ਹੁਣ ਪੰਜਾਬ ਦੀ ਥਾਂ ਹਰਿਆਣਾ ਪੂਰੇ ਦੇਸ਼ ਵਿਚ ਖੇਡਾਂ ਦੇ ਖੇਤਰ ਵਿਚ ਮੋਹਰੀ ਹੈ| ਇਹ ਗੱਲ ਹੋਰ ਹੈ ਕਿ ਹਰਿਆਣਾ ਦੀਆਂ ਵੱਖ ਵੱਖ ਖੇਡਾਂ ਦੀਆਂ ਟੀਮਾਂ ਵਿਚ ਹੁਣੇ ਵੀ ਜੂੜੇ ਵਾਲੇ ਖਿਡਾਰੀਆਂ ਦੀ ਸਰਦਾਰੀ ਹੈ|
ਪੰਜਾਬ ਸਰਕਾਰ ਵਲੋਂ ਭਾਵੇਂ ਖੇਡਾਂ ਵਿਚ ਸੁਧਾਰ ਲਈ ਕੁੱਝ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹਨਾਂ ਉਪਰਾਲਿਆਂ ਨੂੰ ਮੁਕੰਮਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਖੇਡਾਂ ਦੇ ਖੇਤਰ ਵਿਚ ਅਜੇ ਵੀ ਪੰਜਾਬ ਫਾਡੀ ਹੈ ਅਤੇ ਪੂਰੇ ਦੇਸ਼ ਵਿਚ ਹਰਿਆਣਾ ਦੀ ਅਜੇ ਵੀ ਝੰਡੀ ਹੈ| ਹਰਿਆਣਾ ਸਰਕਾਰ ਵਲੋਂ ਜਿਥੇ ਆਪਣੇ ਖਿਡਾਰੀਆਂ ਲਈ ਖੁਲੇ ਗੱਫੇ ਵੰਡੇ ਜਾਂਦੇ ਹਨ ਉਥੇ ਹੀ ਉਹਨਾਂ ਨੁੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਪੰਜਾਬ ਵਿਚ ਅਜਿਹਾ ਘੱਟ ਹੋ ਰਿਹਾ ਹੈ| ਹਾਲਾਂਕਿ ਕੁਝ ਖਿਡਾਰੀ ਬਂੈਕਾਂ ਅਤੇ ਹੋਰ ਸਰਕਾਰੀ ਮਹਿਕਮਿਆਂ ਵਿਚ ਚੰਗੀਆਂ ਨੌਕਰੀਆਂ ਲੈ ਚੁਕੇ ਹਨ ਪਰ ਵੱਡੀ ਗਿਣਤੀ ਖਿਡਾਰੀ ਬੇਰੁਜਗਾਰ ਹਨ| ਇਹ ਉਹ ਖਿਡਾਰੀ ਹਨ ਜੋ ਕਿ ਖੇਡਾਂ ਵਿਚ ਬਿਜੀ ਹੋਣ ਕਰਕੇ ਪੜਾਈ ਵਿਚ ਮਾਰ ਖਾ ਗਏ ਇਸ ਤਰਾਂ ਇਹ ਖਿਡਾਰੀ ਨਾ ਘਰ ਦੇ ਰਹੇ ਨਾ ਘਾਟ ਦੇ| ਵੱਡੀ ਗਿਣਤੀ ਸਾਬਕਾ ਖਿਡਾਰੀਆਂ ਵਿਚੋਂ ਕੋਈ ਵੈਲਡਿੰਗ ਦਾ ਕੰਮ ਕਰਦਾ ਹੈ, ਕੋਈ ਟਰਾਲੀਆਂ ਦੀ ਰਿਪੇਅਰ ਤੇ ਕੋਈ ਸਾਈਕਲਾਂ ਨੂੰ ਪੈਂਚਰ ਹੀ ਲਾ ਰਿਹਾ ਹੁੰਦਾ ਹੈ| ਇਹਨਾਂ ਸਾਬਕਾ ਖਿਡਾਰੀਆਂ ਦੀ ਦੁਰਦਸਾ ਵੇਖ ਕੇ ਵੀ ਪੰਜਾਬ ਵਿਚ ਵੱਡੀ ਗਿਣਤੀ ਬੱਚੇ ਖੇਡਾਂ ਤੋਂ ਦੂਰ ਹੀ ਰਹਿੰਦੇ ਹਨ|
ਪੰਜਾਬ ਵਿਚ ਸ਼ਹਿਰਾਂ ਵਿੰਚ ਬਣੇ ਵੱਡੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪੂਰਾ ਮਹੱਤਵ ਮਿਲਦਾ ਹੈ ਅਤੇ ਇਹਨਾਂ ਸਕੂਲਾਂ ਵਿੱਚ ਹਰ ਸਾਲ ਸਾਲਾਨਾ ਖੇਡ ਮੇਲੇ ਅਤੇ ਹੋਰ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ| ਪਰ ਵੱਡੀ ਗਿਣਤੀ ਪੇਂਡੂ ਸਰਕਾਰੀ ਸਕੂਲਾਂ ਵਿਚ ਖੇਡਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ| ਇਸ ਤੋਂ ਇਲਾਵਾ ਪਿੰਡਾਂ ਵਿਚਲੇ ਵੱਡੀ ਗਿਣਤੀ ਪ੍ਰਾਈਵੇਟ ਸਕੂਲਾਂ ਵਿਚ ਵੀ ਸਾਰਾ ਜੋਰ ਪੜ੍ਹਾਈ ਉਪਰ ਹੀ ਲੱਗਾ ਦਿੱਤਾ ਜਾਂਦਾ ਹੈ ਅਤੇ ਖੇਡਾਂ ਵਿਚ ਹਿਸਾ ਲੈਣ ਨੂੰ ਸਮੇਂ ਦੀ ਬਰਬਾਦੀ ਕਿਹਾ ਜਾਂਦਾ ਹੈ| ਇਹੀ ਕਾਰਨ ਹੈ ਕਿ ਪੰਜਾਬ ਵਿਚ ਬਾਲ ਖਿਡਾਰੀਆਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ| ਜਿਹੜੇ ਬਾਲ ਖਿਡਾਰੀ ਖੇਡਾਂ ਖੇਡਦੇ ਵੀ ਹਨ ਉਹਨਾਂ ਨੂੰ ਯੋਗ ਅਗਵਾਈ ਨਹੀਂ ਮਿਲ ਰਹੀ| ਜਿਸ ਕਰਕੇ ਉਹ ਆਪਣੀ ਯੋਗਤਾ ਦਾ ਸਹੀ ਤਰੀਕੇ ਨਾਲ ਪ੍ਰਗਟਾਵਾ ਕਰਨ ਤੋਂ ਰਹਿ ਜਾਂਦੇ ਹਨ|
ਭਾਵੇਂ ਕਿ ਵੱਖ ਵੱਖ ਕਲੱਬਾਂ ਤੇ ਸੰਸਥਾਵਾਂ ਵਲੋਂ ਵੀ ਸਾਲਾਨਾ ਖੇਡ ਮੇਲੇ ਕਰਵਾਏ ਜਾਂਦੇ ਹਨ ਪਰ ਇਹਨਾਂ ਖ ੇਡ ਮੇਲਿਆਂ ਵਿਚ ਵੀ ਰਾਜਨੀਤੀ ਹੀ ਭਾਰੂ ਰਹਿੰਦੀ ਹੈ| ਇਹਨਾਂ ਖੇਡ ਮੇਲਿਆਂ ਦੇ ਪ੍ਰਬੰਧਕ ਕਿਸੇ ਨਾ ਕਿਸੇ ਰਾਜਸੀ ਪਾਰਟੀ ਨਾਲ ਜੁੜੇ ਹੁੰਦੇ ਹਨ ਅਤੇ ਖੇਡ ਮੇਲਿਆਂ ਦੌਰਾਨ ਵੀ ਉਹਨਾਂ ਦਾ ਜਿਆਦਾ ਜੋਰ ਆਪਣੀ ਰਾਜਨੀਤੀ ਚਮਕਾਉਣ ਤੇ ਹੀ ਹੁੰਦਾ ਹੈ| ਇਹਨਾਂ ਖੇਡ ਮੇਲਿਆਂ ਵਿਚ ਬਾਲ ਖਿਡਾਰੀਆਂ ਨੂੰ ਕੋਈ ਪ੍ਰੇਰਨਾ ਦੇਣ ਦੀ ਥਾਂ ਉਹਨਾਂ ਤੋਂ ਵੱਡੇ ਖਿਡਾਰੀਆਂ ਦੇ ਜੂਠੇ ਗਲਾਸ ਆਦਿ ਹੀ ਚੁਕਵਾਏ ਜਾਂਦੇ ਵੇਖੇ ਜਾਂਦੇ ਹਨ| ਇਸ ਤਰ੍ਹਾਂ ਦੇ ਖੇਡ ਮੇਲਿਆਂ ਦਾ ਖੇਡ ਖੇਤਰ ਵਿਚ ਕੋਈ ਜਿਕਰਯੋਗ ਯੋਗਦਾਨ ਨਹੀਂ ਹੁੰਦਾ| ਅਕਸਰ ਹੀ ਇਹ ਵੀ ਦੋਸ਼ ਲਗਦੇ ਹਨ ਕਿ ਮੈਚ ਤਾਂ ਪਹਿਲਾਂ ਹੀ ਫਿਕਸ ਹੋ ਗਏ ਸਨ|
ਸਰਕਾਰ ਵਲੋਂ ਭਾਵੇਂ ਸਕੂਲ ਅਤੇ ਕਾਲਜ ਯੂਨੀਵਰਸਿਟੀਆਂ ਵਿਚ ਪੜਦੇ ਖਿਡਾਰੀਆਂ ਲਈ ਭੱਤੇ ਅਤੇ ਹੋਰ ਲਾਭ ਦਿੱਤੇ ਜਾਂਦੇ ਹਨ ਪਰ ਇਹ ਲਾਭ ਖਿਡਾਰੀਆਂ ਤਕ ਘਟ ਪਹੁੰਚਦੇ ਹਨ ਅਤੇ ਰਸਤੇ ਵਿਚ ਹੀ ਗਾਇਬ ਜਿਹਾ ਹੋ ਜਾਂਦੇ ਹਨ| ਆਮ ਤੌਰ ਤੇ ਖਿਡਾਰੀਆਂ ਨਾਲੋਂ ਉਹਨਾਂ ਦੇ ਕੋਚਾਂ ਦੀ ਸਿਹਤ ਪੂਰੀ ਡਬਲ ਜਿਹੀ ਹੀ ਹੁੰਦੀ ਹੈ, ਜੋ ਕਿ ਕਈ ਸਵਾਲ ਖੜੇ ਕਰ ਜਾਂਦੀ ਹੈ| ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿਚ ਖੇਡਾਂ ਦੇ ਖੇਤਰ ਵਿਚ ਸੁਧਾਰ ਲਈ ਹੋਰ ਉਪਰਾਲੇ ਕੀਤੇ ਜਾਣ, ਖਿਡਾਰੀਆਂ ਦੀ ਚੋਣ ਵੇਲੇ ਭਾਈ ਭਤੀਜਾਵਾਦ ਦੀ ਥਾਂ ਖੇਡ ਪ੍ਰਾਪਤੀਆਂ ਨੂੰ ਮੁੱਖ ਰੱਖਿਆ ਜਾਵੇ ਅਤੇ ਸਰਕਾਰ ਵਲੋਂ ਖਿਡਾਰੀਆਂ ਲਈ ਭੇਜੀ ਜਾਂਦੀ ਖੁਰਾਕ ਅਤੇ ਹੋਰ ਭੱਤੇ ਪੂਰੀ ਤਰਾਂ ਖਿਡਾਰੀਆਂ ਤਕ ਪਹੁੰਚਾਏ ਜਾਣ ਫਿਰ ਹੀ ਪੰਜਾਬ ਇਕ ਵਾਰ ਫੇਰ ਖੇਡਾਂ ਦੇ ਖੇਤਰ ਵਿਚ ਮੋਹਰੀ ਬਣ ਸਕਦਾ ਹੈ|

Leave a Reply

Your email address will not be published. Required fields are marked *