ਖੇਡ ਮੰਤਰੀ ਵੱਲੋਂ ਏਸ਼ੀਅਨ ਚੈਂਪੀਅਨ ਤੇਜਿੰਦਰ ਪਾਲ ਸਿੰਘ ਦੇ ਪਿਤਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 4 ਸਤੰਬਰ (ਸ.ਬ.) ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ਿਆਈ ਖੇਡਾਂ ਵਿੱਚ ਸ਼ਾਟ ਪੁੱਟ ਈਵੈਂਟ ਦਾ ਸੋਨ ਤਮਗਾ ਜਿੱਤਣ ਵਾਲੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਦੇ ਪਿਤਾ ਸ. ਕਰਮ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਸ. ਕਰਮ ਸਿੰਘ ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਜਦੋਂ ਕਿ ਉਨ੍ਹਾਂ ਦਾ ਲੜਕਾ ਕੱਲ੍ਹ ਹੀ ਏਸ਼ਿਆਈ ਖੇਡਾਂ ਵਿੱਚੋਂ ਸੋਨ ਤਮਗਾ ਜਿੱਤ ਕੇ ਜਕਾਰਤਾ ਤੋਂ ਨਵੀਂ ਦਿੱਲੀ ਪੁੱਜਿਆ ਸੀ|
ਆਪਣੇ ਸ਼ੋਕ ਸੰਦੇਸ਼ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਤੇਜਿੰਦਰ ਦੀ ਸੁਨਿਹਰੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਅਤੇ ਪਰਿਵਾਰ ਦੀ ਘਾਲਣਾ ਦਾ ਸਭ ਤੋਂ ਵੱਧ ਯੋਗਦਾਨ ਹੈ| ਉਨ੍ਹਾਂ ਕਿਹਾ ਕਿ ਜਿਸ ਵੇਲੇ ਤੇਜਿੰਦਰ ਪਾਲ ਸਿੰਘ ਏਸ਼ਿਆਈ ਖੇਡਾਂ ਲਈ ਲੱਗੇ ਕੈਂਪ ਵਿੱਚ ਅਭਿਆਸ ਕਰ ਰਿਹਾ ਸੀ ਉਸ ਵੇਲੇ ਉਸ ਦੇ ਪਿਤਾ ਜ਼ੇਰ-ਏ-ਇਲਾਜ ਸਨ| ਉਨ੍ਹਾਂ ਕਿਹਾ ਕਿ ਤੇਜਿੰਦਰ ਨੇ ਅਜਿਹੇ ਹਾਲਾਤ ਵਿੱਚ ਅਭਿਆਸ ਕਰ ਕੇ ਸੋਨ ਤਮਗਾ ਜਿੱਤ ਕੇ ਆਪਣੇ ਪਿਤਾ ਦਾ ਸੁਫਨਾ ਪੂਰਾ ਕੀਤਾ|
ਖੇਡ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਕਿਹਾ ਕਿ ਇਸ ਅਕਹਿ ਤੇ ਅਸਹਿ ਦੁੱਖ ਦੀ ਘੜੀ ਵਿੱਚ ਉਹ ਨਿੱਜੀ ਤੌਰ ਤੇ ਤੇਜਿੰਦਰ ਪਾਲ ਸਿੰਘ ਦੇ ਦੁੱਖ ਵਿੱਚ ਸ਼ਰੀਕ ਹਨ|

Leave a Reply

Your email address will not be published. Required fields are marked *