ਖੇਤੀਬਾੜੀ ਨੀਤੀ ਨਾ ਬਣਨ ਕਰਕੇ ਸੜਕਾਂ ਤੇ ਰੁਲ ਰਿਹਾ ਹੈ ਦੇਸ਼ ਦਾ ਕਿਸਾਨ : ਬੱਬੀ ਬਾਦਲ
ਐਸ ਏ ਐਸ ਨਗਰ, 25 ਨਵੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ (ਟਕਸਾਲੀ ) ਦੇ ਯੂਥ ਵਿੰਗ ਸੂਬਾ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਰਕਾਰ ਤੇ ਦੋਸ਼ ਲਾਇਆ ਕਿ ਜੇਕਰ ਉਹ ਸਮੇਂ ਸਮਂੇ ਤੇ ਕਿਸਾਨ ਸੰਗਠਨਾਂ ਦੀਆਂ ਮੰਗਾਂ ਵੱਲ ਗੰਭੀਰ ਹੁੰਦੀ ਤਾਂ ਅੱਜ ਦਾ ਮਾਹੌਲ ਕਦੇ ਵੀ ਟਕਰਾਅ ਵਾਲਾ ਨਾ ਹੁੰਦਾ| ਇੱਥੇ ਜਾਰੀ ਇਕ ਬਿਆਨ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਤੋਂ ਰੋਕਣ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਦਸਾਂ ਨਹੁੰ ਦੀ ਕਿਰਤ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ|
ਉਹਨਾਂ ਕਿਹਾ ਕਿ ਸਰਕਾਰ ਕੇਵਲ 1 ਫੀਸਦੀ ਪੂੰਜੀਪਤੀਆਂ ਲਈ ਹੀ ਸੋਚਦੀ ਹੈ ਅਤੇ ਉਸਨੂੰ 99 ਫੀਸਦੀ ਲੋਕਾਂ ਦਾ ਕੋਈ ਫਿਕਰ ਨਹੀਂ ਹੈ ਜੋ ਰੋਟੀ ਤੋਂ ਵਾਂਝੇ ਹੋ ਜਾਂਦੇ ਹਨ| ਉਹਨਾਂ ਕਿਹਾ ਕਿ ਜੇਕਰ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਖੇਤੀ ਲੀਹ ਤੇ ਆ ਜਾਣੀ ਸੀ ਜੋ ਇਸ ਵੇਲੇ ਲੀਹੋ ਲੱਥੀ ਹੈ| ਉਹਨਾਂ ਮੰਗ ਕੀਤੀ ਕਿ ਸਰਕਾਰ ਖੇਤੀ ਨੀਤੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਲਾਗਤ ਮੁੱਲ ਦਾ ਸਹੀ ਭਾਅ ਮਿਲ ਸਕੇ |