ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਤੇ ਅਮਲ ਕਰ ਕੇ ਖੇਤੀ ਖਰਚੇ ਘਟਾਉਣ ਕਿਸਾਨ : ਮਾਨ

ਐਸ. ਏ. ਐਸ. ਨਗਰ, 10 ਜਨਵਰੀ (ਸ.ਬ.) ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਤੇ ਅਮਲ ਕਰਦਿਆਂ ਆਪਣੀਆਂ ਖੇਤੀ ਲਾਗਤਾਂ ਘੱਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਦਾ ਉਦੇਸ਼ ਕਿਸਾਨਾਂ ਦੇ ਮੁਨਾਫੇ ਨੂੰ ਵਧਾ ਕੇ ਕਿਸਾਨ ਦੇ ਜੀਵਨ ਪੱਧਰ ਨੂੰ ਹੋਰ ਸੁਧਾਰਨਾ ਹੈ ਤਾਂ ਜੋ ਰਾਜ ਦਾ ਕਿਸਾਨ ਹੋਰ ਖੁਸ਼ਹਾਲ ਹੋ ਸਕੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇੜੀਬਾੜੀ ਪ੍ਰੋਡਕਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਸ੍ਰੀ ਮਾਨ ਨੇ ਮੀਟਿੰਗ ਵਿੱਚ ਸ਼ਾਮਿਲ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਬਿਹਤਰ ਜਲ ਪ੍ਰਬੰਧਾਂ ਅਤੇ ਘੱਟ ਖਰਚਾ ਕਰ ਕੇ ਖੇਤੀ ਤੋਂ ਵੱਧ ਮੁਨਾਫਾ ਲੈਣ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ| ਉਨ੍ਹਾਂ ਕਿਸਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਦੁਕਾਨਾਂ ਤੋਂ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦਾ ਬਿੱਲ ਜ਼ਰੂਰ ਲੈਣ ਕਿਉਂਕਿ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਘਟੀਆ ਕਿਸਮ ਦੇ ਨਿਕਲਣ ਤੇ ਬਿੱਲ ਨਾ ਲੈਣ ਦੀ ਸੂਰਤ ਵਿੱਚ ਕਿਸੇ ਵੀ ਅਦਾਲਤ ਵਿੱਚ ਅਜਿਹੇ ਕੇਸ ਦੀ ਪੈਰਵੀ ਕਰਨਾ ਮੁਸ਼ਕਲ ਹੋ ਜਾਂਦਾ ਹੈ|
ਮੀਟਿੰਗ ਦੌਰਾਨ ਖੇਤਬਾੜੀ ਵਿਕਾਸ ਅਫਸਰ ਗੁਰਦਿਆਲ ਕੁਮਾਰ ਨੇ ਦੱਸਿਆ ਕਿ ਸੁਆਇਲ ਹੈਲਥ ਕਾਰਡ ਸਕੀਮ ਅਧੀਨ 10901 ਮਿੱਟੀ ਦੇ ਸੈਂਪਲ ਸਰਕਾਰ ਵੱਲੋਂ ਮੁਫਤ ਟੈਸਟ ਕਰਵਾਉਣ ਉਪਰੰਤ ਨਤੀਜੇ ਕਿਸਾਨਾਂ ਨੂੰ ਪਿੰਡ ਪੱਧਰ ਤੇ ਕੈਂਪ ਲਾ ਕੇ ਵੰਡੇ ਜਾ ਰਹੇ ਹਨ ਅਤੇ 7947 ਸੈਂਪਲ ਭੌ ਪਰਖ ਪ੍ਰਯੋਗਸ਼ਾਲਾ ਲੁਧਿਆਣਾ ਨੂੰ ਟੈਸਟ ਲਈ ਭੇਜੇ ਗਏ ਹਨ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਾਗਬਾਨੀ ਅਫਸਰ ਤਰਲੋਚਨ ਸਿੰਘ, ਖੁਰਾਕ ਸਪਲਾਈ ਅਫਸਰ ਹੇਮਰਾਜ , ਡੀ. ਡੀ. ਆਈ. ਸੇਵਾ ਸਿੰਘ, ਮੱਛੀ ਪਾਲਣ ਅਫਸਰ ਜਗਦੀਪ ਕੌਰ, ਵੈਟਰਨਰੀ ਅਫਸਰ ਡਾ. ਸੋਨਿਕਾ ਛਾਬੜਾ ਪਸ਼ੂ, ਐਸ. ਏ. ਸਹਿਕਾਰੀ ਸਭਾਵਾਂ ਗੁਰਵਿੰਦਰ ਕੌਰ ਅਤੇ ਕਿਸਾਨ ਸ਼ਾਮਲ ਸਨ|

Leave a Reply

Your email address will not be published. Required fields are marked *