ਖੇਤੀਬਾੜੀ ਹਾਦਸਾ ਪੀੜਤ ਨੂੰ ਸੌਂਪਿਆ 60 ਹਜ਼ਾਰ ਰੁਪਏ ਦਾ ਚੈਕ
ਖਰੜ, 4 ਜਨਵਰੀ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਗੱਬੇਮਾਜਰਾ ਦੇ ਖੇਤੀਬਾੜੀ ਹਾਦਸਾ ਪੀੜਤ ਮਲਾਗਰ ਸਿੰਘ ਨੂੰ 60 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਸੌਂਪਿਆ। ਬੀਤੇ ਜੁਲਾਈ ਮਹੀਨੇ ਦੌਰਾਨ ਪਿੰਡ ਗੱਬੇਮਾਜਰਾ ਦੇ ਮਲਾਗਰ ਸਿੰਘ ਦੀ ਸੱਜੀ ਬਾਂਹ ਟੋਕੇ ਵਾਲੀ ਮਸ਼ੀਨ ਦੀ ਲਪੇਟ ਵਿੱਚ ਆ ਜਾਣ ਕਾਰਨ ਵੱਢੀ ਗਈ ਸੀ। ਉਨ੍ਹਾਂ ਦਸਿਆ ਕਿ ਮਲਾਗਰ ਸਿੰਘ ਨੇ ਵਿੱਤੀ ਸਹਾਇਤਾ ਲਈ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਅਰਜ਼ੀ ਦਿਤੀ ਸੀ ਜਿਸ ਤੇ ਕਾਰਵਾਈ ਕਰਦਿਆਂ ਉਸ ਨੂੰ ਵਿੱਤੀ ਸਹਾਇਤਾ ਦਾ ਚੈਕ ਸੌਂਪ ਦਿਤਾ ਗਿਆ ਹੈ।
ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਪਿਛਲੇ ਲਗਭਗ ਛੇ ਮਹੀਨਿਆਂ ਦੌਰਾਨ ਅਜਿਹੇ ਕਈ ਹਾਦਸਾ ਪੀੜਤਾਂ ਨੂੰ ਲੱਖਾਂ ਰੁਪਏ ਦੀ ਸਹਾਇਤਾ ਦਿਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਵਿੱਤੀ ਸਹਾਇਤਾ ਸਬੰਧੀ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ ਅਤੇ ਅਧਿਕਾਰੀਆ ਨੂੰ ਸਖ਼ਤ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਅਜਿਹੀਆਂ ਅਰਜ਼ੀਆਂ ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਕਿ ਲਾਭਪਾਤਰੀਆਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਮਿਲ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਦੀ ਲੋਕ ਭਲਾਈ ਯੋਜਨਾ ਤਹਿਤ ਖੇਤਾਂ ਅਤੇ ਮੰਡੀਆਂ ਵਿਚ ਕੰਮ ਕਰਦੇ ਸਮੇਂ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਾਰਨ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਜਾਂ ਉਨ੍ਹਾਂ ਦੇ ਪਰਵਾਰਾਂ ਨੂੰ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ।
ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਲਿਆਂਦੀ ਗਈ ਯੋਜਨਾ ਤਹਿਤ ਖੇਤਾਂ/ਮੰਡੀਆਂ ਵਿਚ ਕੰਮ ਕਰਦੇ ਕਿਸਾਨਾਂ ਜਾਂ ਮਜ਼ਦੂਰਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੇ ਕੇਸਾਂ ਵਿਚ ਮੁਢਲੀ ਸੂਚਨਾ ਨਿਰਧਾਰਤ ਪਰਫ਼ਾਰਮੇ ਵਿਚ ਭਰ ਕੇ ਇਕ ਸਾਲ ਅੰਦਰ ਬਿਨੈਕਾਰ ਵਲੋਂ ਸਬੰਧਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਦੇਣੀ ਹੁੰਦੀ ਹੈ।
ਇਸ ਮੌਕੇ ਸੰਜੀਵ ਕੁਮਾਰ ਰੂਬੀ ਨਯਾਂਸ਼ਹਿਰ ਬਡਾਲਾ, ਮੈਂਬਰ ਮਾਰਕੀਟ ਕਮੇਟੀ ਖਰੜ, ਜੈ ਵਿਜੇ ਸਕੱਤਰ ਮਾਰਕੀਟ ਕਮੇਟੀ, ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾਂ, ਗੁਰਮੁਖ ਸਿੰਘ ਸਰਪੰਚ ਨਿਊ ਲਾਂਡਰਾਂ, ਹਰਬੰਸ ਲਾਲ ਸਰਪੰਚ ਮਲਿਕਪੁਰ, ਅਸ਼ੋਕ ਧੀਮਾਨ, ਜਗਤਾਰ ਸਿੰਘ, ਸੁਖਵੰਤ ਸਿੰਘ ਬਾਬਾ, ਚਰਨਜੀਤ ਸਿੰਘ ਲੇਖਾਕਾਰ, ਜਸਪ੍ਰੀਤ ਸਿੰਘ ਆਕਸ਼ਨ ਰੀਕਾਰਡਰ ਅਤੇ ਹਰਪਾਲ ਸਿੰਘ ਮੰਡੀ ਸੁਪਰਵਾਇਜ਼ਰ ਵੀ ਮੌਜੂਦ ਸਨ।