ਖੇਤੀ ਵਿਭਿੰਨਤਾ ਤੇ ਕੰਟਰੈਕਟ ਫਾਰਮਿੰਗ ਸਦਕਾ ਸਫਲ ਹੋਇਆ ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ

ਐਸ.ਏ.ਐਸ ਨਗਰ, 2 ਅਗਸਤ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਮਾਜਰੀ ਦੇ ਪਿੰਡ ਸ਼ਾਹਪੁਰ ਦਾ ਕਿਸਾਨ ਸ: ਸੁਖਵਿੰਦਰ ਸਿੰਘ ਕੰਟਰੈਕਟ ਫਾਰਮਿੰਗ ਅਤੇ ਖੇਤੀ ਵਿਭਿੰਨਤਾ ਅਪਣਾ ਕੇ ਜਿਥੇ ਖੁਦ ਇਕ ਸਫਲ ਕਿਸਾਨ ਬਣਿਆ ਹੈ, ਉਥੇ ਉਹ ਰਵਾਇਤੀ ਫਸਲਾਂ ਦੀ ਕਾਸ਼ਤ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਕਿਸਾਨਾਂ ਲਈ ਰਾਹ ਦਸੇਰਾ ਵੀ ਸਾਬਿਤ ਹੋ ਰਿਹਾ ਹੈ| 12ਵੀਂ ਤੱਕ ਪੜ੍ਹਾਈ ਕਰਨ ਵਾਲੇ ਇਸ ਕਿਸਾਨ ਨੇ ਜਿਥੇ ਖੇਤੀਬਾੜੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉਥੇ ਉਹ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ| ਇਹ ਅਗਾਂਹਵਧੂ ਕਿਸਾਨ ਗਿਆਰਾਂ ਏਕੜ ਜਮੀਨ ਵਿੱਚ ਵੱਖ ਵੱਖ ਸਬਜੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਹੀ ਨਹੀਂ ਕਮਾ ਰਿਹਾ ਸਗੋਂ ਖੇਤੀ ਵਿਭਿੰਨਤਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ|
ਇਹ ਕਿਸਾਨ ਸਾਲ 2003-04 ਵਿੱਚ ਪ੍ਰਾਈਵੇਟ ਕੰਪਨੀ ਦੇ ਸਪੰਰਕ ਵਿੱਚ ਆਇਆ ਅਤੇ ਉਸ ਨੇ ਸਾਲ 2004-05 ਵਿੱਚ ਕੰਟਰੈਕਟ ਫਾਰਮਿੰਗ ਸ਼ੁਰੂ ਕੀਤੀ| ਜਿਸ ਤਹਿਤ ਇਸ ਕਿਸਾਨ ਵੱਲੋਂ ਬਰੌਕਲੀ, ਸ਼ਿਮਲਾ ਮਿਰਚ, ਪਿਆਜ ਅਤੇ ਬੰਦ ਗੋਭੀ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ| ਸ. ਸੁਖਵਿੰਦਰ ਸਿੰਘ ਨੇ ਬੁਹਕੌਮੀ ਕੰਪਨੀਆਂ ਨਾਲ ਤਾਲਮੇਲ ਕਰਕੇ ਸਬਜੀਆਂ ਦੀ ਪਨੀਰੀ ਦੇ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ| ਪੈਗਰੋਨ ਫੂਡ ਅਤੇ ਪੈਗਰੋ ਫਰੋਜਨ ਨਾਮ ਦੀ ਕੰਪਨੀ ਕਿਸਾਨ ਨੂੰ ਬੀਜ ਮੁਹੱਈਆ ਕਰਵਾਉਂਦੀ ਹੈ ਜਦੋਂ ਸਬਜੀ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਇਹ ਪਨੀਰੀ ਕਿਸਾਨ ਵੱਲੋਂ ਸਿੱਧੀ ਕੰਪਨੀ ਨੂੰ ਵੇਚੀ ਜਾਂਦੀ ਹੈ| ਸ. ਸੁਖਵਿੰਦਰ ਸਿੰਘ 11 ਏਕੜ ਜਮੀਨ ਵਿਚੋਂ 9 ਏਕੜ ਜਮੀਨ ਵਿੱਚ ਸਬਜੀਆਂ ਦੀ ਪਨੀਰੀ ਰੋਟੇਸ਼ਨ ਨਾਲ ਬੀਜਦਾ ਹੈ ਅਤੇ ਬਾਕੀ ਜਮੀਨ ਵਿੱਚ ਘਰ ਲਈ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕੁਝ ਹਿੱਸਾ ਜਮੀਨ ਤੇ ਮੱਕੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ| ਛੱਲੀਆਂ ਤੋੜਨ ਉਪਰੰਤ ਜੋ ਟਾਂਡੇ ਬੱਚ ਜਾਂਦੇ ਹਨ ਉਸ ਨੂੰ ਕਿਸਾਨ ਵੱਲੋਂ ਬਣਾਈ ਗਈ ਸਾਈਲੋਪਿੱਟ ਵਿੱਚ ਪਸੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ|
ਪਾਣੀ ਦੀ ਸੁਚੱਜੀ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਵਿੰਦਰ ਸਿੰਘ ਨੇ ਆਪਣੇ ਸਾਰੇ ਖੇਤਾਂ ਵਿੱਚ ਤੁਬਕਾ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ ਜੋ ਕਿ ਸਿੰਚਾਈ ਵਿਭਾਗ ਤੋਂ 80Üਫੀਸਦੀ ਸਬਸਿਡੀ ਤੇ ਲਗਵਾਈ ਗਈ ਸੀ| ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਇੱਕ ਤਾਂ ਖੇਤ ਨੂੰ ਜਰੂਰਤ ਅਨੁਸਾਰ ਪਾਣੀ ਮਿਲਦਾ ਹੈ ਦੂਸਰਾ ਖਾਦਾਂ ਦੇ ਤੱਤ ਵੀ ਮੁਕੰਮਲ ਤੌਰ ਤੇ ਫਸਲ ਨੂੰ ਮਿਲਦੇ ਹਨ ਜੋ ਕਿ ਅਕਸਰ ਖੁੱਲੇ ਪਾਣੀ ਨਾਲ ਨਹੀਂ ਮਿਲ ਪਾਉਂਦੇ| ਉਸ ਨੂੰ ਪਾਲਕ ਦੀ ਪਨੀਰੀ ਤੋਂ 44,000/- ਰੁਪਏ, ਮੱਕੀ ਤੋਂ 17,000/-ਰੁਪਏ, ਪਿਆਜ ਤੋਂ 1,25,000/- ਰੁਪਏ ਅਤੇ ਗਾਜਰ ਤੋਂ 50,000/-ਰੁਪਏ ਦਾ ਇੱਕ ਫਸਲ ਤੋਂ ਮੁਨਾਫਾ ਹੁੰਦਾ ਹੈ| ਉਸ ਦਾ ਕਹਿਣਾ ਹੈ ਕਿ ਉਸ ਦੀ ਕਾਮਯਾਬੀ ਵਿੱਚ ਖੇਤੀਬਾੜੀ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਵਿਭਾਗ ਦੇ ਅਧਿਕਾਰੀ ਸਮੇਂ ਸਮੇਂ ਤੇ ਉਸ ਨੂੰ ਚੰਗੀ ਸਲਾਹ ਦਿੰਦੇ ਰਹੇ ਹਨ ਅਤੇ ਵਿਭਾਗੀ ਸਕੀਮਾਂ ਬਾਰੇ ਵੀ ਉਸ ਨੂੰ ਜਾਣਕਾਰੀ ਮਿਲਦੀ ਰਹੀ ਹੈ ਜਿਸ ਨਾਲ ਉਸ ਨੂੰ ਬਹੁਤ ਲਾਭ ਹੋਇਆ ਹੈ|

Leave a Reply

Your email address will not be published. Required fields are marked *