ਖੇਤੀ ਵਿਭਿੰਨਤਾ ਲਈ ਸਰਕਾਰ ਹੋਏ ਗੰਭੀਰ: ਕਾਹਲੋਂ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਨ ਦੀ ਬਹੁਤ ਜਿਆਦਾ ਜਰੂਰਤ ਹੈ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਮਿਉਂਸਪਲ ਕੌਂਸਲਰ ਮੁਹਾਲੀ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਜੇਕਰ ਸਰਕਾਰ ਖੇਤੀ ਵਿਭਿਨਤਾ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਚਾਹੁੰਦੀ ਹੈ ਤਾਂ ਵਿਭਿਨਤਾ ਤਹਿਤ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਉਚਿਤ ਭਾਅ ਤੇ ਮੰਡੀਕਰਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ| ਇਹ ਮਾਰਕਫੈਡ ਵਰਗੇ ਸਹਿਕਾਰੀ ਅਦਾਰਿਆਂ ਰਾਹੀ ਸੰਭਵ ਹੈ| ਉਹਨਾਂ ਕਿਹਾ ਕਿ ਮਾਰਕਫੈਡ ਏਸ਼ੀਆਂ ਦਾ ਸਭ ਤੋਂ ਵੱਡਾ ਸਹਿਕਾਰੀ ਅਦਾਰਾ ਹੈ ਜਿਸ ਨੇ ਪੰਜਾਬ ਦੀ ਖੇਤੀ ਨੂੰ ਪੈਰਾਂ ਦੇ ਖੜ੍ਹਾ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ| ਅੱਜ ਖੇਤੀਬਾੜੀ ਫਿਰ ਗੰਭੀਰ ਸੰਕਟ ਵਿੱਚ ਹੈ| ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਤਹਿਤ ਬੀਜੀਆਂ ਫਸਲਾਂ ਦੀ ਪ੍ਰਾਈਵੇਟ ਵਪਾਰੀਆਂ ਰਾਹੀ ਲੁੱਟ ਖਸੁੱਟ ਹੁੰਦੀ ਹੈ| ਜਿਸ ਨਾਲ ਕਿਸਾਨਾਂ ਦਾ ਖੇਤੀ ਵਿਭਿੰਨਤਾ ਤੋਂ ਮੋਹ ਭੰਗ ਹੋ ਗਿਆ ਹੈ| ਪੰਜਾਬੀ ਕਿਸਾਨ ਦੇਸ਼ ਨੂੰ ਕਣਕ ਅਤੇ ਚਾਵਲ ਪੱਖੋਂ ਆਤਮ ਨਿਰਭਰ ਕਰਦਾ ਹੋਇਆ ਆਪ ਤਬਾਹ ਹੋ ਗਿਆ ਅਤੇ ਆਤਮ ਹੱਤਿਆ ਵਰਗਾ ਆਤਮਘਾਤੀ ਫੈਸਲਾ ਲੈ ਰਿਹਾ ਹੈ| ਜਿਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ|
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਸਮੱਸਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ| ਪਹਿਲਾਂ 9000 ਕਰੋੜ ਦੇ ਕਰਜੇ ਮੁਆਫੀ ਨੂੰ ਘਟਾ ਕੇ 400 ਕਰੋੜ ਤੇ ਲਿਆਂਦਾ| ਹੁਣ ਸੁਹਿਰਦਤਾ ਨਾਲ ਕਿਸਾਨ ਦੀ ਫਸਲ ਨੂੰ ਉਚਿਤ ਭਾਅ ਦਿਵਾਉਣ ਲਈ ਖੇਤੀ ਵਿਭਿੰਨਤਾ ਵਾਲੀਆਂ ਫਸਲਾਂ ਨੂੰ ਉਚਿਤ ਭਾਅ ਤੇ ਮਾਰਕਫੈਡ ਰਾਹੀਂ ਚੁੱਕਣ ਦਾ ਉਚਿਤ ਪ੍ਰਬੰਧ ਕੀਤਾ ਜਾਵੇ|
ਇਸ ਮੌਕੇ ਸ. ਕਾਹਲੋਂ ਦੇ ਨਾਲ ਸ. ਇੰਦਰਜੀਤ ਸਿੰਘ ਕੰਗ ਰਿਟ. ਐਕਸੀਅਨ, ਸ. ਹਰਮਿੰਦਰ ਸਿੰਘ ਰਿਟ. ਡੀ. ਐਮ. ਮਾਰਕਫੈਡ, ਰਵਿੰਦਰ ਸਿੰਘ ਰਿਟ. ਡੀ. ਐਮ ਐਗਰੋ, ਸ਼੍ਰੋ. ਅਕਾਲੀ ਦਲ ਸ਼ਹਿਰੀ ਦੇ ਸੀਨੀ. ਮੀਤ. ਪ੍ਰਧਾਨ ਕਰਮ ਸਿੰਘ ਬਬਰਾ, ਜਿਲ੍ਹਾ ਸਕੱਤਰ ਬਲਵਿੰਦਰ ਸਿੰਘ ਟੌਹੜਾ ਆਦਿ ਹਾਜਿਰ ਸਨ|

Leave a Reply

Your email address will not be published. Required fields are marked *