ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ‘ਆਪ’ ਵਲੋਂ ਮੁਹਾਲੀ ਅਤੇ ਖਰੜ ਵਿਖੇ ਰੋਸ ਪ੍ਰਦਰਸ਼ਨ

ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ‘ਆਪ’ ਵਲੋਂ ਮੁਹਾਲੀ ਅਤੇ ਖਰੜ ਵਿਖੇ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ, ਭਲਕੇ ਦੇ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਹੋਏ ਪ੍ਰਦਰਸ਼ਨ
ਐਸ.ਏ.ਐਸ.ਨਗਰ, 24 ਸਤੰਬਰ  (ਜਸਵਿੰਦਰ ਸਿੰਘ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਤਿੰਨਾਂ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ| ਸਥਾਨਕ             ਫੇਜ਼ 7 ਦੀਆਂ ਲਾਈਟਾਂ ਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚਲੇ ਇਸ ਰੋਸ ਮੁਜ਼ਾਹਰੇ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ| 
ਇਸ ਮੌਕੇ ਪੱਤਰਕਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਵਿਨੀਤ ਵਰਮਾ, ਰਾਜ ਲਾਲੀ ਗਿਲ ਅਤੇ ਗੁਰਤੇਜ ਸਿੰਘ ਪੰਨੂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਸਫਲ ਹੋ ਗਈ ਤਾਂ ਨਾ ਸਿਰਫ ਕਿਸਾਨ ਅਤੇ ਖੇਤ ਮਜ਼ਦੂਰ ਪੂਰੀ ਤਰਾਂ ਬਰਬਾਦ  ਹੋਣਗੇ ਬਲਕਿ ਆੜ੍ਹਤੀ, ਮੁਨੀਮ, ਪੱਲੇਦਾਰ, ਟਰੱਕ-ਟਰਾਲਾ-ਟਰਾਲੀ-ਟੈਂਪੂ ਆਪਰੇਟਰ (ਟਰਾਂਸਪੋਰਟਰ), ਖਾਦ ਅਤੇ ਪੈਸਟੀਸਾਈਡ ਵਿਕਰੇਤਾ, ਖੇਤੀਬਾੜੀ ਲਈ ਕਹੀ ਤੋਂ ਲੈ ਕੇ ਕੰਬਾਈਨ ਤੱਕ ਬਣਾਉਣ ਵਾਲੀ ਹਰ ਤਰਾਂ ਦੀ ਇੰਡਸਟਰੀ ਸਮੇਤ ਸਾਰੇ ਛੋਟੇ-ਵੱਡੇ ਵਪਾਰੀ ਅਤੇ ਦੁਕਾਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹਨਗੇ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਇਹ ਕਾਨੂੰਨ ਕਿਸਾਨਾਂ ਲਈ ਮੌਤ ਦਾ ਫਰਮਾਨ ਵਰਗੇ ਹਨ ਜਿਸ ਨਾਲ ਕਿਸਾਨ ਖੁਦ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ| ਉਹਨਾਂ ਕਿਹਾ ਕਿ ਪਹਿਲਾ ਬਾਦਲ ਨੇ ਵਰਕਿੰਗ             ਕਮੇਟੀ ਵਿੱਚ ਅਤੇ ਫਿਰ ਕੈਪਟਨ ਨੇ ਇਨ੍ਹਾਂ ਆਰਡੀਨੈਂਸਾਂ ਤੇ ਦਸਤਖਤ ਕੀਤੇ ਹਨ ਪਰਤੂੰ ਹੁਣ ਇਹ ਆਗੂ ਖੁਦ ਨੂੰ ਕਿਸਾਨਾਂ ਦੇ ਸਭ ਤੋਂ ਵੱਡੇ ਹਿਤੇਸ਼ੀ ਹੋਣ ਦਾ ਦਾਅਵਾ ਕਰ ਰਹੇ ਹਨ| 
ਇਸ ਮੌਕੇ ਗੋਵਿੰਦਰ ਮਿੱਤਲ, ਮੈਡਮ ਕਸ਼ਮੀਰ ਕੌਰ, ਸਵਰਨ ਲਤਾ, ਪ੍ਰਭਜੋਤ ਕੌਰ, ਮਨਦੀਪ ਸਿੰਘ, ਕਰਮਜੀਤ, ਰਾਮ ਲਾਲ, ਮੋਹਨ ਸਿੰਘ, ਗੱਜਣ ਸਿੰਘ, ਆਰ ਸੋਨਾਡੀ, ਜਸਪਾਲ ਕਉਣੀ, ਰਾਜੇਸ਼ ਰਾਣਾ, ਦਵਿੰਦਰ ਬੈਦਵਾਨ ਮਨੋਲੀ ਅਤੇ ਅਨੂ ਬੱਬਰ ਸ਼ਾਮਿਲ ਸਨ|
ਖਰੜ, ਸ਼ਮਿੰਦਰ ਸਿੰਘ : ਇਸੇ ਦੌਰਾਨ ਖਰੜ ਵਿਖੇ ਆਮ ਆਦਮੀ ਪਾਰਟੀ ਵਲੋਂ ਸਥਾਨਕ ਬੱਸ ਸਟੈਂਡ ਤੇ ਸੜਕ ਦੇ ਦੋਵੇਂ ਪਾਸੇ ਤਖਤੀਆਂ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਅਤੇ ਖੇਤੀ ਬਿਲਾਂ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸ੍ਰ. ਨਰਿੰਦਰ ਸਿੰਘ ਸ਼ੇਰਗਿਲ, ਜਗਦੇਵ ਸਿੰਘ ਮਲੋਆ ਅਤੇ ਪਰਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਤਬਾਹ ਕਰਕੇ ਖੇਤੀ ਦੇ ਖੇਤਰ ਤੇ ਵੱਡੇ           ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣ ਜਾ ਰਹੀ ਹੈ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਦਾ ਸਿਰਫ ਕੁਝ ਵੱਡੇ ਘਰਾਣਿਆਂ ਨੂੰ ਲਾਭ ਹੋਵੇਗਾ ਜਿਸਦਾ ਪਾਰਟੀ ਵਲੋਂ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਆਰਡੀਨੈਂਸ ਲਿਆ ਕੇ ਐਮ.ਐਸ.ਪੀ. ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਨਾਲ ਕਿਸਾਨ,           ਖੇਤ ਮਜਦੂਰ ਅਤੇ ਟਰਾਂਸਪੋਟਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ| ਉਹਨਾਂ ਕਿਹਾ ਕਿ ਕੁਝ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਐਮ.ਐਸ.ਪੀ. ਨੂੰ ਖਤਮ ਨਹੀਂ ਕੀਤਾ ਜਾਵੇਗਾ ਪਰਤੂੰ ਦੂਜੇ ਪਾਸੇ ਕੇਂਦਰ ਸਰਕਾਰ ਦੇ ਦੋ ਮੰਤਰੀਆਂ ਨੇ ਐਮ.ਐਸ.ਪੀ. ਨੂੰ ਖਤਮ ਕਰਨ ਦੀ ਹਿਮਾਇਤ ਕਰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਤੇ ਬੋਝ ਹੈ ਅਤੇ ਇਸਦੇ ਖਤਮ ਹੋਣ ਨਾਲ ਵਪਾਰੀ ਕਿਸਾਨਾਂ ਤੋਂ ਸਸਤੀ ਫਸਲ ਖਰੀਦ ਕੇ ਜਿਆਦਾ ਲਾਭ ਲਈ ਇਸਨੂੰ ਵੇਚਣਗੇ| 
ਆਪ ਆਗੂਆਂ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਵਿਰੁੱਧ                    ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ ਭਲਕੇ 25 ਸਤੰਬਰ ਨੂੰ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਸਫਲ ਬਣਾਉਣਾ ਪਵੇਗਾ| ਉਹਨਾਂ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਲਈ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਦੇ ਦੋਸ਼ੀ ਦੱਸਿਆ| 
ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਨਿਰੋਲ ਡਰਾਮਾ ਦੱਸਦਿਆਂ ਕਿਹਾ ਕਿ ਬਾਦਲ ਅਜੇ ਵੀ ਮੋਦੀ ਦੇ ਇਸ਼ਾਰਿਆਂ ਤੇ ਨੱਚਦੇ ਹਨ| ਇਸੇ ਲਈ ਬਾਦਲਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਲਈ 25 ਸਤੰਬਰ ਨੂੰ ਹੀ ਆਪਣਾ ਚੱਕਾ ਜਾਮ ਪ੍ਰੋਗਰਾਮ ਰੱਖ ਲਿਆ| ਉਹਨਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਭਾਜਪਾ ਆਗੂਆਂ ਨੂੰ ਮੋਦੀ ਦੀ ਚਮਚਾਗੀਰੀ ਕਰਨ ਦੀ ਥਾਂ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ|

Leave a Reply

Your email address will not be published. Required fields are marked *