ਖੋਜੀਆਂ ਨੇ ਸਮੁੰਦਰ ਵਿੱਚ ਪਹਿਲੀ ਵਾਰ ਲਗਾਈ 11 ਕਿ. ਮੀ. ਦੀ ਡੁੱਬਕੀ

ਵਾਸ਼ਿੰਗਟਨ, 14 ਮਈ (ਸ.ਬ.) ਅਮਰੀਕੀ ਖੋਜਕਾਰ ਵਿਕਟਰ ਵੇਸਕੇਵੋ ਪਹਿਲੀ ਵਾਰ ਸਮੁੰਦਰ ਦੀ 11 ਕਿਲੋਮੀਟਰ ਦੀ ਡੂੰਘਾਈ ਵਿੱਚ ਉੱਤਰੇ ਤਾਂ ਉਨ੍ਹਾਂ ਨੂੰ ਉੱਥੇ ਵੀ ਪਲਾਸਟਿਕ ਦਾ ਕੂੜਾ ਮਿਲਿਆ, ਜਿਸ ਕਾਰਨ ਉਹ ਹੈਰਾਨ ਹੋ ਗਏ| ਉਹ ਪ੍ਰਸ਼ਾਂਤ ਮਹਾਸਾਗਰ ਦੇ ਮਾਰਿਆਨਾ ਟ੍ਰੈਂਚ ਵਿੱਚ ਤਕਰੀਬਨ 4 ਘੰਟੇ ਤਕ ਰਹੇ| ਇਹ ਦੁਨੀਆ ਦਾ ਸਭ ਤੋਂ ਡੂੰਘਾ ਸਥਾਨ ਹੈ| ਵਿਕਟਰ ਨੂੰ ਇੱਥੇ ਸਮੁੰਦਰੀ ਜੀਵਾਂ ਦੇ ਇਲਾਵਾ ਪਲਾਸਟਿਕ ਬੈਗਜ਼ ਅਤੇ ਮਿਠਾਈਆਂ ਦੇ ਖਾਲੀ ਡੱਬੇ ਮਿਲੇ| ਵਿਕਟਰ ਦੀ ਟੀਮ ਪਣਡੁੱਬੀ ਅਤੇ ਮੋਟਰ ਸ਼ਿਪ ਰਾਹੀਂ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ ‘ਤੇ 5 ਵਾਰ ਉੱਤਰੀ| ਟੀਮ ਨੇ ਦੂਰ-ਦਰਾਡੇ ਇਲਾਕਿਆਂ ਦਾ ਪਤਾ ਲਗਾਉਣ ਲਈ ਰੋਬੋਟਿਕ ਲੈਂਡਰਸ ਤਾਇਨਾਤ ਕੀਤੇ ਸਨ|
ਵਿਕਟਰ ਨੇ ਕਿਹਾ ਕਿ ਮੁਹਿੰਮ ਦੌਰਾਨ ਅਸੀਂ ਤੇਜ਼ ਲਹਿਰਾਂ ਵਿਚੋਂ ਡੂੰਘੇ ਸਮੁੰਦਰ ਵਿੱਚ ਉਤਰਨ ਵਿੱਚ ਸਫਲਤਾ ਹਾਸਲ ਕੀਤੀ| ਇਹ ਉੱਚ ਸਮੁੰਦਰੀ ਤਕਨੀਕ ਦੀ ਵਰਤੋਂ ਦਾ ਚੰਗਾ ਉਦਾਹਰਣ ਹੈ| ਇਹ ਤੀਸਰੀ ਵਾਰ ਹੈ ਜਦ ਕੋਈ ਇਨਸਾਨ ਸਮੁੰਦਰ ਦੀ ਸਭ ਤੋਂ ਵਧ ਡੂੰਘਾਈ ਵਿੱਚ ਪੁੱਜਾ ਹੋਵੇ| ਪਹਿਲੀ ਵਾਰ 1960 ਵਿੱਚ ਅਮਰੀਕੀ ਸਮੁੰਦਰੀ ਫੌਜ ਦੇ ਲੈਫਟੀਨੈਂਟ ਡਾਨ ਵਾਲਸ਼ ਅਤੇ ਸਵਿਟਜ਼ਰਲੈਂਡ ਦੇ ਇੰਜੀਨੀਅਰ ਜੈਕਸ ਪਿਕਕਾਰਡ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ ਤੇ ਪੁੱਜੇ ਸਨ| ਉਹ ਤਕਰੀਬਨ 10 ਕਿਲੋ ਮੀਟਰ ਤਕ ਹੀ ਪੁੱਜ ਸਕੇ ਸਨ| ਸਾਲ ਭਰ ਪਹਿਲਾਂ ਚੀਨ ਦੀ ਪਣਡੁੱਬੀ ਵੀ ਪਹਿਲੀ ਵਾਰ ਸਮੁੰਦਰ ਦੇ ਅੰਦਰ 4027 ਮੀਟਰ ਦੀ ਡੂੰਘਾਈ ਤਕ ਪੁੱਜੀ ਸੀ|
ਜਿਕਰਯੋਗ ਹੈ ਕਿ ਅਮਰੀਕਾ ਕਈ ਦਹਾਕਿਆਂ ਤਕ ਚੀਨ ਨੂੰ ਪਲਾਸਟਿਕ ਕੂੜਾ ਸਸਤੇ ਰੇਟ ਤੇ ਦਿੰਦਾ ਰਿਹਾ| ਕੈਨੇਡਾ ਆਪਣਾ ਕੂੜਾ ਫਿਲੀਪੀਨਜ਼ ਦੇ ਮਨੀਲਾ ਦੀ ਬੰਦਰਗਾਹ ਤੇ ਡੰਪ ਕਰਦਾ ਹੈ| ਅਮੀਰ ਦੇਸ਼ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਦੇ ਹਨ ਪਰ ਰੀਸਾਈਕਲਿੰਗ ਨਹੀਂ ਕਰ ਪਾਉਂਦੇ| ਦੁਨੀਆ ਵਿੱਚ ਸਲਾਨਾ 30 ਕਰੋੜ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ| ਰੀਸਰਚ ਮੁਤਾਬਕ ਦੁਨੀਆ ਭਰ ਦੇ ਮਹਾਸਾਗਰਾਂ ਵਿੱਚ 10 ਕਰੋੜ ਟਨ ਪਲਾਸਟਿਕ ਕੂੜਾ ਪਾਇਆ ਜਾਂਦਾ ਹੈ|
ਇਸ ਵਿੱਚੋਂ 90 ਫੀਸਦੀ ਕੂੜਾ ਸਿਰਫ 10 ਨਦੀਆਂ ਰਾਹੀਂ ਸਮੁੰਦਰ ਵਿੱਚ ਪੁੱਜਦਾ ਹੈ| ਇਸ ਵਿੱਚ ਏਸ਼ੀਆ ਦੀਆਂ ਨਦੀਆਂ ਦੀ ਗਿਣਤੀ ਜ਼ਿਆਦਾ ਹੈ| ਭਾਰਤ ਦੀ ਗੰਗਾ ਤੇ ਸਿੰਧੂ ਨਦੀ ਵੀ ਸ਼ਾਮਲ ਹੈ|

Leave a Reply

Your email address will not be published. Required fields are marked *