ਖੜ੍ਹੀ ਖੜ੍ਹੀ ਕੰਡਮ ਹੋ ਗਈ ਈ ਐਸ ਆਈ ਹਸਪਤਾਲ ਦੀ ਐਂਬੂਲੈਂਸ

ਖੜ੍ਹੀ ਖੜ੍ਹੀ ਕੰਡਮ ਹੋ ਗਈ ਈ ਐਸ ਆਈ ਹਸਪਤਾਲ ਦੀ ਐਂਬੂਲੈਂਸ
ਈ ਐਸ ਆਈ ਡਿਸਪੈਂਸਰੀ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ
ਐਸ.ਏ.ਐਸ.ਨਗਰ, 19 ਅਗਸਤ (ਆਰ.ਪੀ.ਵਾਲੀਆ) ਸਥਾਨਕ ਫੇਜ਼ 7 ਦੇ ਉਦਯੋਗਿਕ ਖੇਤਰ ਵਿਚਲੇ ਈ.ਐਸ.ਆਈ. ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਉੱਥੇ ਬਣੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਹਸਪਤਾਲ ਦੀ ਐਬੂਲੇਂਸ ਪਿੱਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ| ਇਹ ਐਂਬੂਲੈਂਸ ਪਹਿਲਾਂ ਉੱਥੇ ਪਏ ਕੂੜੇ ਦੇ ਢੇਰ ਦੇ ਨੇੜੇ ਹੀ ਖੜ੍ਹੀ ਕੀਤੀ ਗਈ ਸੀ ਅਤੇ ਇਸ ਸੰਬੰਧੀ ਸਕਾਈ ਹਾਕ ਟਾਈਮਜ਼ ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਉਸਨੂੰ ਉੱਥੋਂ ਚੁੱਕ ਕੇ ਕਰਮਚਾਰੀਆਂ ਲਈ ਬਣੇ ਮਕਾਨਾਂ ਦੇ ਨਾਲ ਪਈ ਖੁੱਲੀ ਥਾਂ ਤੇ ਖੜ੍ਹਾ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਤੇ ਕਿਸੇ ਦੀ ਨਜਰ ਨਾ ਪਵੇ| 
ਇੱਥੇ ਇਹ ਜਿਕਰਯੋਗ ਹੈ ਕਿ ਇਹ ਐਬੂਲੇਂਸ ਕੁਝ ਸਾਲ ਪਹਿਲਾ ਨਵੀਂ ਆਈ ਸੀ ਪਰ ਇਸਦੇ ਡ੍ਰਾਇਵਰ ਦੇ 6 ਮਹੀਨੇ ਬਾਅਦ ਰਿਟਾਇਰ ਹੋਣ ਤੋਂ ਬਾਅਦ ਇੱਥੇ ਕੋਈ ਨਵਾਂ ਡ੍ਰਾਇਵਰ ਨਹੀਂ ਆਇਆ| ਉਦੋਂ ਤੋਂ ਹੀ ਇਹ ਉੱਥੇ ਖੜ੍ਹੀ ਹੈ ਅਤੇ ਹੁਣ ਪੂਰੀ ਤਰ੍ਹਾਂ ਖਸਤਾਹਾਲ ਹੋ ਚੁੱਕੀ ਹੈ| 
ਇਸ ਹਸਪਤਾਲ ਦੇ ਨਾਲ ਹੀ ਬਣੀ ਈ.ਐਸ.ਆਈ. ਡਿਸਪੈਂਸਰੀ ਦੇ ਬਾਹਰ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ| ਇਸ ਡਿਸਪੈਂਸਰੀ ਦੇ ਬਾਹਰ ਪਿਛਲੇ ਕਾਫੀ ਸਮੇਂ ਤੋਂ ਇੱਕ ਦਰਖਤ ਟੁੱਟ ਕੇ ਡਿੱਗਿਆ ਹੋਇਆ ਹੈ ਜਿਸਨੂੰ ਹੁਣ ਤੱਕ ਸਾਫ ਨਹੀਂ ਕਰਵਾਇਆ ਗਿਆ ਹੈ| ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਵੀ ਇਕੱਠਾ ਹੋ ਚੁੱਕਿਆ ਹੈ ਜਿਸ ਵਿੱਚ ਮੱਛਰ ਪਲ ਰਿਹਾ ਹੈ ਅਤੇ ਇਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਵੀ ਵੱਧ ਰਿਹਾ ਹੈ| 
ਇਸਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਡਿਸਪੈਂਸਰੀ ਵਿੱਚ  ਕੋਈ ਵੀ ਸਫਾਈ ਕਰਮਚਾਰੀ ਤੈਨਾਤ ਨਹੀਂ ਹੈ ਜਿਸ ਕਾਰਨ ਇੱਥੇ ਹਰ ਸਮੇਂ ਗੰਦਗੀ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਦੇ ਸਫਾਈ ਕਰਮਚਾਰੀ ਦੇ ਰਿਟਾਇਰ ਹੋਣ ਤੋਂ ਬਾਅਦ ਡਾਕਟਰ ਅਤੇ ਹੋਰ ਕਰਮਚਾਰੀ ਇੱਕਠੇ ਮਿਲ ਕੇ ਇੱਥੇ ਦੀ ਸਫਾਈ ਕਰਵਾਉਂਦੇ ਹਨ|

Leave a Reply

Your email address will not be published. Required fields are marked *