ਖੰਨੇ ਵਿੱਚ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ
ਖੰਨਾ, 16 ਜਨਵਰੀ (ਸ.ਬ.) ਖੰਨਾ ਨੈਸ਼ਨਲ ਹਾਈਵੇਅ ਤੇ ਅੱਜ ਸਵੇਰੇ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਜ਼ੀਬਿਲਟੀ ਘੱਟ ਹੋਣ ਕਾਰਨ ਖੰਨਾ ਨੈਸ਼ਨਲ ਹਾਈਵੇ ਤੇ ਇਕ ਗੱਡੀ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕੁੱਝ ਦੇਰ ਬਾਅਦ ਹੀ ਇਕ ਤੋਂ ਬਾਅਦ ਇੱਕ 4-5 ਗੱਡੀਆਂ ਆਪਸ ਵਿੱਚ ਟਕਰਾਉਣੀਆਂ ਸ਼ੁਰੂ ਹੋ ਗਈਆਂ।
ਇਸ ਪਿੱਛੋਂ ਆਏ ਇਕ ਹੋਰ ਟਰੱਕ ਨੇ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਬੁਰੀ ਤਰ੍ਹਾਂ ਪਰਖੱਚੇ ਉਡ ਗਏ ਅਤੇ ਗੱਡੀ ਵਿੱਚ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਹਾਦਸੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਤੇ ਪੁਲੀਸ ਨੂੰ ਵੀ ਸਵਾਲ ਦੇ ਘੇਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਖੰਨਾ ਨੈਸ਼ਨਲ ਹਾਈਵੇਅ ਤੇ ਲਾਈਟਾਂ ਤੇ ਸਪੀਡ ਬ੍ਰੇਕਰ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ, ਜੋ ਕਿ ਪ੍ਰਸ਼ਾਸਨ ਦੀ ਕਾਰਵਾਈ ਤੇ ਸਵਾਲੀਆ ਚਿੰਨ੍ਹ ਹੈ।