ਖੱਬੇ ਪੱਖੀ ਪਾਰਟੀ ਵਲੋਂ ਰੈਲੀ, ਚੰਡੀਗੜ੍ਹ ਵੱਲ ਮਾਰਚ ਕੀਤਾ, ਲੋਕ ਵਿਰੋਧੀ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਕੀਤੀ

ਐਸ.ਏ.ਐਸ ਨਗਰ 28 ਅਗਸਤ (ਜਸਵਿੰਦਰ ਸਿੰਘ) ਖੱਬੇ ਪੱਖੀ ਪਾਰਟੀ ਵਲੋਂ ਅੱਜ ਮੁਹਾਲੀ ਦੇ ਦੁਸਿਹਰਾ ਗਰਾਉਂਡ ਫੇਜ਼-8 ਤੋਂ ਲੈ ਕੇ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ ਅਤੇ ਸਰਕਾਰ ਵਲੋਂ ਬਣਾਏ ਗਏ ਲੋਕ ਵਿਰੋਧੀ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ| ਇਸ ਮੌਕੇ ਕਮਿਉਨਿਸਟ ਅਤੇ ਇਨਕਲਾਬੀ ਜੱਥੇਬੰਦੀਆਂ ਵੱਲੋਂ ਮੁੱਖ ਮੰਤਰੀ, ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ|
ਖੰਬੇ ਪੰਖੀ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਅੱਜ ਸਵੇਰੇ ਦਸ਼ਹਿਰਾ ਮੈਦਾਨ ਵਿੱਚ ਇਕੱਠੇ ਹੋਏ ਅਤੇ ਉੱਥੇ ਰੈਲੀ ਕੀਤੀ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀਆਂ ਹਨ ਅਤੇ ਮਿਹਨਤਕਸ਼ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ| ਬਾਅਦ ਵਿੱਚ ਇਹਨਾਂ ਸਾਰਿਆਂ ਵਲੋਂ ਵਰ੍ਹਦੇ ਮੀਂਹ ਵਿੱਚ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ|
ਮੁੱਖ ਮੰਤਰੀ ਦੇ ਨਾਂ ਭੇਜੇ ਮੰਗ ਪੱਤਰ ਵਿੱਚ ਜਥੇਬੰਦੀਆਂ ਵੱਲੋਂਕਿਹਾ ਗਿਆ ਹੈ ਕਿ ਸੰਵਿਧਾਨ ਲੋਕਾਂ ਨੂੰ ਆਪਣੇ ਅਧਿਕਾਰ ਤੇ ਬੋਲਣ ਦੀ ਮੂਲ ਅਧਿਕਾਰ ਵਜੋਂ ਆਜ਼ਦੀ ਦਿੰਦਾ ਹੈ ਪਰੰਤੂ ਪੰਜਾਬ ਵਿਚ ਕੋਰੋਨਾ ਬਹਾਨੇ ਧਾਰਾ 144 ਲਗਾ ਦਿਤੀ ਗਈ ਹੈ ਅਤੇ ਇਹ ਧਾਰਾ ਤੁਰੰਤ ਹਟਾਈ ਜਾਵੇ ਅਤੇ ਵਰਕਰਾਂ ਆਗੂਆਂ ਤੇ ਧਾਰਾ 144 ਤਹਿਤ ਦਰਜ ਕੀਤੇ ਕੇਸ ਵਾਪਿਸ ਲਏ ਜਾਣ| ਇਸਦੇ ਨਾਲ ਹੀ ਹਫਤੇ ਵਿਚ ਆਖਰੀ ਦੋ ਦਿਨ ਲਗਾਏ ਗਏ ਕਰਫਿਊ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ|
ਇਸਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਦੀ ਵਾਪਸੀ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ, ਬਿਜਲੀ ਬਿਲ 2020 ਨੂੰ ਵਾਪਿਸ ਕਰਵਾਉਣ, ਘੱਟੋ-ਘੱਟ ਉਜਰਤ ਵਿੱਚ ਸੋਧ ਕਰਨ, ਤਾਲਾ ਬੰਦੀ ਦੌਰਾਨ ਤਬਾਹ ਹੋਈਆਂ ਛੋਟੀਆਂ ਸਨਅਤਾਂ ਦੀ ਸਾਰ ਲੈਣ, ਬੇਰੋਜਗਾਰੀ ਤੋਂ ਰਾਹਤ ਦਿਵਾਉਣ, ਛੋਟੇ ਕਾਰੋਬਾਰੀ ਤੇ ਦੁਕਾਨਦਾਰਾਂ ਨੂੰ ਦਸ ਹਜ਼ਾਰ ਰੁਪਏ ਮਹੀਨਾ ਮੱਦਦ ਦੇਣ, ਕੇਂਦਰ ਸਰਕਾਰ ਵੱਲੋਂ ਜੋ ਬੁੱਧੀਜੀਵੀਆਂ ਤੇ ਪਾਏ ਕੇਸ ਵਾਪਸ ਲੈਣ, ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜੇ ਮੁਆਫ ਕਰਨ ਅਤ ਕੰਮ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਿਲ ਕਰਨ ਲਈ ਅਸੰਬਲੀ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ ਗਈ ਹੈ|

Leave a Reply

Your email address will not be published. Required fields are marked *