ਗਊਸ਼ਾਲਾ ਦੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਕਰਮਚਾਰੀ ਔਖੇ

ਗਊਸ਼ਾਲਾ ਦੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਕਰਮਚਾਰੀ ਔਖੇ
ਜਾਨਵਰਾਂ ਦੇ ਰੱਖ ਰਖਾਉਂ ਤੇ ਪੈਂਦਾ ਹੈ ਅਸਰ, ਨਿਗਮ ਨੇ ਪਿਛਲੇ ਚਾਰ ਮਹੀਨੇ ਦੇ ਬਿਲ ਰੋਕੇ: ਪ੍ਰਬੰਧਕ
ਐਸ. ਏ. ਐਸ. ਨਗਰ, 23 ਜੂਨ (ਸ.ਬ.) ਨਗਰ ਨਿਗਮ ਵਲੋਂ ਕੁਝ ਸਮਾਂ ਪਹਿਲਾਂ ਬਣਾਈ ਗਈ ਗਊਸ਼ਾਲਾ (ਜਿੱਥੇ ਸੈਂਕੜਿਆਂ ਦੇ ਹਿਸਾਬ ਨਾਲ ਗਊਆਂ ਰੱਖੀਆਂ ਜਾਂਦੀਆਂ ਹਨ) ਦੇ ਕਰਮਚਾਰੀਆਂ ਨੂੰ ਪਿਛਲੇ ਕੁਝ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਇਹ ਕਰਮਚਾਰੀ ਕੰਮ ਛੱਡਣ ਦੇ ਰੌਅ ਵਿੱਚ ਹਨ ਅਤੇ ਇਸ ਕਾਰਣ ਗਊਸ਼ਾਲਾ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ| ਇਸ ਗਊਸ਼ਾਲਾ ਵਿੱਚ 20 ਦੇ ਕਰੀਬ ਕਰਮਚਾਰੀ ਤੈਨਾਤ ਹਨ ਜਿਹਨਾਂ ਦਾ ਇਲਜਾਮ ਹੈ ਕਿ ਉਹਨਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਉਹਨਾਂ ਲਈ ਆਪਣੇ ਘਰ ਦਾ ਗੁਜਾਰਾ ਕਰਨਾ ਵੀ ਔਖਾ ਹੋ ਗਿਆ ਹੈ|
ਗਊਸ਼ਾਲਾ ਵਿੱਚ ਰੱਖੀਆਂ ਗਈਆਂ ਗਊਆਂ ਅਤੇ ਵੱਛੇ ਵੱਛੀਆਂ ਦੀ ਹਾਲਤ ਵੀ ਤਰਸਯੋਗ ਹੈ ਅਤੇ ਇੱਥੇ ਅਜਿਹੇ ਕਈ ਜਾਨਵਰ ਹਨ ਜਿਹਨਾਂ ਨੂੰ ਇਲਾਜ ਦੀ ਸਖਤ ਲੋੜ ਹੈ| ਕੁੱਝ ਵੱਛੇ ਵੱਛੀਆਂ ਤਾਂ ਅਜਿਹੇ  ਹਨ ਜਿਹੜੇ ਖੜ੍ਹੇ ਹੋਣ ਜਾਂ ਬੈਠਣ ਦੇ ਵੀ ਸਮਰਥ ਨਹੀਂ ਹਨ ਅਤੇ ਹਰ ਵੇਲੇ ਡਿਗੇ ਹੀ ਰਹਿੰਦੇ ਹਨ| ਇਹਨਾਂ ਦਾ ਮਲ ਮੂਤਰ ਇਹਨਾਂ ਦੇ ਆਸ ਪਾਸ ਹੀ ਇਕੱਠਾ ਹੋ ਜਾਂਦਾ ਹੈ ਅਤੇ ਗੰਦਗੀ ਵਿੱਚ ਕੀੜੇ ਕੁਰਲਾਉਂਦੇ ਹਨ|
ਗਊਸ਼ਾਲਾ ਵਿੱਚ ਕਹਿਣ ਨੂੰ ਤਾਂ ਰੋਜਾਨਾ ਸਰਕਾਰੀ ਡਾਕਟਰ ਆਉਂਦਾ ਹੈ ਪਰੰਤੂ ਇੱਥੇ ਮੌਜੂਦ ਜਾਨਵਾਰ ਇਲਾਜ ਖੁਣੋ ਤੰਗ ਦਿਖਦੇ ਹਨ| ਇੱਕ ਦੋ ਗਾਵਾਂ ਅਜਿਹੀਆਂ ਹਨ ਜਿਹਨਾਂ  ਦੇ ਮਲ ਵਾਲੀ ਥਾਂ ਤੋਂ ਮਾਸ ਦੇ ਲੋਥੜੇ ਬਾਹਰ ਲਮਕ ਰਹੇ ਹਨ ਅਤੇ ਉਹ ਬਹੁਤ ਤਰਸਯੋਗ ਹਾਲਤ ਵਿੱਚ ਹਨ|
ਗਊਸ਼ਾਲਾ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਤਨਖਾਹਾਂ ਦਿਵਾਉਣ ਲਈ ਨਗਰ ਨਿਗਮ ਦੇ ਕਮਿਸ਼ਨਰ ਤਕ ਵੀ ਪਹੁੰਚ ਕੀਤੀ ਜਾ ਚੁੱਕੀ ਹੈ ਪਰੰਤੂ ਉੱਥੋ ਵੀ ਉਹਨਾਂ ਨੇ ਇਹ ਕਹਿ ਕੇ ਤੋਰ ਦਿੱਤਾ ਗਿਆ ਕਿ ਗਊਸ਼ਾਲਾ ਦੇ ਕਰਮਚਾਰੀਆਂ ਦੀ ਤਨਖਾਹ ਗਊਸ਼ਾਲਾ ਦੀ ਸਾਂਭ ਸੰਭਾਲ ਕਰਨ ਵਾਲੀ ਸੰਸਥਾ ਵਲੋਂ ਹੀ ਦਿਤੀ ਗਈ ਹੈ| ਕਰਮਚਾਰੀ ਕਹਿੰਦੇ ਹਨ ਕਿ ਜਦੋਂ ਉਹ ਗਊਸ਼ਾਲਾ ਦੇ ਪ੍ਰਬੰਧਕਾਂ ਤੋਂ ਤਨਖਾਹ ਮੰਗਦੇ ਹਨ ਤਾਂ ਪ੍ਰਬੰਧਕ ਕਹਿੰਦੇ ਹਨ ਕਿ ਪਿਛਲੇ ਚਾਰ ਮਹੀਨਿਆਂ ਤੋਂ ਨਿਗਮ ਵੱਲੋਂ ਗਊਸ਼ਾਲਾ ਦੇ ਪ੍ਰਬੰਧਕਾਂ ਦੇ ਬਿਲ ਰੋਕੇ ਹੋਏ ਹਨ ਅਤੇ ਅਦਾਇਗੀ ਨਹੀਂ ਕੀਤੀ ਜਾ ਰਹੀ| ਜਿਸ ਕਾਰਨ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹਨ|
ਇਸ ਸਬੰਧੀ ਗਲ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਕਾਈ ਹਾਕ ਨੂੰ ਦੱਸਿਆ ਕਿ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਤਨਖਾਹ ਉਸਦੇ ਪ੍ਰਬੰਧਕਾਂ ਵਲੋਂ ਹੀ ਦਿੱਤੀ ਜਾਣੀ ਹੁੰਦੀ ਹੈ ਅਤੇ ਨਿਗਮ ਵਲੋਂ ਗਊਸ਼ਾਲਾ ਦੇ ਪ੍ਰਬੰਧ ਬਦਲੇ ਉਹਨਾਂ ਨੂੰ ਰਕਮ ਅਦਾ ਕੀਤੀ ਜਾਂਦੀ ਹੈ| ਉਹਨਾਂ ਕਿਹਾ ਕਿ ਜਿੱਥੋਂ ਤਕ ਠੇਕੇਦਾਰ ਦੀ ਅਦਾਇਗੀ ਦਾ ਸਵਾਲ ਹੈ ਤਾਂ ਜਿਹੜੇ ਬਿਲ ਪ੍ਰਬੰਧਕਾਂ ਵੱਲੋਂ ਜਮ੍ਹਾਂ ਕਰਵਾਏ ਜਾਂਦੇ ਹਨ| ਉਹਨਾਂ ਦੇ ਅਨੁਸਾਰ ਨਿਗਮ ਵੱਲੋਂ ਅਦਾਇਗੀ ਹੁੰਦੀ ਹੈ|
ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਐਸ ਪੀ ਸੀ ਏ ਦੀ ਸਥਾਨਕ ਇਕਾਈ ਦੇ ਪ੍ਰਧਾਨ ਸ੍ਰੀ ਲਕਸ਼ਮਨ ਸਿੰਘ ਕਹਿੰਦੇ ਹਨ ਕਿ ਗਊਸ਼ਾਲਾ ਵਿੱਚ ਰੱਖੇ ਗਏ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਣਾ ਗਊਸ਼ਾਲਾਂ ਦੇ ਪ੍ਰਬੰਧਕਾਂ ਦੀ ਜਿੰਮੇਵਾਰੀ ਹੈ ਪਰੰਤੂ ਗਊਸ਼ਾਲਾ ਵਿੱਚ ਤੜਫਦੇ ਜਾਨਵਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ| ਉਹਨਾਂ ਮੰਗ ਕੀਤੀ ਕਿ ਗਊਸ਼ਾਲਾ ਦੇ ਪ੍ਰਬੰਧ ਵਿੱਚ ਸੁਧਾਰ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਇੱਥੇ ਜਾਨਵਰਾਂ ਨੂੰ ਸਾਫ- ਸੁਥਰਾ ਅਤੇ ਸਿਹਤਮੰਦ ਮਾਹੌਲ ਮੁਹਈਆ ਕਰਵਾਇਆ ਜਾਵੇ|

ਇਸ ਸਬੰਧੀ ਸੰਪਰਕ ਕਰਨ ਤੇ ਗਊਸ਼ਾਲਾ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਸ੍ਰੀ ਗੋਪਾਲ ਗਊਸੇਵਾ ਸਮਿਤੀ ਦੇ ਪ੍ਰਧਾਨ ਸ੍ਰੀ ਭੁਪਿੰਦਰ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਿਛਲੇ ਚਾਰ ਮਹੀਨਿਆਂ ਤੋਂ ਉਹਨਾਂ ਦੇ ਬਿਲ ਰੋਕੇ ਹੋਏ ਹਨ ਜਿਸ ਕਾਰਨ ਉਹ ਕਰਮਚਾਰੀਆਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਦੇ ਪਾਏ| ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਸਿਰਫ ਇੱਕ ਮਹੀਨੇ ਦੀ ਤਨਖਾਹ ਬਕਾਇਆ ਹੈ ਤਿੰਨ ਕਰਮਚਾਰੀ ਅਜਿਹੇ ਹਨ ਜਿਹਨਾਂ ਦੀ ਤਨਖਾਹ ਨਿਗਮ ਵਲੋਂ ਆਪਣੇ ਪੱਧਰ ਤੇ ਹੀ ਦਿੱਤੀ ਜਾਂਦੀ ਹੈ ਅਤੇ ਇਹਨਾਂ ਤਿੰਨ ਕਰਮਚਾਰੀਆਂ ਦੀ ਚਾਰ ਮਹੀਨੇ ਦੀ ਤਨਖਾਹ ਰੁਕੀ ਹੋਈ ਹੈ|
ਗਊਆਂ ਦੀ ਦੇਖਭਾਲ ਸੰਬੰਧੀ ਉਹਨਾਂ ਕਿ ਨਿਗਮ ਵਲੋਂ ਇੱਥੇ ਸਰਕਾਰੀ ਡਾਕਟਰ ਦੀ ਡਿਊਟੀ ਲਗਾਈ ਗਈ ਹੈ ਜਿਸ ਵਲੋਂ ਜਿਥੇ ਆਉਣ ਵਾਲੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ| ਹਰ ਵੇਲੇ ਡਿੱਗੇ ਰਹਿਣ ਵਾਲੇ ਜਾਨਵਰਾਂ ਬਾਰੇ ਉਹਨਾਂ ਕਿਹਾ ਕਿ ਉਹ ਜਾਨਵਰ ਸ਼ਹਿਰ ਵਿੱਚ ਘੁੰਮਣ ਦੌਰਾਨ ਪਲਾਸਟਿਕ ਦੇ ਲਿਫਾਫੇ ਖਾਣ ਕਾਰਨ ਬਿਮਾਰ ਹੁੰਦੇ ਹਨ ਅਤੇ ਇਹ ਇਸੇ ਤਰ੍ਹਾਂ ਪਏ ਰਹਿੰਦੇ ਹਨ| ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਹਸਪਤਾਲ ਵਿੱਚ ਆਪਰੇਸ਼ਨ ਦੀ ਲੋੜ ਹੁੰਦੀ ਹੈ ਜੋ ਗਊਸ਼ਾਲਾ ਵਿੱਚ ਨਹੀਂ ਹੋ ਸਕਦਾ| ਉਹਨਾਂ ਕਿਹਾ ਕਿ ਸੰਸਥਾ ਵਲੋਂ ਇਥੇ ਇੱਕ ਫੁਲ ਟਾਈਮ ਵੈਟਰਨਰੀ ਫਾਰਮਾਸਿਮਟ ਤੈਨਾਤ ਹੈ ਜਿਹੜਾ ਡਾਕਟਰ ਵਲੋਂ ਦੱਸੀਆਂ ਦਵਾਈਆਂ ਅਤੇ ਟੀਕੇ ਲਗਾਉਂਦਾ ਹੈ ਅਤੇ ਜਾਨਵਰਾਂ ਦੀਆਂ ਪੱਟੀਆਂ ਕਰਦਾ ਹੈ| ਉਹਨਾਂ ਕਿਹਾ ਕਿ ਸਰਕਾਰ ਵਲੋਂ ਜਾਨਵਰਾਂ ਤੇ ਹੋਣ ਵਾਲੇ ਖਰਚੇ ਦਾ ਇੱਕ ਤਿਹਾਈ ਖਰਚਾ ( 27 ਰੁਪਏ ਪ੍ਰਤੀ ਜਾਨਵਰ ਪ੍ਰਤੀ ਦਿਨ) ਹੀ ਦਿੱਤਾ ਜਾਂਦਾ ਹੈ ਅਤੇ ਬਾਕੀ ਦੇ ਖਰਚੇ ਸੰਸਥਾ ਨੂੰ ਪਲਿਉਂ ਕਰਨੇ ਪੈਂਦੇ ਹਨ|

Leave a Reply

Your email address will not be published. Required fields are marked *