ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਸਮਰਥਨ ਵਿੱਚ ਸੜਕਾਂ ਤੇ ਆਏ ਸ਼ਹਿਰ ਵਾਸੀ ਵੱਖ ਵੱਖ ਥਾਵਾਂ ਤੇ ਹੋਏ ਰੋਸ ਮਾਰਚ, ਸ਼ਹਿਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਿਕਲਿਆ ਵੱਡਾ ਮਾਰਚ

ਐਸ.ਏ.ਐਸ. ਨਗਰ, 26 ਜਨਵਰੀ (ਜਸਵਿੰਦਰ ਸਿੰਘ) ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਸ਼ਹਿਰਵਾਸੀ ਸੜਕਾਂ ਤੇ ਆ ਗਏ ਅਤੇ ਇਸ ਦੌਰਾਨ ਮੁਹਾਲੀ ਵਿਖੇ ਵੱਖ-ਵੱਖ ਸੰਸਥਾਵਾਂ, ਯੂਨੀਅਨਾਂ ਅਤੇ ਸ਼ਹਿਰ ਵਾਸੀਆਂ ਵਲੋਂ ਆਪ ਮੁਹਾਰੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ।

ਇਸ ਦੌਰਾਨ ਮੁਹਾਲੀ ਵਾਸੀਆਂ ਵਲੋਂ ਵੱਡਾ ਰੋਸ ਮਾਰਚ ਕੱਢਿਆ ਗਿਆ ਜਿਹੜਾ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ਼ 2 ਮੁਹਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਆਰੰਭ ਹੋਇਆ। ਇਸ ਮਾਰਚ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਹੋਏ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਅਤੇ ਟ੍ਰੈਕਟਰਾਂ ਤੇ ਸਵਾਰ ਲੋਕਾਂ ਵਲੋਂ ਟ੍ਰੈਕਟਰ ਅਤੇ ਕਾਰ ਰੈਲੀ ਕੱਢੀ ਗਈ ਜਿਹੜੀ ਫੇਜ਼ 5, ਫੇਜ਼ 3ਬੀ2, ਫੇਜ਼ 7, ਫੇਜ਼ 8, ਫੇਜ਼ 9, ਫੇਜ਼ 10, ਫੇਜ਼ 11, ਬੈਸਟੇਕ ਮਾਲ ਹੁੰਦੀ ਹੋਈ ਏਅਰਪੋਰਟ ਰੋਡ, ਗੁਰਦੁਆਰਾ ਸਿੰਘ ਸ਼ਹੀਦਾਂ, ਸੈਕਟਰ 70/69 ਦੀ ਸੜਕ ਤੋਂ ਹੋ ਕੇ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਵਾਲੇ ਮੈਦਾਨ ਵਿਖੇ ਸਮਾਪਤ ਹੋਈ।

ਸੈਕਟਰ 71 ਦੇ ਆਈ.ਵੀ.ਵਾਈ. ਚੌਂਕ ਵਿਖੇ ਸੈਕਟਰ 71 ਦੇ ਐਚ.ਆਈ.ਜੀ. ਫਲੈਟਾਂ ਦੇ ਵਸਨੀਕਾਂ ਵੱਲੋਂ ਸੁਨੀਤਾ ਸੋਨੀ, ਅਨੂਰੀਤ, ਪੰਮ ਵਿਰਕ, ਲੀਜ਼ਾ ਗਰੇਵਾਲ ਅਤੇ ਹਰਮੀਤ ਕੌਰ ਬਾਂਗਾ ਦੀ ਅਗਵਾਈ ਹੇਠ ਸੁਸਾਇਟੀ ਦੇ ਵਸਨੀਕਾਂ ਅਤੇ ਬੱਚਿਆਂ ਵੱਲੋਂ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸ੍ਰੀਮਤੀ ਅਨੂਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣੇ ਹਨ। ਇਨ੍ਹਾਂ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਤਾਂ ਨੁਕਸਾਨ ਹੋਣਾ ਹੀ ਹੈ ਪਰ ਇਸਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਸ ਦਾ ਨੁਕਸਾਨ ਹੋਣਾ ਹੈ।

ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਮੁਹਾਲੀ ਦੇ ਫੇਜ਼ 3/5 ਚੌਂਕ ਵਿਖੇ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਨਵੇਂ ਖੇਤੀ ਅਤੇ ਲੇਬਰ ਕਾਨੂੰਨ ਬਣਾਏ ਗਏ ਹਨ ਉਹ ਜਿੱਥੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨਗੇ, ਉੱਥੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਵੀ ਵਿਰੋਧੀ ਹਨ ਕਿਉਂਕਿ ਕੇਂਦਰ ਸਰਕਾਰ ਵਲੋਂ ਕੁਝ ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਖਸ਼ ਸਿੰਘ, ਰਾਜਿੰਦਰ ਕੁਮਾਰ, ਵਿਜੇ ਕੁਮਾਰ, ਜਤਿੰਦਰ ਸਿੰਘ, ਜਗਦੀਪ ਸਿੰਘ, ਕਪਿਲ ਦੇਵ, ਸਤਵੰਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਰਾਧੇ ਸ਼ਾਮ, ਮਹਾਵੀਰ ਸਿੰਘ, ਰੇਸ਼ਮਾ ਜੋਸ਼ੀ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਦੇ ਆਟੋ ਚਾਲਕਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿਚ ਇੱਕ ਆਟੋ ਰੈਲੀ ਕੱਢੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਖਰੜ 26 ਜਨਵਰੀ (ਸ਼ਮਿੰਦਰ ਸਿੰਘ ) ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਖਰੜ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਥੇਬੰਦੀਆਂ ਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਬਿਜਲੀ ਬੋਰਡ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਗਣਤੰਤਰ ਦਿਵਸ਼ ਨੂੰ ਵਿਰੋਧ ਦਿਵਸ ਵਜੋਂ ਮਨਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬਲਿਹਾਰ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ, ਕੇਸਰ ਸਿੰਘ, ਰਾਮ ਕ੍ਰਿਸਨ, ਸ਼ਿਵ ਰਾਮ, ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਕੋਸ਼ ਦੇ ਇਸ਼ਾਰਿਆਂ ਤੇ ਖੇਤੀ ਅਤੇ ਕਿਰਤ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਜਰੂਰੀ ਵਸਤਾਂ (ਖੇਤੀ ਪੈਦਾਵਾਰ) ਅਤੇ ਜਰੂਰੀ ਸੇਵਾਵਾਂ ਬਿਜਲੀ, ਵਿੱਦਿਆ, ਪਾਣੀ, ਸਿਹਤ, ਆਵਾਜਾਈ, ਦੂਰ-ਸੰਚਾਰ ਆਦਿ ਨੂੰ ਨਿੱਜੀ ਦੇਸੀ- ਵਿਦੇਸ਼ੀ ਕੰਪਨੀਆਂ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਕੰਪਨੀਆਂ ਨੂੰ ਬੇਰੋਕ ਲੁੱਟ ਕਰਨ ਦੇ ਰਾਹ ਦੀ ਰੁਕਾਵਟ ਬਣਦੇ ਕਾਨੂੰਨਾਂ ਨੂੰ ਬਦਲ ਕੇ ਮਿਹਨਤਕਸ਼ ਵਰਗ ਨੂੰ ਬੰਧੂਆਂ ਮਜਦੂਰਾਂ ਦੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ।

ਬੁਲਾਰਿਆਂ ਨੇ ਕਿਹਾ ਕਿ ਅੱਜ ਇੱਕ ਪਾਸੇ ਦੇਸ਼ ਦੇ ਹਾਕਮਾਂ ਵੱਲੋਂ ‘ਗਣਤੰਤਰ ਦਿਵਸ’ ਮਨਾਉਦੇ ਹੋਏ ਦੇਸ਼ ਵਾਸੀਆਂ ਨੂੰ ਸੰਵਿਧਾਨ ਲਾਗੂ ਹੋਣ ਅਤੇ ਕੁੱਲ ਸਹੂਲਤਾਂ ਦੇਣ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਦੇਸ਼ ਦੇ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਠੇਕਾ ਮੁਲਾਜ਼ਮਾਂ ਨੂੰ ਮਿਲਦੇ ਨਾਂਮਾਤਰ ਅਧਿਕਾਰਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਕਿਰਤ ਦੀ ਲੁੱਟ ਕਰਨ ਦੇ ਅਧਿਕਾਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ,ਜਿਸ ਦੇ ਰੋਸ ਵਜੋਂ ਅੱਜ ਠੇਕਾ ਮੁਲਾਜ਼ਮਾਂ-ਮੁਲਾਜਮਾਂ-ਕਿਸਾਨਾਂ-ਮਜਦੂਰਾਂ ਵੱਲੋਂ ਗਣਤੰਤਰ ਦਿਵਸ ਨੂੰ ਰੋਸ ਦਿਵਸ ਵਜੋਂ ਮਣਾਇਆ ਗਿਆ ਹੈ।

ਉਹਨਾਂ ਮੰਗ ਕੀਤੀ ਕਿ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ, ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ, ਜਬਰੀ ਛਾਂਟੀਆਂ ਬੰਦ ਕੀਤੀਆਂ ਜਾਣ, ਨਵੀਂ ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ,ਪ੍ਰਚੂਨ ਖੇਤਰ ਦਾ ਉਜਾੜਾ ਬੰਦ ਕੀਤਾ ਜਾਵੇ ਅਤੇ ਜੇਲ੍ਹਾਂ ਵਿੱਚ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ।

Leave a Reply

Your email address will not be published. Required fields are marked *