ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ ਝਾਕੀਆਂ : ਬੈਂਸ

ਐਸ. ਏ. ਐਸ. ਨਗਰ, 18 ਜਨਵਰੀ (ਸ.ਬ.) 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਰਕਾਰੀ ਕਾਲਜ ਫੇਜ਼ -6 ਵਿਖੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਸਮਾਗਮ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਆਪਣੇ ਵਿਭਾਗਾਂ ਦੀਆਂ ਪ੍ਰਾਪਤੀਆਂ ਦਰਸ਼ਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਜੋ ਕਿ ਖਿੱਚ ਦਾ ਕੇਂਦਰ ਹੋਣਗੀਆਂ| ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਦੀਪ ਸਿੰਘ ਬੈਂਸ ਨੇ ਜ਼ਿਲ੍ਹਾ ਪੱਧਰ ਤੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਸਮਾਗਮ ਮੌਕੇ ਪੇਸ਼ ਕੀਤੀਆਂ ਜਾਣ ਵਾਲੀਆਂ ਝਾਕੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਦਿੱਤੀ|
ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਰਜ਼ੀਆ ਸੁਲਤਾਨਾ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ| ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਝਾਕੀਆਂ ਪੇਸ਼ ਕਰਨ ਵਾਲੇ ਵਿਭਾਗਾਂ ਵਿੱਚ ਸਿੱਖਿਆ, ਸਿਹਤ, ਪੁਲੀਸ, ਜਿਲ੍ਹਾ ਉਦਯੋਗਿਕ ਕੇਂਦਰ, ਖੇਤੀਵਾੜੀ, ਬਾਗਬਾਨੀ ਤੇ ਜੰਗਲਾਤ ਵਿਭਾਗਾਂ ਸਮੇਤ ਵੇਰਕਾ ਮਿਲਕ ਪਲਾਂਟ, ਲੀਡ ਬੈਂਕ ਅਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸ਼ਾਮਿਲ ਹਨ|
ਮੀਟਿੰਗ ਵਿੱਚ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀ. ਕੇ ਸਾਲਦੀ, ਡੀ. ਐੱਸ. ਪੀ. (ਟਰੈਫਿਕ) ਸੋਹਨ ਲਾਲ ਸੰਧੂ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਐਚ. ਐਸ. ਪਨੂੰ, ਖੇਤੀਬਾੜੀ ਵਿਕਾਸ ਅਫਸਰ ਜਸਵਿੰਦਰ ਸਿੰਘ, ਬਾਗਵਾਨੀ ਅਫਸਰ ਤਰਲੋਚਨ ਸਿੰਘ, ਮੈਨੇਜਰ ਪੀ. ਐਨ. ਬੀ. ਅਰਸ਼ਪ੍ਰੀਤ ਕੌਰ, ਜਸਵਿੰਦਰ ਕੌਰ, ਨੀਰਜ ਠਾਕੁਰ, ਗੁਰਦੀਪ ਕੌਰ ਅਤੇ ਡਾ. ਰੁਪਿੰਦਰ ਵਾਲੀਆ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *