ਗਮਾਡਾ ਅਧਿਕਾਰੀਆਂ ਵੱਲੋਂ ਸਮਂੇ ਸਿਰ ਅਦਾਇਗੀਆਂ ਨਾ ਕੀਤੇ ਜਾਣ ਕਾਰਣ ਪ੍ਰੇਸ਼ਾਨ ਹਨ ਠੇਕੇਦਾਰ ਜੇ ਤੁਰੰਤ ਅਦਾਇਗੀ ਨਾ ਹੋਈ ਤਾਂ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ ਠੇਕੇਦਾਰ: ਸਰਾਂ

ਐਸ.ਏ.ਐਸ.ਨਗਰ, 20 ਜਨਵਰੀ (ਸ.ਬ.) ਗਮਾਡਾ ਵੱਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੰਮ ਕਰਨ ਵਾਲੇ ਠੇਕੇਦਾਰ ਗਮਾਡਾ ਅਧਿਕਾਰੀਆਂ ਵੱਲੋਂ ਉਹਨਾਂ ਨੂੰ                ਸਮਂੇ ਸਿਰ ਅਦਾਇਗੀਆਂ ਨਾ ਕੀਤੇ ਜਾਣ ਕਾਰਣ ਪ੍ਰੇਸ਼ਾਨ ਹਨ| ਇਸ ਸੰਬੰਧੀ ਗਮਾਡਾ ਕੰਟਰੈਕਟਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸ੍ਰ. ਹਰਸ਼ਦੀਪ ਸਿੰਘ ਸਰਾਂ ਦਾ ਇਲਜਾਮ ਹੈ ਕਿ ਗਮਾਡਾ ਦੇ ਉਚ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਦੀਆਂ ਅਦਾਇਗੀਆਂ ਤੇ ਅਣਐਲਾਨੀ ਰੋਕ ਲਗਾਏ ਜਾਣ ਕਾਰਣ ਠੇਕੇਦਾਰ ਭਾਰੀ ਪ੍ਰੇਸ਼ਾਨੀ ਵਿੱਚ ਆ ਗਏ ਹਨ| ਸ੍ਰ ਸਰਾਂ ਕਹਿੰਦੇ ਹਨ ਕਿ ਪਿਛਲੇ 2 ਮਹੀਨਿਆਂ ਤੋਂ ਗਮਾਡਾ ਦੇ ਵੱਖ ਵੱਖ ਕੰਮ ਜਿਵੇਂ ਸਿਵਲ, ਹਾਈਕਲਚਰ, ਪਬਲਿਕ ਹੈਲਥ ਅਤੇ ਦ੍ਰਿਸ਼ਟੀਕੋਣ ਦਾ ਕੰਮ ਕਰਨ ਵਾਲੇ                    ਠੇਕੇਦਾਰਾਂ ਦੀਆਂ ਅਦਾਇਗੀਆਂ ਰੁਕੀਆਂ ਹੋਈਆਂ ਹਨ|
ਸ੍ਰ ਸਰਾਂ ਨੇ ਦੱਸਿਆ ਕਿ ਇਕ ਤਾਂ ਪਹਿਲਾਂ ਹੀ ਨੋਟਬੰਦੀ ਕਾਰਨ                   ਠੇਕੇਦਾਰਾਂ ਦੀ ਲੇਬਰ ਵਾਪਸ ਆਪਣੇ ਪਿੰਡਾਂ ਨੂੰ ਪਰਤ ਗਈ ਹੈ ਅਤੇ ਠੇਕੇਦਾਰਾਂ ਨੂੰ ਜਦੋਂ ਤੋਂ ਦਿਹਾੜੀ ਤੇ ਮਜਦੂਰ ਲਿਆ ਕੇ ਕੰਮ ਕਰਵਾਉਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਗਮਾਡਾ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਅਦਾਇਗੀਆਂ ਤੇ ਲਗਾਈ ਇਸ ਅਣਐਲਾਨੀ ਰੋਕ ਦੇ ਕਾਰਣ ਠੇਕੇਦਾਰਾਂ ਦਾ ਕੰਮ ਬੰਦ ਹੋਣ ਦੀ ਹਾਲਤ ਵਿੱਚ ਹੈ|
ਉਹਨਾਂ ਕਿਹਾ ਕਿ ਜੇਕਰ ਠੇਕੇਦਾਰ ਕੰਮ ਬੰਦ ਕਰ ਲਵੇ ਤਾਂ ਵਿਭਾਗ ਵੱਲੋਂ  ਪੈਨਾਲਟੀ ਲਗਾ ਦਿੱਤੀ ਜਾਂਦੀ ਹੈ ਪਰੰਤੂ ਗਮਾਡਾ ਵੱਲੋਂ ਉਹਨਾਂ ਦੀਆਂ ਅਦਾਇਗੀਆਂ ਰੋਕੇ ਜਾਣ ਕਾਰਣ ਉਹ ਕੰਮ ਜਾਰੀ ਰੱਖਣ ਦੀ ਹਾਲਤ ਵਿੱਚ ਵੀ ਨਹੀਂ ਹਨ| ਸ੍ਰ ਸਰਾਂ ਨੇ ਦੱਸਿਆ ਕਿ ਜਦੋਂ ਉਹ ਆਪਣੀਆਂ ਅਦਾਇਗੀਆਂ ਵਾਸਤੇ ਸੰਬੰਧਿਤ ਅਧਿਕਾਰੀਆਂ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਬਿਲ ਪਾਸ ਕਰਕੇ ਉੱਪਰ ਭੇਜ ਦਿੱਤੇ ਗਏ ਹਨ ਅਤੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਾਹਬ ਦੀ ਮੰਜੂਰੀ ਦੇ ਬਿਨਾਂ ਚੈਕ ਜਾਰੀ ਨਹੀਂ ਹੋ ਸਕਦਾ| ਉਹਨਾਂ ਦੱਸਿਆ ਕਿ                           ਠੇਕੇਦਾਰ ਯੂਨੀਅਨ ਦਾ ਇਕ ਵਫਦ ਗਮਾਡਾ ਦੇ ਮੁੱਖ ਪ੍ਰਸਾਸਕ ਨੂੰ ਮਿਲਣ ਲਈ ਵੀ ਗਿਆ ਸੀ ਪਰੰਤੂ ਉਹਨਾਂ ਦੇ ਚੋਣ ਪ੍ਰਬੰਧਾਂ ਸੰਬੰਧੀ ਮੀਟਿੰਗ ਵਿੱਚ ਰੁਝੇ ਹੋਣ ਕਾਰਣ ਉਹਨਾਂ ਦੀ ਮੁੱਖ ਪ੍ਰਸਾਸਕ ਨਾਲ ਮੁਲਾਕਾਤ ਨਹੀਂ ਹੋ ਪਾਈ| ਉਹਨਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਠੇਕੇਦਾਰਾਂ ਨੂੰ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪਏਗਾ| ਜਿਸ ਦੀ ਪੂਰੀ ਜਿੰਮੇਦਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ|
ਇਸ ਸਬੰਧੀ ਗਮਾਡਾ ਦੇ ਪ੍ਰਸ਼ਾਸ਼ਕ ਸ੍ਰੀ ਵਰੁਣ ਰੂਜਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *