ਗਮਾਡਾ ਜੁਲਾਈ ਦੇ ਦੂਜੇ ਹਫਤੇ ਵਿੱਚ ਕੱਢ ਸਕਦਾ ਹੈ ਆਈ. ਟੀ. ਸਿਟੀ, ਈਕੋ ਸਿਟੀ ਅਤੇ ਏਅਰੋ ਸਿਟੀ ਦੇ ਆਸਟੀ ਪਲਾਟਾਂ ਦਾ ਡ੍ਰਾਅ

ਐਸ. ਏ. ਐਸ. ਨਗਰ, 28 ਜੂਨ (ਸ.ਬ.) ਗਾਮਾਡਾ ਵਲੋਂ 2011 ਵਿੱਚ ਐਸ ਏ ਐਸ ਨਗਰ ਵਿੱਚ ਉਸਾਰੀ ਜਾਣ ਵਾਲੀ ਆਈ ਟੀ ਸਿਟੀ, ਈਕੋ ਸਿਟੀ, ਏਅਰੋਸਿਟੀ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਜਮੀਨ ਬਦਲੇ ਅਲਾਟ ਕੀਤੇ ਜਾਣ ਵਾਲੇ ਆਸਟੀ ਪਲਾਟਾਂ ਦਾ ਡ੍ਰਾਅ ਜੁਲਾਈ ਦੇ ਦੂਜੇ ਹਫਤੇ ਕੱਢੇ ਜਾਣ ਦੀ ਸੰਭਾਵਨਾ ਹੈ| ਜ਼ਿਕਰਯੋਗ ਹੈ ਕਿ ਗਮਾਡਾ ਵਲੋਂ ਪਿਛਲੇ ਕਈ ਸਾਲਾਂ ਤੋਂ ਆਸਟੀ ਪਲਾਟਾਂ ਦੇ ਡ੍ਰਾਅ ਦੀ ਕਾਰਵਾਈ ਨੂੰ ਟਾਲੇ ਜਾਣ ਕਾਰਨ ਪਿੰਡਾਂ ਦੇ ਜਮੀਨ ਮਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਆਈ ਟੀ ਸਿਟੀ ਵਿੱਚ ਆਉਣ ਵਾਲੀ ਜਮੀਨ ਦੇ ਮਾਲਕਾਂ ਵਲੋਂ ਗਮਾਡਾ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਖਿਲ ਕੀਤੇ ਜਾਣ ਤੋਂ ਬਾਅਦ ਗਮਾਡਾ ਵਲੋਂ ਅਦਾਲਤ ਵਿੱਚ ਲਿਖਤੀ ਰੂਪ ਵਿੱਚ ਕਿਹਾ ਗਿਆ ਸੀ ਕਿ ਆਸਟੀ ਪਲਾਟਾਂ ਦਾ ਡ੍ਰਾਅ 31 ਮਈ 2018 ਤੋਂ ਪਹਿਲਾਂ ਕੱਢ ਦਿੱਤਾ ਜਾਵੇਗਾ ਅਤੇ ਜਮੀਨ ਮਾਲਕਾਂ ਨੂੰ ਪਲਾਟ ਅਲਾਟ ਕਰ ਦਿੱਤੇ ਜਾਣਗੇ ਪਰੰਤੂ ਇਸਦੇ ਬਾਵਜੂਦ ਗਮਾਡਾ ਵਲੋਂ ਹੁਣ ਤੱਕ ਇਹਨਾਂ ਪਲਾਟਾਂ ਦਾ ਡ੍ਰਾਅ ਨਹੀਂ ਕੱਢਿਆ ਗਿਆ ਹੈ|
ਇਸ ਸਬੰਧੀ ਗਮਾਡਾ ਵਲੋਂ ਅਕਵਾਇਰ ਕੀਤੀ ਗਈ ਜਮੀਨ ਦੇ ਮਾਲਕਾਂ ਵਲੋਂ ਗਮਾਡਾ ਨੂੰ ਕਾਨੂੰਨੀ ਨੋਟਿਸ ਦੇ ਕੇ ਉਸਦੇ ਖਿਲਾਫ ਅਦਾਲਤੀ ਮਾਨਹਾਨੀ ਦਾ ਕੰਮ ਕਰਨ ਦੀ ਵੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਪਰੰਤੂ ਇਸ ਸਬੰਧੀ ਗਮਾਡਾ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਜਿੱਥੇ ਜਮੀਨ ਮਾਲਕਾਂ ਵਿੱਚ ਬੇਚੈਨੀ ਵੱਧ ਰਹੀ ਹੈ ਉਥੇ ਉਹਨਾਂ ਵਿੱਚ ਗਮਾਡਾ ਅਧਿਕਾਰੀਆਂ ਖਿਲਾਫ ਰੋਸ ਵੀ ਵੱਧ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਅਧਿਕਾਰੀਆਂ ਵਲੋਂ ਅਜਿਹੀ ਕਿਸੇ ਅਦਾਲਤੀ ਕਾਰਵਾਈ ਤੋਂ ਬਚਣ ਲਈ ਆਸਟੀ ਵਰਗ ਦੇ ਪਲਾਟਾਂ ਦਾ ਡ੍ਰਾਅ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਆਸਟੀ ਵਰਗ ਦੇ ਕੁਲ ਬਿਨੈਕਾਰਾਂ ਦੇ ਕਾਗਜਾਂ ਦੀ ਤਸਦੀਕ ਕੀਤੀ ਜਾ ਰਹੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਵਲੋਂ ਜੁਲਾਈ ਦੇ ਦੂਜੇ ਹਫਤੇ ਵਿੱਚ ਗਮਾਡਾ ਦੀਆਂ ਸਾਰੀਆਂ ਸਕੀਮਾਂ ਦੇ ਆਸਟੀ ਪਲਾਟਾਂ ਦਾ ਡ੍ਰਾਅ ਕੱਢਣ ਲਈ ਪੂਰੇ ਜੋਰ ਸ਼ੋਰ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਗਮਾਡਾ ਦੇ ਮਿਲਖ ਦਫਤਰ ਵਿੱਚ ਇਸ ਵੇਲੇ ਇਹ ਕੰਮ ਪਹਿਲ ਦੇ ਆਧਾਰ ਤੇ ਚੱਲ ਰਿਹਾ ਹੈ|
ਗਮਾਡਾ ਦੀ ਮਿਲਖ ਅਫਸਰ ਸ੍ਰੀਮਤੀ ਪੂਜਾ ਸਿਆਲ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਗਮਾਡਾ ਵਲੋਂ ਆਈ ਟੀ ਸਿਟੀ, ਈਕੋ ਸਿਟੀ ਅਤੇ ਏਅਰੋ ਸਿਟੀ ਦੇ ਆਸਟੀ ਪਲਾਟਾਂ ਦਾ ਡ੍ਰਾ ਕੱਢਣ ਲਈ ਆਸਟੀ ਬਿਨੈਕਾਰਾਂ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਆਸਟੀਆਂ ਵਲੋਂ ਸਰਟੀਫਿਕੇਟ ਦਾਖਿਲ ਨਾ ਕੀਤੇ ਜਾਣ ਕਾਰਨ ਇਸ ਕੰਮ ਵਿੱਚ ਦੇਰੀ ਜਰੂਰ ਹੋਈ ਹੈ ਪਰੰਤੂ ਉਹਨਾਂ ਦੀ ਪੂਰੀ ਆਸ ਹੈ ਕਿ ਇਹ ਕੰਮ ਛੇਤੀ ਹੀ ਮੁਕੰਮਲ ਹੋ ਜਾਵੇਗਾ ਅਤੇ ਉਸਤੋਂ ਬਾਅਦ ਆਸਟੀ ਪਲਾਟਾਂ ਦਾ ਡ੍ਰਾਅ ਕੱਢ ਦਿੱਤਾ ਜਾਵੇਗਾ|
ਇਸ ਸਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਨ ਸ੍ਰੀ ਰਾਜੇਸ਼ ਧੀਮਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗਮਾਡਾ ਵਲੋਂ ਆਸਟੀ ਪਲਾਟਾਂ ਦਾ ਡ੍ਰਾਅ ਛੇਤੀ ਹੀ ਕੱਢਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਗਮਾਡਾ ਵਲੋਂ ਆਸਟੀ ਬਿਨੈਕਾਰਾਂ ਦੀਆਂ ਅਰਜੀਆਂ ਦੀ ਜਾਂਚ ਦਾ ਕੰਮ ਚੱਲ ਰਿਹਾ ਹੈ| ਉਹਨਾਂ ਕਿਹਾ ਕਿ ਜੇ ਸਭ ਕੁੱਝ ਸਮੇਂ ਤੇ ਹੋ ਗਿਆ ਤਾਂ ਇਹ ਕੰਮ ਮੁਕੰਮਲ ਕਰਨ ਤੋਂ ਬਾਅਦ ਜੁਲਾਈ ਦੇ ਦੂਜੇ ਹਫਤੇ ਵਿੱਚ ਆਪਣੀ ਪਲਾਟਾਂ ਦਾ ਡ੍ਰਾਅ ਕੱਢ ਦਿੱਤਾ ਜਾਵੇਗਾ|

Leave a Reply

Your email address will not be published. Required fields are marked *