ਗਮਾਡਾ ਦੀ ਟੀਮ ਨੇ ਲਾਂਡਰਾ ਸਰਹਿੰਦ ਰੋਡ ਤੇ ਪੰਜਾਬ ਨੰਬਰਦਾਰਾ ਭਵਨ ਢਾਹਿਆ

ਐਸ ਏ ਐਸ ਨਗਰ, 8 ਨਵੰਬਰ (ਸ.ਬ.) ਲਾਂਡਰਾ ਸਰਹਿੰਦ ਰੋਡ ਤੇ ਬਣੇ ਹੋਏ ਪੰਜਾਬ ਨੰਬਰਦਾਰ ਭਵਨ ਨੂੰ ਅੱਜ ਗਮਾਡਾ ਦੀ ਟੀਮ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਢਾਹ ਦਿਤਾ ਗਿਆ| ਦੂਜੇ ਪਾਸੇ ਨੰਬਰਦਾਰ ਯੂਨੀਅਨ ਨੇ ਇਸ ਭਵਨ ਨੂੰ ਢਾਹੇ ਜਾਣ ਵਿਰੁੱਧ ਹਾਈਕੋਰਟ ਵਿੱਚ ਕੇਸ ਕਰਨ ਦਾ ਐਲਾਨ ਕੀਤਾ ਹੈ|
ਨੰਬਰਦਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਭਵਨ ਜਿਸ ਜਮੀਨ ਉੱਪਰ ਬਣਿਆ ਹੋਇਆ ਹੈ, ਉਹ ਜਮੀਨ ਗਮਾਡਾ ਦੀ ਨਹੀਂ ਹੈ, ਸਗੋਂ ਜਿੰਮੀਦਾਰਾਂ ਦੀ ਹੈ ਅਤੇ ਇਹ ਜਮੀਨ ਐਕਵਾਇਰ ਨਹੀਂ ਕੀਤੀ ਹੋਈ| ਫੇਰ ਗਮਾਡਾ ਇਸ ਜਮੀਨ ਉੱਪਰ ਬਣੇ ਭਵਨ ਨੂੰ ਕਿਵੇਂ ਢਾਹ ਸਕਦਾ ਹੈ|
ਉਹਨਾਂ ਕਿਹਾ ਕਿ ਸਾਲ 2006 ਵਿੱਚ ਇਸ ਭਵਨ ਦਾ ਉਦਘਾਟਨ ਸ. ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ ਕੀਤਾ ਸੀ ਅਤੇ ਬਾਦਲ ਸਰਕਾਰ ਸਮੇਂ ਇਸ ਭਵਨ ਨੂੰ ਗ੍ਰਾਂਟ ਵੀ ਦਿੱਤੀ ਗਈ ਸੀ| ਉਹਨਾਂ ਕਿਹਾ ਕਿ ਲਖਨੌਰ ਤੋਂ ਸਵਾੜਾ ਤੱਕ ਦੀ ਜਮੀਨ ਜਿੰਮੀਦਾਰਾਂ ਦੀ ਹੈ| ਉਹਨਾਂ ਦੋਸ਼ ਲਾਇਆ ਕਿ ਗਮਾਡਾ ਦਾ ਇੱਕ ਜੇ ਈ ਉਹਨਾਂ ਤੋਂ 50 ਹਜਾਰ ਰੁਪਏ ਰਿਸ਼ਵਤ ਮੰਗਦਾ ਸੀ ਉਹਨਾਂ ਨੇ ਰਿਸ਼ਵਤ ਨਹੀਂ ਦਿੱਤੀ ਜਿਸ ਕਰਕੇ ਨਿੱਜੀ ਬਦਲਾਖੋਰੀ ਤਹਿਤ ਜੇ ਈ  ਨੇ ਇਹ ਕਾਰਵਾਈ ਕੀਤੀ ਹੈ| ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਗਮਾਡਾ ਅਤੇ ਜੇ ਈ ਦੇ ਖਿਲਾਫ ਅਦਾਲਤ ਵਿਚ ਕੇਸ ਕਰਨਗੇ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ| ਇਸ ਮੌਕੇ ਸਤਪਾਲ ਸਿੰਘ ਅਤੇ ਹੋਰ ਨੰਬਰਦਾਰ ਵੀ ਮੌਜੂਦ ਸਨ|
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ ਨੇ ਦੋਸ਼ ਲਗਾਇਆ ਕਿ ਗਮਾਡਾ ਵੱਲੋਂ ਨੰਬਰਦਾਰ ਭਵਨ ਨੂੰ ਢਾਹੁਣ ਦੀ ਕਾਰਵਾਈ ਸਿਆਸੀ ਬਦਲਾਖੌਰੀ ਤਹਿਤ ਕੀਤੀ ਗਈ ਹੈ, ਉੱਥੇ ਹੋਰ ਵੀ ਕਈ ਇਮਾਰਤਾਂ ਇਸੇ ਤਰ੍ਹਾਂ ਬਣੀਆਂ ਹੋਈਆਂ ਹਨ ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਸਿਰਫ ਨੰਬਰਦਾਰ ਭਵਨ ਨੂੰ ਢਾਹ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਇਹ ਨੰਬਰਦਾਰ ਅਕਾਲੀ ਸਮਰਥਕ ਹਨ, ਇਸ ਲਈ ਇਹਨਾਂ ਦਾ ਭਵਨ ਢਾਹ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਸਿਆਸੀ ਬਦਲਾਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਕਾਲੀ ਦਲ ਇਸ ਵਿਰੁੱਧ ਸੰਘਰਸ਼ ਕਰੇਗਾ|
ਇਸ ਸਬੰਧੀ ਗਮਾਡਾ ਦੇ ਜੇ ਈ ਅਮਨਜੀਤ ਚੌਧਰੀ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਉੱਪਰ ਰਿਸ਼ਵਤ ਮੰਗਣ ਦੇ ਲਾਏ ਦੋਸ਼ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਇਹ ਇਮਾਰਤ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਗਈ ਸੀ| ਇਮਾਰਤ ਦੇ ਮਾਲਕਾਂ ਨੇ ਸੀ ਐਲ ਯੂ ਨਹੀਂ ਸੀ ਲਿਆ ਅਤੇ ਨਾ ਹੀ ਨਕਸ਼ਾ ਪਾਸ ਕੀਤਾ|
ਉਹਨਾਂ ਕਿਹਾ ਕਿ ਪੀ ਡਬਲਯੂ ਡੀ ਵਿਭਾਗ ਨੇ ਜੋ ਸੜਕ ਲਾਂਡਰਾਂ ਤੋਂ ਚੂਨੀ ਤੱਕ ਬਨਾਉਣੀ ਹੈ, ਇਹ ਇਮਾਰਤ ਉਸ ਸੜਕ ਦੇ ਕਿਨਾਰੇ ਵਾਲੀ ਥਾਂ (30 ਮੀਟਰ) ਵਿਚ ਆਉਂਦੀ ਹੈ| ਪੀ ਡਬਲਯੂ ਡੀ ਵਿਭਾਗ ਨੇ ਇਸ ਸੰਬੰਧੀ ਗਮਾਡਾ ਨੂੰ ਪੱਤਰ ਲਿਖਿਆ ਸੀ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਅੱਜ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ ਗਈ ਹੈ|

Leave a Reply

Your email address will not be published. Required fields are marked *