ਗਮਾਡਾ ਦੇ ਮਿਲਖ ਦਫਤਰ ਵਿੱਚ ਲਾਗੂ ਪਹਿਲਾਂ ਆਓ ਪਹਿਲਾਂ ਪਾਓ ਸਕੀਮ ਕਾਰਨ ਲੋਕ ਹੁੰਦੇ ਹਨ ਖੱਜਲ ਖੁਆਰ : ਧਵਨ

ਗਮਾਡਾ ਦੇ ਮਿਲਖ ਦਫਤਰ ਵਿੱਚ ਲਾਗੂ ਪਹਿਲਾਂ ਆਓ ਪਹਿਲਾਂ ਪਾਓ ਸਕੀਮ ਕਾਰਨ ਲੋਕ ਹੁੰਦੇ ਹਨ ਖੱਜਲ ਖੁਆਰ : ਧਵਨ

ਭ੍ਰਿਸ਼ਟਾਚਾਰ ਤੇ ਕਾਬੂ ਕਰਕੇ ਜਵਾਬਦੇਹੀ ਅਤੇ ਪਾਰਦਰਸ਼ਿਤਾ ਨਾਲ ਕੰਮ ਯਕੀਨੀ ਕਰਨ ਲਈ ਲਾਗੂ ਕੀਤੀ ਨਵੀਂ ਸਕੀਮ : ਮੁੱਖ ਪ੍ਰਸ਼ਾਸ਼ਕ
ਐਸ. ਏ. ਐਸ. ਨਗਰ, 19 ਜੁਲਾਈ (ਸ.ਬ.) ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੇ ਬਾਵਜੂਦ ਸਰਕਾਰ ਦੀ ਪ੍ਰਸ਼ਾਸ਼ਨਿਕ ਕਾਰਗੁਜਾਰੀ ਵਿੱਚ ਲੋੜੀਂਦਾ ਸੁਧਾਰ ਨਾ ਹੋਣ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਅਫਸਰਸ਼ਾਹੀ ਵਿਰੁੱਧ ਰੋਸ ਵੱਧ ਰਿਹਾ ਹੈ ਅਤੇ ਉਹ ਹੁਣ ਅਫਸਰਸ਼ਾਹੀ ਦੇ ਖਿਲਾਫ ਖੁਲ੍ਹ ਕੇ ਬੋਲਣ ਲੱਗ ਪਏ ਹਨ|
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ੍ਰ. ਹਰਜਿੰਦਰ ਸਿੰਘ ਧਵਨ ਕਹਿੰਦੇ ਹਨ ਪਾਰਟੀ ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ ਅਤੇ ਇਸ ਵਾਸਤੇ ਜਰੂਰੀ ਹੈ ਕਿ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੇ ਕੰਮਾਂ ਦਾ ਅਸਲ ਸੁਖਾਲਾ ਕੀਤਾ ਜਾਵੇ ਪਰੰਤੂ ਸਰਕਾਰੀ ਅਧਿਕਾਰੀ ਕਿਸੇ ਨਾ ਕਿਸੇ ਤਰ੍ਹਾਂ ਇਸ ਪ੍ਰੀਕ੍ਰਿਆ ਨੂੰ ਹੋਰ ਗੁੰਝਲਦਾਰ ਬਣਾਉਣ ਵਿੱਚ ਲੱਗੇ ਹੋਏ  ਹਨ ਜਿਸ ਕਾਰਨ ਆਮ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ|
ਉਹਨਾਂ ਕਿਹਾ ਕਿ ਗ੍ਰੇਟਰ ਮੁਹਾਲੀ ਡਿਵਲਮੈਂਟ ਅਥਾਰਟੀ ( ਗਮਾਡਾ) ਦੇ ਅਧਿਕਾਰੀਆਂ ਦਾ ਰਵੱਈਆਂ ਵੀ ਅਜਿਹਾ ਹੀ ਹੈ ਜਿਸ ਨਾਲ ਆਮ ਲੋਕਾਂ ਦੇ ਰੋਜ ਮਰ੍ਹਾ ਦੇ ਕੰਮ ਬਿਨਾਂ ਵਜ੍ਹਾਂ ਲਮਕਣ ਲੱਗ ਪਏ ਹਨ ਜਿਸ ਕਾਰਨ ਜਿਥੇ ਆਮ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ ਉਥੇ ਇਸ ਕਾਰਨ ਗਮਾਡਾ ਦੇ ਖਿਲਾਫ ਲੋਕਾਂ ਦਾ ਰੋਸ ਵੀ ਵੱਧ ਰਿਹਾ ਹੈ|
ਸ੍ਰ. ਧਵਨ ਨੇ ਕਿਹਾ ਕਿ ਹਾਊਸਿੰਗ ਬੋਰਡ ( ਜੋ ਬਾਅਦ ਵਿੱਚ ਪੁਡਾ ਅਤੇ ਫਿਰ ਗਮਾਡਾ ਬਣਿਆ) ਦੇ ਸਮੇਂ ਦੌਰਾਨ 1995 ਵਿੱਚ ਇਸ ਵਿਭਾਗ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਸੀ| ਉਸ ਵੇਲੇ ਦੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਬਾਲ ਮੁਕੰਦ ਸ਼ਰਮਾ ਵਲੋਂ ਸ਼ੁਰੂ ਕੀਤੇ ਗਏ ਇਸ ਸਿੰਗਲ ਵਿੰਡੋ ਸਿਸਟਮ ਵਿੱਚ ਮਿਲਖ ਦਫਤਰ ਨਾਲ ਸਬੰਧਿਤ ਵੱਖ ਵੱਖ ਕੰਮਾਂ ਲਈ ਬਾਕਾਇਦਾ ਸਮਾਂ ਹੱਦ ਵੀ ਤੈਅ ਕੀਤੀ ਗਈ ਸੀ ਅਤੇ ਇਹ ਸਿਸਟਮ ਗਮਾਡਾ ਵਿੱਚ ਵੀ ਕੰਮ ਕਰ ਰਿਹਾ ਸੀ ਪਰੰਤੂ ਹੁਣ ਗਮਾਡਾ ਅਧਿਕਾਰੀਆਂ ਨੇ ਇੱਥੇ ਇੱਕ ਨਵਾਂ ਸਿਸਟਮ ਪਹਿਲਾਂ ਆਉ ਪਹਿਲਾਂ ਜਾਉ ਲਾਗੂ ਕਰ ਦਿੱਤਾ ਹੈ ਜਿਸਦੇ ਤਹਿਤ ਗਮਾਡਾ ਵਿੱਚ ਕਿਸੇ ਵੀ ਕੰਮ ਲਈ ਆਉਣ ਵਾਲੀ ਅਰਜੀ ਨੂੰ ਇੱਕ ਨੰਬਰ ਦਿੱਤਾ ਜਾਂਦਾ ਹੈ ਅਤੇ ਜਦੋਂ ਤਕ ਉਸ ਅਰਜੀ ਅਨੁਸਾਰ ਕੰਮ ਮੁਕੰਮਲ ਹੋ ਕੇ ਡਿਸਪੈਜ ਨਹੀਂ ਹੁੰਦਾ ਉਸ ਤੋਂ ਬਾਅਦ ਆਉਣ ਵਾਲੀਆਂ ਅਰਜੀਆਂ ( ਭਾਵੇਂ ਉਹਨਾਂ ਦਾ ਕੰਮ ਮੁਕੰਮਲ ਹੋ ਗਿਆ ਹੋਵੇ) ਲਮਕਦੀਆਂ ਰਹਿੰਦੀਆਂ ਹਨ|
ਸ੍ਰ. ਧਵਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਗਮਾਡਾ ਅਧਿਕਾਰੀਆਂ ਵਲੋਂ ਇਸ ਸੰਬੰਧੀ ਇਹ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਜਦੋਂ ਗਮਾਡਾ ਵਿੱਚ ਵੱਖ ਵੱਖ ਕੰਮਾਂ ਲਈ ਮਿਥੀ ਸਮਾਂ ਹੱਦ ਵੱਖੋ ਵੱਖਰੀ ਹੈ ਤਾਂ ਫਿਰ ਪਹਿਲਾਂ ਆਉ ਪਹਿਲਾਂ ਜਾਉ ਦਾ ਇਹ ਸਿਸਟਮ ਕਿਵੇਂ ਲਾਗੂ ਹੋ ਸਕਦਾ ਹੈ | ਉਹਨਾਂ ਕਿਹਾ ਕਿ ਗਮਾਡਾ ਵਲੋਂ ਇਹ ਸਿਸਟਮ ਲਾਗੂ ਕਰਨ ਵੇਲੇ ਪਹਿਲਾਂ ਦਾ ਬੈਦਲਾਗ ਵੀ ਖਤਮ ਨਹੀਂ ਕੀਤਾ ਜਿਸ ਕਾਰਨ ਇਹ ਕੰਮ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ| ਉਹਨਾਂ ਕਿਹਾ ਕਿ ਇਸ ਵੇਲੇ ਹਾਲਤ ਇਹ ਹੈ ਕਿ ਲੋਕਾਂ ਦੇ ਵੱਖ ਵੱਖ ਕੰਮਾਂ ਨਾਲ ਸਬੰਧਿਤ ਫਾਈਲਾਂ ਕਲੀਅਰ ਹੋਣ ਦੇ ਬਾਵਜੂਦ ਉਹਨਾਂ ਦੇ ਕੰਮ ਸਬੰਧੀ ਪੱਤਰ ਡਿਸਪੈਚ ਨਹੀਂ ਹੋ ਰਹੇ ਕਿਉਂਕਿ ਜਦੋਂ ਤਕ ਪਹਿਲਾਂ ਆਈ ਅਰਜੀ ਦੀ ਫਾਈਲ (ਜਿਸਦਾ ਕੰਮ ਹੋਣ ਵਿੱਚ ਹਾਲੇ ਸਮਾਂ ਬਾਕੀ ਹੁੰਦਾ ਹੈ) ਦੇ ਕਲੀਅਰ ਹੋਣ ਤੋਂ ਪਹਿਲਾਂ ਕੰਪਿਊਟਰ ਫਾਈਲ ਤੇ ਡਿਸਪੈਂਚ ਨਹੀਂ ਦਿੰਦਾ ਅਤੇ ਡਿਸਪੈਂਚ ਕਾਊਂਟਰ ਤੇ ਕਲੀਅਰ ਹੋਈਆਂ ਫਾਈਲਾਂ ਦਾ ਢੇਰ ਲੱਗ ਜਾਂਦਾ ਹੈ|
ਸ੍ਰ. ਧਵਨ ਨੇ ਕਿਹਾ ਕਿ ਅਧਿਕਾਰੀਆਂ ਦਾ ਰਵਈਆਂ ਵੀ ਨਾ ਪੱਖੀ ਹੈ ਅਤੇ ਉਹ ਇਸ ਸਬੰਧੀ ਗੱਲ ਕਰਨ ਦੇ ਬਾਵਜੂਦ ਲੋਕਹਿਤ ਵਿੱਚ ਫੈਸਲਾ ਕਰਨ ਤੋਂ ਟਾਲਾ ਵੱਟਦੇ ਹਨ| ਜਿਸ ਨਾਲ ਅਜਿਹਾ ਲੱਗਦਾ ਹੈ ਕਿ ਇਹ ਅਧਿਕਾਰੀ ਜਾਣ ਬੁੱਝ ਕੇ ਅਜਿਹੀਆਂ ਕਾਰਵਾਈਆਂ ਕਰਦੇ ਹਨ ਜਿਸ ਨਾਲ ਆਮ ਲੋਕਾਂ ਦੀਆਂ                 ਪ੍ਰੇਸ਼ਾਨੀਆਂ ਵਿੱਚ ਵਾਧਾ ਹੁੰਦਾ ਹੈ|
ਦੂਜੇ ਪਾਸੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰ. ਰਵੀ ਭਗਤ ਕਹਿੰਦੇ ਹਨ ਕਿ ਇਹ ਨਵਾਂ ਸਿਸਟਮ ਗਮਾਡਾ ਦੇ ਕੰਮ ਵਿੱਚ ਪਾਰਦਸ਼ਿਤਾ ਅਤੇ ਜਵਾਬਦੇਹੀ ਲਿਆਉਣ ਲਈ ਹੀ ਲਾਗੂ ਕੀਤਾ ਗਿਆ ਹੈ ਅਤੇ ਇਸ ਨਾਲ ਗਮਾਡਾ ਦੇ ਮਿਲਖ ਦਫਤਰ ਉਪਰ ਲੱਗਦੇ ਭ੍ਰਿਸ਼ਟਾਚਾਰ ਦੇ ਇਲਜਾਮਾਂ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ| ਉਹਨਾਂ ਕਿਹਾ ਕਿ ਪਹਿਲਾਂ ਇਹ ਗੱਲ ਚਰਚਾ ਵਿੱਚ ਰਹੀ ਸੀ ਕਿ ਕਈ ਵਿਅਕਤੀ ਗਮਾਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਕੰਮ ਕਰਵਾ ਲੈਂਦੇ ਸੀ ਅਤੇ ਹੁਣ ਇਸ ਸਭ ਕੁਝ ਤੇ ਮੁਕੰਮਲ ਰੋਕ ਲੱਗ ਗਈ ਹੈ|
ਹਾਲਾਂਕਿ ਉਹਨਾਂ ਮੰਨਿਆ ਕਿ ਇਸ ਸਿਸਟਮ ਨੂੰ ਠੀਕ ਢੰਗ ਨਾਲ ਲਾਗੂ ਕਰਨ ਵਿੱਚ ਕੁਝ ਅੜਚਨ ਆ ਰਹੀ ਹੈ ਅਤੇ ਇਸ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਇਸ ਦਾ                   ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਛੇਤੀ ਹੀ ਨਵੇਂ ਸੁਧਾਰ ਲਾਗੂ ਕੀਤੇ ਜਾਣਗੇ| ਉਹਨਾਂ ਕਿਹਾ ਕਿ ਇਸ ਸੰਬੰਧੀ ਜਿੰਨੇ ਵੀ ਕਰਮਚਾਰੀਆਂ ਦੀ ਲੋੜ ਹੋਵੇਗੀ ਉਹ ਤੈਨਾਤ ਕੀਤੇ ਜਾਣਗੇ ਅਤੇ ਸਾਰੀਆਂ ਫਾਈਲਾਂ ਨੂੰ ਸਮਾਂਬੱਧ ਤਰੀਕੇ ਨਾਲ ਕਲੀਅਰ ਕਰਨ ਦੇ ਅਮਲ ਨੂੰ ਯਕੀਨੀ ਬਣਾਇਆ ਜਾਵੇਗਾ|

Leave a Reply

Your email address will not be published. Required fields are marked *