ਗਮਾਡਾ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਰੱਖ ਰਖਾਓ ਦਾ ਕੰਮ ਨਿਗਮ ਦੇ ਹਵਾਲੇ ਕਰਨ ਸੰਬੰਧੀ ਕਰਾਰ ਮੁਕੰਮਲ ਸ਼ਹਿਰ ਦੇ 20 ਵੱਡੇ ਪਾਰਕਾਂ ਵਿੱਚ ਲਗਣਗੇ ਓਪਨ ਏਅਰ ਜਿਮ : ਸਿੱਧੂ


ਐਸ ਏ ਐਸ ਨਗਰ, 23 ਦਸੰਬਰ (ਸ਼ਬ ਗਮਾਡਾ ਅਧੀਨ ਆਉਂਦੇ ਸੈਕਟਰਾਂ ਦੇ ਵਸਨੀਕਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਬਾਕੀ ਖੇਤਰ ਨਾਲੋਂ ਕਈ ਗੁਨਾ ਵੱਧ ਬਿਲ ਵਸੂਲੇ ਜਾਣ ਦੀ ਕਾਰਵਾਈ ਤੇ ਮੁਕੰਮਲ ਰੋਕ ਲਗਾਉਣ ਲਈ ਗਮਾਡਾ ਵਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਵਿਵਸਥਾ ਦੇ ਰੱਖ ਰਖਾਓ ਦਾ ਕੰਮ ਨਗਰ ਨਿਗਮ ਦੇ ਹਵਾਲੇ ਕਰਨ ਸੰਬੰਧੀ ਐਗਰੀਮੈਂਟ ਤੇ ਅੱਜ ਹਸਤਾਖਰ ਕਰ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਦੀ ਹਾਜਰੀ ਵਿੱਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੇ ਦਫਤਰ ਵਿੱਚ ਇਸ ਐਗਰੀਮੈਂਟ ਤੇ ਹਸਤਾਖਰ ਕੀਤੇ ਗਏ।
ਇਸ ਮੌਕੇ ਸ੍ਰ ਸਿੱਧੂ ਨੇ ਕਿਹਾ ਕਿ ਇਸ ਮਸਲੇ ਦਾ ਹਲ ਹੋਣ ਨਾਲ ਨਗਰ ਨਿਗਮ ਦੇ ਅਧੀਨ ਆਉਂਦੇ ਸੈਕਟਰਾਂ ਸੈਕਟਰ 66 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ ਜਿਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਪਾਣੀ ਦੀ ਸਪਲਾਈ ਬਦਲੇ ਕਾਫੀ ਵੱਡੀ ਰਕਮ ਅਦਾ ਕਰਨੀ ਪੈ ਰਹੀ ਸੀ ਅਤੇ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਨਗਰ ਨਿਗਮ ਦੇ ਅਧੀਨ ਆਉਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਪਾਣੀ ਸਪਲਾਈ ਦੇ ਰੇਟ ਇਕਸਾਰ ਹੋ ਜਾਣਗੇ।
ਸ੍ਰ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮੁਹਾਲੀ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਮੁਹਾਲੀ ਸ਼ਹਿਰ ਨੂੰ ਵਿਕਾਸ ਪੱਖੋਂ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ, ਮਾਰਕੀਟਾਂ ਅਤੇ ਹਾਉਸਿੰਗ ਸੁਸਾਇਟੀਆਂ ਵਿੱਚ ਵਿਕਾਸ ਤੇ ਕੰਮ ਜੋਰਾਂ ਸ਼ੋਰਾਂ ਨਾਲ ਚਲ ਰਹੇ ਹਨ ਅਤੇ ਅਤੇ ਵੱਖ ਵੱਖ ਹਾਉਸਿੰਗ ਸੁਸਾਇਟੀਆਂ ਵਿੱਚ ਸਾਢੇ ਤਿੰਨ ਕਰੋੜ ਰੁਪਏ ਖਰਚ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਊਸਫੈਡ ਕਾਂਪਲੈਕਸ ਵਿੱਚ 60 ਲੱਖ ਰੁਪਏ ਦੇ ਕੰਮ ਪਹਿਲਾਂ ਹੀ ਚਲ ਰਹੇ ਹਨ ਅਤੇ ਹੁਣ ਇਸ ਵਾਸਤੇ 40 ਲੱਖ ਰੁਪਏ ਦੇ ਹੋਰ ਕੰਮਾਂ ਨੂੰ ਵੀ ਮੰਜੂਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਜੋਗਿੰਦਰ ਵਿਹਾਰ ਅਤੇ ਗੁਰੂ ਤੇਗ ਬਹਾਦੁਰ ਕਾਂਪਲੈਕਸ ਦੇ ਵਿਕਾਸ ਕਾਰਜਾਂ ਨੂੰ ਵੀ ਮੰਜੂਰੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਵੱਡੇ ਪਾਰਕਾਂ ਵਿੱਚ ਉਪਨ ਏਅਰ ਜਿਮ ਲਗਵਾਏ ਜਾ ਰਹੇ ਹਨ ਅਤੇ ਇਸ ਸੰਬੰਧੀ 20 ਹੋਰ ਜਿਮ ਲਗਾਉਣ ਲਈ ਨਗਰ ਨਿਗਮ ਵਲੋਂ ਮਤਾ ਪਾਸ ਕੀਤਾ ਜਾ ਚੁੱਕਿਆ ਹੈ।
ਇਸ ਮੌਕੇ ਸ੍ਰੀ ਸਿੱਧੂ ਵਲੋਂ ਇੱਕ ਟ੍ਰੈਕਟਰ ਅਤੇ 4000 ਲੀਟਰ ਸਮਰਥਾ ਵਾਲੇ 8 ਟੈਂਕਰਾਂ ਨੂੰ ਵੀ ਝੰਡੀ ਵਿਖਾਈ ਗਈ। ਇਹਨਾਂ ਟ੍ਰੈਕਰਾਂ ਤੇ 26 ਲੱਖ ਰੁਪਏ ਦੀ ਲਾਗਤ ਆਈ ਹੈ। ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਆਉਣ ਦੀ ਹਾਲਤ ਵਿੱਚ ਇਹਨਾਂ ਟੈਂਕਰਾਂ ਰਾਂਹੀ ਸ਼ਹਿਰ ਵਾਸੀਆਂ ਨੂੰ ਪਾਣੀ ਸਪਲਾਈ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿਆਦਾ ਉਚਾਈ ਵਾਲੇ ਦਰਖਤਾਂ ਦੀ ਛੱਗਾਈ ਲਈ 33 ਲੱਖ ਰੁਪਏ ਦੀ ਇੱਕ ਮਸ਼ੀਨ ਲਿਆਂਦੀ ਜਾ ਰਹੀ ਹੈ ਜਿਸ ਲਈ ਟੈਂਡਰ ਛੇਤੀ ਹੀ ਖੋਲ੍ਹੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਕੁਲਜੀਤ ਸਿੰਘ ਬੇਦੀ, ਸ੍ਰ ਅਮਰੀਕ ਸਿੰਘ ਸੋਮਲ, ਜੀ ਐਸ ਰਿਆੜ, ਵਿਕਟਰ ਨਿਹੋਲਿਕਾ, ਰਾਜੇਸ਼ ਲਖੋਤਰਾ, ਸੁੱਚਾ ਸਿੰਘ ਕਲੌੜ, ਨਵਤੇਜ ਬਾਂਸਲ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ ਸੰਜੂ, ਵਨੀਤ ਮਲਿਕ, ਚੈਰੀ ਸਿੱਧੂ ਅਤੇ ਹੋਰ ਆਗੂ ਹਾਜਿਰ ਸਨ।

Leave a Reply

Your email address will not be published. Required fields are marked *