ਗਮਾਡਾ ਵਲੋਂ ਫੇਜ਼ 11 ਵਿਚਲੇ ਮਕਾਨਾਂ ਦੇ ਕਬਜਾਕਾਰਾਂ ਨੂੰ ਮਕਾਨ ਖਾਲੀ ਕਰਨ ਸੰਬੰਧੀ ਦਿੱਤੇ ਨੋਟਿਸਾਂ ਤੋਂ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਸਾੜਿਆ

ਗਮਾਡਾ ਵਲੋਂ ਫੇਜ਼ 11 ਵਿਚਲੇ ਮਕਾਨਾਂ ਦੇ ਕਬਜਾਕਾਰਾਂ ਨੂੰ ਮਕਾਨ ਖਾਲੀ ਕਰਨ ਸੰਬੰਧੀ ਦਿੱਤੇ ਨੋਟਿਸਾਂ ਤੋਂ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਸਾੜਿਆ
ਦੰਗਾ ਪੀੜਿਤਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ : ਅਕਾਲੀ ਦਲ
ਐਸ ਏ ਐਸ ਨਗਰ, 3 ਮਾਰਚ (ਸ਼ਬ ਸਥਾਨਕ ਫੇਜ਼ 11 ਵਿੱਚ ਸਰਕਾਰੀ ਮਕਾਨਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਲੋਕਾਂ ਦੇ ਕਬਜੇ ਹੇਠਲੇ 42 ਐਲ ਆਈ ਜੀ ਮਕਾਨਾਂ ਨੂੰ ਅਗਲੇ 48 ਘੰਟਿਆਂ ਵਿੱਚ ਖਾਲੀ ਕਰਨ ਸੰਬੰਧੀ ਗਮਾਡਾ ਵਲੋਂ ਜਾਰੀ ਕੀਤੇ ਗਏ ਨੋਟਿਸਾਂ ਤੋਂ ਬਾਅਦ ਰੋਹ ਵਿੱਚ ਆਏ ਇਹਨਾਂ ਮਕਾਨਾਂ ਦੇ ਵਸਨੀਕਾਂ ਨੇ ਫੇਜ਼ 11 ਵਿੱਚ ਪੁਲੀਸ ਸਟੇਸ਼ਨ ਨੇੜੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਵਿਰੁੱਧ ਨਾਹਰੇਬਾਜੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਇਹਨਾਂ ਲੋਕਾਂ ਦੇ ਇਸ ਪ੍ਰਦਰਸ਼ਨ ਵਿੱਚ ਸਥਾਨਕ ਅਕਾਲੀ ਆਗੂ ਵੀ ਸ਼ਮਿਲ ਹੋਏ ਜਿਹਨਾਂ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਦੰਗਾ ਪੀੜਿਤਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਾ ਹੋਣ ਦੇਣ ਅਤੇ ਇਸ ਸੰਬੰਧੀ ਪੀੜਿਤਾਂ ਦੀ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਕਸ਼ਮੀਰ ਕੌਰ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਪੀੜਿਤ ਪਿਛਲੇ 35 ਸਾਲਾਂ ਤੋਂ ਇਹਨਾਂ ਮਕਾਨਾ ਵਿੱਚ ਰਹਿ ਰਹੇ ਹਨ ਅਤੇ ਗਮਾਡਾ ਵਲੋਂ ਹੁਣ ਇਹਨਾਂ ਨੂੰ 48 ਘੰਟੇ ਵਿੱਚ ਮਕਾਨ ਖਾਲੀ ਕਰਨ ਦਾ ਫਰਮਾਨ ਸੁਣਾ ਦਿੱਤਾ ਗਿਆ ਹੈ। ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਕਿੰਤੂ ਕਰਦਿਆਂ ਕਿਹਾ ਕਿ ਵਿਧਾਨਸਭਾ ਚੋਣਾਂ ਮੌਕੇ ਕਾਂਗਰਸੀ ਆਗੂਆਂ ਵਲੋਂ ਇਹਨਾਂ ਮਕਾਨਾਂ ਵਿੱਚ ਰਹਿੰਦੇ ਦੰਗਾ ਪੀੜਿਤਾਂ ਦੇ ਨਾਲ ਖੜ੍ਹਣ ਅਤੇ ਉਹਨਾਂ ਦੇ ਮਕਾਨ ਖਾਲੀ ਨਾ ਹੋਣ ਦੇਣ ਦੇ ਦਾਅਵੇ ਅਤੇ ਵਾਇਦੇ ਕੀਤੇ ਗਏ ਸਨ ਪਰੰਤੂ ਹੁਣ ਜਦੋਂ ਕਾਂਗਰਸ ਪਾਰਟੀ ਸਰਕਾਰ ਵਿੱਚ ਹੈ ਤਾਂ ਗਮਾਡਾ ਵਲੋਂ ਇਹਨਾਂ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਬਰੀ ਕੱਢਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਪੀੜਿਤਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗਾ ਅਤੇ ਇਸਦੇ ਖਿਲਾਫ ਜੋ ਵੀ ਸੰਘਰਸ਼ ਕਰਨਾ ਪਿਆ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਪੀੜਿਤ ਪਰਿਵਾਰਾਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਮਦਦ ਦੀ ਅਪੀਲ ਕੀਤੀ ਹੈ ਅਤੇ ਸ੍ਰ ਬਾਦਲ ਵਲੋਂ ਪੀੜਿਤਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਸੰਬੰਧੀ ਮਾਣਯੋਗ ਅਦਾਲਤ ਵਿੱਚ ਚਲ ਰਹੇ ਕੇਸ ਵਿੱਚ ਪੀੜਿਤ ਪਰਿਵਾਰਾਂ ਨੂੰ ਪਾਰਟੀ ਬਣਾਉਣ ਲਈ ਅਕਾਲੀ ਦਲ ਵਲੋਂ ਆਪਣਾ ਵਕੀਲ ਖੜ੍ਹਾ ਕੀਤਾ ਜਾਵੇਗਾ ਅਤੇ ਪੀੜਿਤ ਪਰਿਵਾਰਾਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ੍ਰ ਗੁਰਮੀਤ ਸਿੰਘ ਸ਼ਾਮਪੁਰ ਅਤੇ ਸ੍ਰ ਸੰਤੋਖ ਸਿੰਘ ਸੰਧੂ, ਇਸਤਰੀ ਅਕਾਲੀ ਦਲ ਦੀਆਂ ਆਗੂ ਬਾਲਾ, ਪ੍ਰੀਤੀ, ਕੁਲਵੰਤ ਕੌਰ ਅਤੇ ਹੋਰ ਆਗੂ ਹਾਜਿਰ ਸਨ।

Leave a Reply

Your email address will not be published. Required fields are marked *