ਗਮਾਡਾ ਵਲੋਂ ਸੜਕਾਂ ਤੇ ਬਣਾਏ ਓਵਰ ਬ੍ਰਿਜਾਂ ਵਿੱਚ ਗੰਦਗੀ ਦੀ ਭਰਮਾਰ

ਗਮਾਡਾ ਵਲੋਂ ਸੜਕਾਂ ਤੇ ਬਣਾਏ ਓਵਰ ਬ੍ਰਿਜਾਂ ਵਿੱਚ ਗੰਦਗੀ ਦੀ ਭਰਮਾਰ
ਰਾਤ ਸਮੇਂ ਨੌਜਵਾਨ ਪੁੱਲਾਂ ਉਪਰ ਚੜਕੇ ਕਰਦੇ ਨੇ ਮੌਜ ਮਸਤੀ, ਜੁਆਰੀਆਂ ਨੇ ਵੀ ਬਣਾਏ ਅੱਡੇ
ਐਸ ਏ ਐਸ ਨਗਰ, 4 ਜਨਵਰੀ (ਸ.ਬ.) ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸੜਕਾਂ ਉਪਰ ਬਣੇ ਹੋਏ ਓਵਰ ਬ੍ਰਿਜ ਨੌਜਵਾਨਾਂ ਲਈ ਮੌਜ ਮਸਤੀ ਦਾ ਅੱਡਾ ਬਣ ਕੇ ਰਹਿ ਗਏ ਹਨ ਅਤੇ ਆਮ ਲੋਕਾਂ ਇਹਨਾਂ ਤੇ ਚੜ੍ਹਣ ਤੋਂ ਗੁਰੇਜ ਹੀ ਕਰਦੇ ਹਨ| ਦਿਨ ਵਿੱਚ ਜਿੱਥੇ ਇਹਨਾਂ ਓਵਰ ਬ੍ਰਿਜਾਂ ਤੇ ਜੁਆਰੀ ਕਿਸਮ ਦੇ ਲੋਕ ਬੈਠ ਕੇ ਤਾਸ਼ ਖੇਡਦੇ ਰਹਿੰਦੇ ਹਨ ਉੱਥੇ ਰਾਤ ਵੇਲੇ ਇਹ ਥਾਂ ਨੌਜਵਾਨਾਂ ਦੇ ਸ਼ਰਾਬ ਪੀਣ ਅਤੇ ਹੋਰ ਨਸ਼ੇ ਕਰਨ ਦੇ ਕੰਮ ਆਉਂਦੀ ਹੈ| ਨੌਜਵਾਨ ਇਨ੍ਹਾਂ ਪੁਲਾਂ ਉਪਰ ਚੜ ਜਾਂਦੇ ਹਨ ਅਤੇ ਉਥੇ ਬੈਠ ਕੇ ਬੀਅਰ ਅਤੇ ਹੋਰ ਕਈ ਕਿਸਮਾਂ ਦੀ ਸ਼ਰਾਬ ਪੀਂਦੇ ਹਨ| ਇਹ ਨੌਜਵਾਨ ਉੱਥੇ ਬੈਠ ਕੇ ਖਾਂਦੇ ਪੀਂਦੇ ਰਹਿੰਦੇ ਹਨ ਅਤੇ ਬਾਅਦ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਅਤੇ ਹੋਰ ਫਾਲਤੂ ਸਮਾਨ ਇਹਨਾਂ ਪੁੱਲਾਂ ਉਪਰ ਸੁੱਟ ਦਿੰਦੇ ਹਨ, ਜਿਸ ਕਾਰਨ ਇਹਨਾਂ ਪੁੱਲਾਂ ਉਪਰ ਕਾਫੀ ਗੰਦਗੀ ਫੈਲੀ ਰਹਿੰਦੀ ਹੈ ਅਤੇ ਇਹੀ ਕਾਰਨ ਹੈ ਕਿ ਪਹਿਲਾਂ ਇਹਨਾਂ ਪੁੱਲਾਂ ਦੀ ਵਰਤੋਂ ਕਰਨ ਵਾਲੇ ਆਮ ਲੋਕ ਹੁਣ ਇਹਨਾਂ ਤੇ ਚੜ੍ਹਣ ਤੋਂ ਗੁਰੇਜ ਕਰਦੇ ਹਨ|
ਸਥਾਨਕ ਫੇਜ਼ 7, 2-7 ਦੀਆਂ ਲਾਈਟਾਂ, ਫੇਜ਼ 3 ਬੀ2 ਅਤੇ 3-5 ਦੇ ਚੌਂਕ ਵਿੱਚ ਬਣਾਏ ਗਏ ਇਹਨਾਂ ਓਵਰ ਬ੍ਰਿਜਾਂ ਦੀ ਹਾਲਤ ਵੇਖ ਕੇ ਲਗਦਾ ਹੈ ਕਿ ਜਿਵੇਂ ਇਹਨਾਂ ਪੁੱਲਾਂ ਦੀ ਲੰਮੇ ਸਮੇਂ ਤੋਂ ਸਫਾਈ ਨਾ ਕੀਤੀ ਗਈ ਹੋਵੇ| ਹਰ ਪੁੱਲ ਉਪਰ ਲਾਂਘੇ ਵਾਲੀ ਥਾਂ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਖਾਲੀ ਤੇ ਲਿਬੜੇ ਹੋਏ ਲਿਫਾਫੇ, ਗੰਦੇ ਕਾਗਜ ਅਤੇ ਹੋਰ ਫਾਲਤੂ ਸਮਾਨ ਖਿਲਰਿਆ ਪਿਆ ਹੈ| ਰਾਤ ਸਮੇਂ ਅਨੇਕਾਂ ਨੌਜਵਾਨ ਇਹਨਾਂ ਪੁੱਲਾਂ ਉਪਰ ਚੜ ਜਾਂਦੇ ਹਨ ਅਤੇ ਮੌਜ ਮਸਤੀ ਕਰਦੇ ਹਨ| ਕਈ ਵਾਰ ਇਹ ਨੌਜਵਾਨ ਆਪਸ ਵਿੱਚ ਉਚੀ ਉਚੀ ਬਹਿਸਦੇ ਵੀ ਸੁਣਾਈ ਦਿੰਦੇ ਹਨ| ਇਹ ਨੌਜਵਾਨ ਅਕਸਰ ਹੀ ਆਪਸ ਵਿੱਚ ਗਾਲੀ ਗਲੋਚ ਵਾਲੀ ਭਾਸ਼ਾ ਵਿੱਚ ਗੱਲ ਕਰਦੇ ਹਨ, ਜੇ ਕੋਈ ਵਿਅਕਤੀ ਇਹਨਾਂ ਨੌਜਵਾਨਾਂ ਨੂੰ ਰੋਕਣ ਦਾ ਯਤਨ ਕਰਦਾ ਹੈ ਤਾਂ ਇਹ ਨੌਜਵਾਨ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਕਰਕੇ ਡਰ ਕਾਰਨ ਕੋਈ ਵੀ ਵਿਅਕਤੀ ਇਨਾਂ ਨੌਜਵਾਨਾਂ ਨੂੰ ਕੁਝ ਨਹੀਂ ਕਹਿੰਦਾ|
ਗਮਾਡਾ ਵਲੋਂ ਮੋਟੀ ਰਕਮ ਖਰਚ ਕੇ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਹ ਪੁੱਲ ਹੁਣ ਨੌਜਵਾਨਾਂ ਦੀ ਮੌਜ ਮਸਤੀ ਅਤੇ ਜੁਆਰੀਆਂ ਦਾ ਅੱਡਾ ਬਣ ਕੇ ਰਹਿ ਗਏ ਹਨ ਅਤੇ ਇਹਨਾਂ ਪੁੱਲਾਂ ਉਪਰ ਫੈਲੀ ਹੋਈ ਗੰਦਗੀ ਕਦੇ ਵੀ ਕਿਸੇ ਬਿਮਾਰੀ ਦਾ ਕਾਰਨ ਬਣ ਸਕਦੀ ਹੈ|
ਫੇਜ਼ 3 ਬੀ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਪੁਲਾਂ ਦੀ ਸਫਾਈ ਕਰਵਾਈ ਜਾਵੇ ਅਤੇ ਇੱਥੇ ਲੋਕਾਂ ਦੀ ਸਹੂਲੀਅਤ ਲਈ ਐਲੀਵੇਟਰ ਲਗਵਾਏ ਜਾਣ ਤਾਂ ਜੋ ਬਜੁਰਗ ਵਿਅਕਤੀ ਆਸਾਨੀ ਨਾਲ ਇਹਨਾਂ ਉੱਪਰ ਚੜ੍ਹ ਸਕਣ ਅਤੇ ਆਮ ਲੋਕਾਂ ਨੂੰ ਇਹਨਾਂ ਦੀ ਸਹੂਲੀਅਤ ਹਾਸਿਲ ਹੋਵੇ|

Leave a Reply

Your email address will not be published. Required fields are marked *