ਗਮਾਡਾ ਵੱਲੋਂ ਪਾਣੀ ਦੇ ਰੇਟਾਂ ਵਿੱਚ ਵਾਧੇ ਵਿਰੁੱਧ ਜੁਆਇੰਟ ਐਕਸ਼ਨ ਕਮੇਟੀ ਸੈਕਟਰ 66-80 ਵੱਲੋਂ ਧਰਨਾ 26 ਨਵੰਬਰ ਨੂੰ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਗਮਾਡਾ ਵੱਲੋਂ ਆਪਣੇ ਅਧੀਨ ਆਉਂਦੇ ਸੈਕਟਰ 66 ਤੋਂ 80 ਵਿੱਚ ਕੀਤੇ ਗਏ ਪਾਣੀ ਦੇ ਰੇਟਾਂ ਵਿੱਚ ਵਾਧੇ ਖਿਲਾਫ਼ ਸੰਘਰਸ਼ ਕਰਨ ਲਈ ਇਨ੍ਹਾਂ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਅਤੇ ਮਿਉਂਸਪਲ ਕੌਂਸਲਰਾਂ ਤੇ ਅਧਾਰਿਤ ਬਣਾਈ ਗਈ ‘ਜੁਆਇੰਟ ਐਕਸ਼ਨ ਕਮੇਟੀ ਸੈਕਟਰ 66-80’ ਵਲੋਂ ਗਮਾਡਾ ਖਿਲਾਫ ਸੰਘਰਸ਼ ਉਲੀਕਿਆ ਜਾ ਰਿਹਾ ਹੈ ਜਿਸਦੇ ਤਹਿਤ 26 ਨਵੰਬਰ ਨੂੰ ਸਵੇਰੇ 11 ਵਜੇ ਗਮਾਡਾ ਦਫ਼ਤਰ ਦੇ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ|
ਜੁਆਇੰਟ ਐਕਸ਼ਨ ਕਮੇਟੀ ਸੈਕਟਰ 66-80 ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਚੇਅਰਮੈਨ ਸ੍ਰੀ ਬੌਬੀ ਕੰਬੋਜ (ਕੌਂਸਲਰ) ਨੇ ਦੱਸਿਆ ਕਿ ਗਮਾਡਾ ਵੱਲੋਂ ਇਨ੍ਹਾਂ ਸੈਕਟਰਾਂ ਵਿੱਚ ਪਾਣੀ ਦੇ ਰੇਟ ਪੰਜ ਗੁਣਾਂ ਰੇਟ ਵਧਾਏ ਜਾ ਚੁੱਕੇ ਹਨ ਜਦੋਂਕਿ ਬਾਕੀ ਸ਼ਹਿਰ ਵਿੱਚ ਅਤੇ ਪੂਰੇ ਪੰਜਾਬ ਵਿੱਚ ਪਾਣੀ ਦੇ ਰੇਟ ਬਹੁਤ ਘੱਟ ਹਨ| ਉਨ੍ਹਾਂ ਕਿਹਾ ਕਿ ਇੱਕ ਸ਼ਹਿਰ ਵਿੱਚ ਪਾਣੀ ਦੇ ਦੋ ਰੇਟਾਂ ਕਾਰਨ ਉਕਤ ਸੈਕਟਰਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ| ਇਨ੍ਹਾਂ ਸੈਕਟਰਾਂ ਦੀਆਂ ਵੱਖ ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਅਤੇ ਕੌਂਸਲਰਾਂ ਵੱਲੋਂ ਗਮਾਡਾ ਨੂੰ ਮੰਗ ਪੱਤਰਾਂ ਰਾਹੀਂ ਅਤੇ ਧਰਨੇ ਆਦਿ ਦੇ ਕੇ ਪਾਣੀ ਦੇ ਰੇਟ ਘੱਟ ਕਰਨ ਲਈ ਵੀ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਜਿਸਦ ਤਹਿਤ ਸੀ.ਏ. ਗਮਾਡਾ ਸ੍ਰੀਮਤੀ ਗੁਰਨੀਤ ਕੌਰ ਤੇਜ ਨੂੰ ਮਿਲ ਕੇ ਇਨ੍ਹਾਂ ਵਧੇ ਰੇਟਾਂ ਨੂੰ ਰੱਦ ਕਰਵਾਉਣ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ|
ਉਹਨਾਂ ਦੱਸਿਆ ਕਿ ਸੀ. ਏ. ਗਮਾਡਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਨ੍ਹਾਂ ਰੇਟਾਂ ਬਾਰੇ ਮੁੜ ਵਿਚਾਰ ਕਰਨ ਲਈ ਸਰਕਾਰ ਨੂੰ ਲਿਖਣਗੇ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਕੁੰਭਕਰਨੀ ਨੀਂਦ ਸੁੱਤੇ ਪਏ ਗਮਾਡਾ ਦੇ ਅਧਿਕਾਰੀ ਟਸ ਤੋਂ ਮਸ ਨਹੀਂ ਹੋ ਰਹੇ ਹਨ ਅਤੇ ਗਮਾਡਾ ਵੱਲੋਂ ਪਾਣੀ ਦੇ ਰੇਟਾਂ ਵਿਚ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਉਹਨਾਂ ਦੱਸਿਆ ਕਿ ਇਹਨਾਂ ਸੈਕਟਰਾਂ ਦੇ ਵਸਨੀਕਾਂ ਵਲੋਂ ਹੁਣ ਇਹ ਲੜਾਈ ਜੁਆਇੰਟ ਐਕਸ਼ਨ ਕਮੇਟੀ ਸੈਕਟਰ 66-80 ਦੇ ਬੈਨਰ ਹੇਠ ਲੜੀ ਜਾਣੀ ਹੈ ਜਿਸਦੇ ਅਹੁਦੇਦਾਰਾਂ ਵਿੱਚ ਉਹਨਾਂ ਦੋਵਾਂ ਤੋਂ ਇਲਾਵਾ ਮਨੋਜ ਕੁਮਾਰ ਅਗਰਵਾਲ ਨੂੰ ਜਨਰਲ ਸਕੱਤਰ, ਸਤਬੀਰ ਸਿੰਘ ਧਨੋਆ, ਜਸਵੀਰ ਕੌਰ, ਰਜਨੀ ਗੋਇਲ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਤਸਿੰਬਲੀ, ਰਜਿੰਦਰ ਕੌਰ ਕੁੰਭੜਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਕਰਤਾਰ ਸਿੰਘ ਤਸਿੰਬਲੀ ਨੂੰ ਸਰਪ੍ਰਸਤ ਵਜੋਂ ਸ਼ਾਮਿਲ ਕੀਤਾ ਗਿਆ ਹੈ ਜਦਕਿ ਸੁਮੇਸ਼ ਬਧਵਾਰ ਨੂੰ ਕੈਸ਼ੀਅਰ ਲਗਾਇਆ ਗਿਆ ਹੈ| ਇਸ ਤੋਂ ਇਲਾਵਾ ਇਨ੍ਹਾਂ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੂੰ ਮੀਤ ਪ੍ਰਧਾਨ ਵਜੋਂ ਸ਼ਾਮਿਲ ਕੀਤਾ ਗਿਆ ਹੈ|

Leave a Reply

Your email address will not be published. Required fields are marked *