ਗਮਾਡਾ ਸਿਰ ਚੜ੍ਹੇ 3150 ਕਰੋੜ ਦੇ ਕਰਜੇ ਦਾ ਮਾਮਲਾ ਭਖਿਆ ਉੱਚ ਪੱਧਰੀ ਦੀ ਜਾਂਚ ਦੀ ਮੰਗ

ਗਮਾਡਾ ਸਿਰ ਚੜ੍ਹੇ 3150 ਕਰੋੜ ਦੇ ਕਰਜੇ ਦਾ ਮਾਮਲਾ ਭਖਿਆ ਉੱਚ  ਪੱਧਰੀ ਦੀ ਜਾਂਚ ਦੀ ਮੰਗ
ਸਕਾਈ ਹਾਕ ਟਾਈਮਜ਼ ਬਿਊਰੋ
ਐਸ. ਏ. ਐਸ ਨਗਰ, 3 ਜੂਨ

ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਗਮਾਡਾ ਵਲੋਂ ਵੱਖ ਵੱਖ ਪ੍ਰੋਜੈਕਟਾਂ ਲਈ ਜਮੀਨ ਹਾਸਿਲ ਕਰਨ, ਪ੍ਰੋਜੈਕਟਾਂ ਦੀ ਉਸਾਰੀ ਅਤੇ ਵਿਕਾਸ ਕਰਨ ਦੇ ਨਾਮ ਤੇ ਗਮਾਡਾ ਵਲੋਂ ਵੱਖ ਵੱਖ ਬੈਕਾਂ ਤੋਂ ਲਏ ਗਏ 3150 ਕਰੋੜ ਰੁਪਏ ਦੇ ਕਰਜੇ ਦਾ ਮਾਮਲਾ ਭਖ ਗਿਆ ਹੈ ਅਤੇ ਇਸ ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ| ਇਸ ਸਬੰਧੀ ਮਿਉਂਸਪਲ ਕੌਂਸਲਰ ਸ੍ਰੀ ਸੈਂਹਬੀ ਆਨੰਦ ਵਲੋਂ ਸੂਚਨਾ ਦੇ ਅਧਿਕਾਰ ਦੇ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਗਮਾਡਾ ਦੇ ਲੇਖਾ ਅਧਿਕਾਰੀ ਨੇ ਖੁਦ ਇਹ ਗੱਲ ਕਬੂਲ ਕੀਤੀ ਹੈ ਕਿ ਗਮਾਡਾ ਨੇ ਐਰੋਸਿਟੀ , ਈਕੋ ਸਿਟੀ, ਆਈ. ਟੀ. ਸਿਟੀ ਅਤੇ ਪੂਰਵਾ ਅਪਾਰਟਮੈਂਟ ਵਾਸਤੇ ਵੱਖ ਵੱਖ ਬੈਕਾਂ ਤੋਂ ਇਹ ਕਰਜਾ ਲਿਆ ਗਿਆ ਸੀ ਜਿਸਦੀ ਕੁਲ ਰਕਮ 3150 ਕਰੋੜ ਰੁਪਏ ਦੇ ਕਰੀਬ ਹੈ|
ਜੱਟ ਸਭਾ ਪੰਜਾਬ ਦੇ ਜਨਰਲ ਦੇ ਜਨਰਲ ਸਕੱਤਰ ਸ੍ਰ. ਤੇਜਿੰਦਰ ਸਿੰਘ ਪੂਨੀਆ ( ਜਿਹੜੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ) ਨੇ ਗਮਾਡਾ ਦੇ ਇਸ ਕਬੂਲਨਾਮੇ ਤੋਂ ਬਾਅਦ ਗਮਾਡਾ ਸਿਰ ਚੜ੍ਹੇ ਇਸ ਕਰਜੇ ਦੀ ਰਕਮ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ| ਸ੍ਰ. ਪੂਨੀਆ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਸਰਕਾਰੀ ਅਧਿਕਾਰੀਆਂ ਤੇ ਦਬਾਉ ਪਾ ਕੇ ਵੱਖ ਵੱਖ ਬੈਕਾਂ ਤੋਂ ਇਹ ਕਰਜਾ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਪੈਸੇ ਨੂੰ ਉਕਤ ਪ੍ਰੋਜੈਕਟਾਂ ਵਿੱਚ ਲਗਾਉਣ ਦੀ ਥਾਂ ਪੂਡਾ ਵਿੱਚ ਤਬਦੀਲ ਕਰਕੇ ਹੋਰਨਾਂ ਸ਼ਹਿਰਾਂ ਵਿੱਚ ਖਰਚ ਕੀਤਾ ਗਿਆ| ਉਹਨਾਂ ਇਲਜਾਮ ਲਗਾਇਆ ਕਿ ਗਮਾਡਾ ਵਲੋਂ ਬੈਂਕਾ ਤੋਂ ਲਏ ਇਸ 3150 ਕਰੋੜ ਰੁਪਏ ਦੇ ਕਰਜੇ ਦਾ ਵੱਡਾ ਹਿੱਸਾ  ਅਕਾਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀਆਂ ਵੱਲੋਂ ਆਪਣੇ ਅਖਤਿਆਰੀ ਵਿੱਚ ਦਿੱਤੀਆਂ ਜਾਂਦੀਆਂ ਗ੍ਰਾਂਟਾ ਅਤੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਖਰਚ ਕੀਤਾ ਗਿਆ ਅਤੇ  ਐਸ ਏ ਐਸ ਨਗਰ ਦੇ ਵਿਕਾਸ ਲਈ ਹਾਸਿਲ ਕੀਤੀ ਗਈ ਇਸ ਰਕਮ ਦਾ ਇਕ ਭਾਗ ਬਠਿੰਡਾ ਵਿੱਚ ਖਰਚ ਹੋਇਆ|
ਸ੍ਰ. ਪੂਨੀਆਂ ਦੇ ਮੰਗ ਕੀਤੀ ਕਿ ਗਮਾਡਾ ਵੱਲੋਂ 3150 ਕਰੋੜ ਰੁਪਏ ਦਾ ਕਰਜਾ ਲੈਣ ਅਤੇ ਇਸਦੇ ਖਰਚ ਕਰਨ ਦੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਾਂਚ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਘਪਲਿਆਂ ਬਾਰੇ ਹੋਰ ਵੀ ਖੁਲਾਸੇ ਹੋਣੇ ਤੈਅ ਹਨ|
ਉਹਨਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਗਮਾਡਾ ਵਲੋਂ ਕੋਈ ਕਰਜਾ ਨਹੀਂ ਲਿਆ ਗਿਆ ਅਤੇ ਕੌਂਸਲਰ ਸੈਂਬੀ ਆਨੰਦ ਵਲੋਂ ਆਪਣੇ ਹੀ ( ਅਕਾਲੀ ਭਾਜਪਾ) ਸਰਕਾਰ ਦੀ ਕਾਰਗੁਜਾਰੀ ਨੂੰ ਹੀ ਸਾਮ੍ਹਣੇ ਲਿਆਂਦਾ ਹੈ|

Leave a Reply

Your email address will not be published. Required fields are marked *