ਗਰਚਾ ਨੂੰ ਟਿਕਟ ਨਾ ਦੇਣ ਤੇ ਕਾਂਗਰਸੀਆਂ ਵੱਲੋਂ ਵਿਰੋਧ ਜਾਰੀ ਸਮਰਥਕਾਂ ਦੇ ਕਹਿਣ ਉਤੇ ਲਵਾਂਗੀ ਵੱਡਾ ਫ਼ੈਸਲਾ : ਗਰਚਾ

ਨਵਾਂ ਗਰਾਉਂ, 29 ਦਸੰਬਰ  (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਪਾਰਟੀ ਦੀ ਟਿਕਟ ਜਗਮੋਹਨ ਸਿੰਘ ਕੰਗ ਨੂੰ ਦਿੱਤੇ ਜਾਣ ਦਾ ਵਿਰੋਧ ਲਗਾਤਾਰ ਵੱਧ ਰਿਹਾ ਹੈ| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ| ਦੂਜੇ ਪਾਸੇ ਬੀਬੀ ਗਰਚਾ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਸਮਰਥਕਾਂ ਦੀ ਰਾਇ ਲੈ ਕੇ ਕੋਈ ਫ਼ੈਸਲਾ ਲਿਆ ਜਾ ਸਕੇ|
ਇਨ੍ਹਾਂ ਮੀਟਿੰਗਾਂ ਦੇ ਸਿਲਸਿਲੇ ਵਜੋਂ ਸ੍ਰੀਮਤੀ ਗਰਚਾ ਵੱਲੋਂ ਹਲਕੇ ਦੇ ਪਿੰਡ ਨਵਾਂਗਰਾਉਂ ਵਿਖੇ ਮੀਟਿੰਗ ਕੀਤੀ ਗਈ| ਇਸ ਮੌਕੇ ਸ੍ਰੀਮਤੀ ਗਰਚਾ ਨੇ ਕਿਹਾ ਕਿ ਉਨ੍ਹਾਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਅਤੇ ਘਰਾਂ ਵਿੱਚ ਨਰਾਜ਼ ਬੈਠੇ ਕਾਂਗਰਸੀ ਵਰਕਰਾਂ ਨੂੰ ਆਪਣੇ ਨਾਲ ਤੋਰ ਕੇ ਪਾਰਟੀ ਨਾਲ ਜੋੜਿਆ| ਪ੍ਰੰਤੂ ਇਸ ਦੇ ਬਾਵਜੂਦ ਪਾਰਟੀ ਨੇ ਟਿਕਟ ਦਾ ਐਲਾਲ ਕਰਨ ਸਮੇਂ ਬਿਨਾ ਸੋਚੇ ਸਮਝੇ ਅਤੇ ਰਿਪੋਰਟਾਂ ਨੂੰ ਦਰਕਿਨਾਰ ਕਰਕੇ ਟਿਕਟ ਦੇਣ ਦਾ ਗਲਤ ਫ਼ੈਸਲਾ ਲਿਆ|
ਇਸ ਮੌਕੇ ਬੀਬੀ ਗਰਚਾ ਨੇ ਬੀਤੇ ਦਿਨ ਕੁਰਾਲੀ ਵਿਖੇ ਉਨ੍ਹਾਂ ਦੇ ਕਾਂਗਰਸੀ ਸਮਰਥਕ ਅਤੇ ਸ਼ੋਸ਼ਲ ਮੀਡੀਆ ਦਾ ਕੰਮ ਕਾਜ ਦੇਖ ਰਹੇ ਸਰਗਰਮ ਕਾਂਗਰਸੀ ਬੱਲੀ ਸੈਣੀ ਉਤੇ ਹਮਲਾ ਕੀਤੇ ਜਾਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਇਹ ਵਿਰੋਧੀਆਂ ਦੀ ਬੁਖਲਾਹਟ ਸਾਹਮਣੇ ਆ ਰਹੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ|
ਇਸ ਮੌਕੇ ਸਰਗਰਮ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਕਰਮ ਕਪੂਰ, ਮਨਜੀਤ ਕੰਬੋਜ਼, ਚਿਰੰਜੀਵ ਰਾਜੂ ਵਰਮਾ, ਨੀਟੂ ਬੰਸਲ, ਕੁਲਤਾਰ ਸਿੰਘ ਨਾਡਾ, ਭਾਗ ਸਿੰਘ, ਸੋਹਣ ਲਾਲ ਸ਼ਰਮਾ, ਰਾਮਕੇਸ਼ ਪੰਚ, ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਕਾਲਾ ਟਾਂਡੀ, ਜਸਵਿੰਦਰ ਬੈਂਸ ਹੈਪੀ, ਰਘੁਬੀਰ ਚੌਧਰੀ, ਭਰਪੂਰ ਸਿੰਘ ਮੁੰਦਰਾ, ਨਰਿੰਦਰ ਸੈਣੀ, ਆਸ਼ਾ ਬੱਤਾ, ਸੁਨੀਤਾ ਕਾਲੀਆ, ਪਰਮਜੀਤ ਕੌਰ, ਅਨੀਤਾ, ਮੰਗਾ ਰਾਮ ਆਦਿ ਨੇ ਕਿਹਾ ਕਿ ਚੋਣਾਂ ਸਬੰਧੀ ਟਿਕਟਾਂ ਦੀ ਵੰਡ ਦੇਣ ਸਮੇਂ ਪਾਰਟੀ ਵੱਲੋਂ ਸਰਵੇਖਣ ਕਰਵਾਉਣ ਦੇ ਬਾਵਜੂਦ ਵੀ ਹਲਕਾ ਖਰੜ ਵਿੱਚ ਰਿਪੋਰਟਾਂ ਦੇ  ਉਲਟ ਟਿਕਟ ਦੇ ਕੇ ਹਾਈਕਮਾਂਡ ਵੱਲੋਂ ਕਾਂਗਰਸੀ ਵਰਕਰਾਂ ਨਾਲ ਧੋਖਾ ਕੀਤਾ ਗਿਆ ਹੈ ਜਿਸ ਦੇ ਨਤੀਜੇ ਹਾਈਕਮਾਂਡ ਨੂੰ ਆਉਂਦੀਆਂ ਚੋਣਾਂ ਵਿੱਚ ਭੁਗਤਣੇ ਪੈਣਗੇ|
ਮੀਟਿੰਗ ਵਿੱਚ ਸ਼ਾਮਿਲ ਔਰਤਾਂ ਨੇ ਸ੍ਰੀਮਤੀ ਗਰਚਾ ਨੂੰ ਕਿਹਾ ਕਿ ਖਰੜ ਤੋਂ ਕਾਂਗਰਸ ਪਾਰਟੀ ਵੱਲੋਂ ਕਿਸੇ ਔਰਤ ਨੂੰ ਟਿਕਟ ਦਿੱਤੇ ਜਾਣ ਦੀਆਂ ਕਨਸੋਆਂ ਕਾਰਨ ਔਰਤਾਂ ਵਿੱਚ ਭਾਰੀ ਉਤਸ਼ਾਹ ਸੀ ਕਿ ਇਸ ਹਲਕੇ ਤੋਂ ਔਰਤ ਜਾਤੀ ਨੂੰ ਪ੍ਰਤੀਨਿਧਤਾ  ਮਿਲੇਗੀ ਪ੍ਰੰਤੂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਟਿਕਟ ਦਾ ਫ਼ੈਸਲਾ ਗਲਤ ਕਰਕੇ ਔਰਤ ਜਾਤੀ ਦੇ ਮਾਨ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ|

Leave a Reply

Your email address will not be published. Required fields are marked *