ਗਰਚਾ ਨੇ ਖਰੜ ਫਲਾਈਓਵਰ ਦੇ ਬਣਦਿਆਂ ਟ੍ਰੈਫ਼ਿਕ ਦੀ ਬਦਇੰਤਜ਼ਾਮੀ ਅਤੇ ਸਰਵਿਸ ਰੋਡ ਬਣਾਉਣ ਸਬੰਧੀ ਚੀਫ਼ ਸੈਕਟਰੀ ਨੂੰ ਲਿਖਿਆ ਪੱਤਰ

ਖਰੜ, 25 ਜੁਲਾਈ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਖਰੜ ਵਿਖੇ ਬਣਾਏ ਜਾ ਰਹੇ ਫਲਾਈਓਵਰ ਦੀ ਬਦਇੰਤਜ਼ਾਮੀ ਨੂੰ ਗੰਭੀਰਤਾ ਨਾਲ ਲੈਂਦਿਆਂ ਚੀਫ਼ ਸੈਕਟਰੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹਰ ਰੋਜ਼ ਲੋਕਾਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੀ ਖਿਚਾਈ ਕਰਨ ਦੀ ਮੰਗ ਵੀ ਕੀਤੀ ਹੈ|
ਚੀਫ਼ ਸੈਕਟਰੀ ਨੂੰ ਲਿਖੇ ਪੱਤਰ ਵਿੱਚ ਬੀਬੀ ਗਰਚਾ ਨੇ ਕਿਹਾ ਹੈ ਕਿ ਖਰੜ ਦੇ ਪਿੰਡ ਦੇਸੂਮਾਜਰਾ ਤੋਂ ਲੈ ਕੇ ਖਾਨਪੁਰ ਪੁਲ ਤੱਕ ਬਣ ਰਹੇ ਫਲਾਈਓਵਰ ਕਾਰਨ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕੀਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ| ਲੋਕਾਂ ਨੂੰ ਆ ਰਹੀ ਇਸ ਵੱਡੀ ਪ੍ਰੇਸ਼ਾਨੀ ਦੇ ਪਿਛੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੰਪਨੀ ਦੀ ਨਾਲਾਇਕੀ ਮੰਨਿਆ ਜਾ ਸਕਦਾ ਹੈ|
ਬੀਬੀ ਗਰਚਾ ਨੇ ਕਿਹਾ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਵੀ ਚਿੱਠੀ ਲਿਖ ਕੇ ਜਾਂ ਤਾਂ ਬਾਈਪਾਸ ਕੱਢਣ ਜਾਂ ਫਿਰ ਸਰਵਿਸ ਰੋਡ ਆਦਿ ਸਹੀ ਢੰਗ ਨਾਲ ਬਣਾਉਣ ਦੀ ਮੰਗ ਕੀਤੀ ਸੀ| ਪ੍ਰੰਤੂ ਫਲਾਈਓਵਰ ਬਣਾਉਣ ਤੋਂ ਪਹਿਲਾਂ ਕੰਪਨੀ ਨੇ ਸਰਵਿਸ ਰੋਡ ਨਹੀਂ ਬਣਾਈ| ਇਸ ਪ੍ਰਕਾਰ ਇਹ ਭਾਰਤ ਦਾ ਸ਼ਾਇਦ ਪਹਿਲਾ ਫਲਾਈਓਵਰ ਹੋਵੇਗਾ ਜਿਸ ਦਾ ਕੰਮ ਸਰਵਿਸ ਰੋਡ ਬਣਾਉਣ ਤੋਂ ਬਿਨਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ| ਜਦੋਂ ਕੰਪਨੀ ਪ੍ਰਬੰਧਕਾਂ ਨੂੰ ਲੋਕੀਂ ਪੁੱਛਦੇ ਹਨ ਤਾਂ ਕੰਪਨੀ ਪ੍ਰਬੰਧਕਾਂ ਦਾ ਕਹਿਣਾ ਹੁੰਦਾ ਹੈ ਕਿ ਪ.੍ਰਸ਼ਾਸਨ ਨੇ ਕੰਪਨੀ ਨੂੰ ਜ਼ਮੀਨ ਅਕੁਆਇਰ ਕਰਕੇ ਹੀ ਨਹੀਂ ਦਿੱਤੀ ਜਿੱਥੇ ਸਰਵਿਸ ਰੋਡ ਬਣਾਈ ਜਾ ਸਕੇ| ਨੈਸ਼ਨਲ ਹਾਈਵੇਅ ਅਥਾਰਟੀ ਨੇ ਸਰਵਿਸ ਰੋਡ ਬਣਾਉਣ ਲਈ ਐਸ.ਡੀ.ਐਮ. ਮੁਹਾਲੀ ਦੇ ਖਾਤੇ ਵਿੱਚ ਪੈਸਾ ਵੀ ਜਮ੍ਹਾਂ ਕਰਵਾ ਦਿੱਤਾ ਹੈ ਪ੍ਰੰਤੂ ਪ੍ਰਸ਼ਾਸਨ ਦੇ ਕੰਪਨੀ ਨਾਲ ਤਾਲਮੇਲ ਦੀ ਕਮੀ ਕਾਰਨ ਸਰਵਿਸ ਰੋਡ ਨਹੀਂ ਬਣ ਸਕੀ| ਸਰਵਿਸ ਰੋਡ ਨਾ ਬਣਨ ਕਰਕੇ ਹੁਣ ਖਰੜ ਸ਼ਹਿਰ ਵਿੱਚ ਇਕ ਮਹੀਨੇ ਲਈ ਰੋਡ ਬੰਦ ਕੀਤਾ ਜਾ ਰਿਹਾ ਹੈ ਜਿਸ ਨਾਲ ਪੂਰੀ ਆਵਾਜਾਈ ਪ੍ਰਭਾਵਿਤ ਹੋਵੇਗੀ ਅਤੇ ਖਰੜ ਸ਼ਹਿਰ ਦੇ ਲੋਕਾਂ ਦੇ ਲੱਖਾਂ ਰੁਪਇਆਂ ਦੇ ਕੰਮ ਕਾਜ ਵੀ ਪ੍ਰਭਾਵਿਤ ਹੋਣਗੇ| ਲੱਖਾਂ ਲੋਕਾਂ ਦੀ ਇਸ ਖੱਜਲ ਖੁਆਰੀ ਦੇ ਲਈ ਪ੍ਰਸ਼ਾਸਨ ਅਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਕਸੂਰਵਾਰ ਮੰਨੇ ਜਾ ਰਹੇ ਹਨ|
ਉਨ੍ਹਾਂ ਚੀਫ਼ ਸੈਕਟਰੀ ਕੋਲੋਂ ਮੰਗ ਕੀਤੀ ਕਿ ਫਲਾਈਓਵਰ ਦੇ ਦੋਵੇਂ ਪਾਸੇ ਸਰਵਿਸ ਰੋਡ ਬਣਾ ਕੇ ਇਕ ਮਹੀਨੇ ਲਈ ਬੰਦ ਕੀਤੇ ਜਾਣ ਵਾਲੇ ਲਾਂਘੇ ਨੂੰ ਬੰਦ ਹੋਣ ਤੋਂ ਬਚਾਇਆ ਜਾਵੇ ਤੇ ਲੱਖਾਂ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ| ਇਸ ਕੰਮ ਦੇ ਲਈ ਪ੍ਰਸ਼ਾਸਨ ਅਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਨੂੰ ਤੁਰੰਤ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ|

Leave a Reply

Your email address will not be published. Required fields are marked *