ਗਰਚਾ ਵਲੋਂ ਕੁਰਾਲੀ -ਸਿਸਵਾ ਮਾਰਗ ਤੇ ਲੱਗੇ ਟੋਲ ਟੈਕਸ ਨੂੰ ਬੰਦ ਕਰਨ ਦੀ ਮੰਗ

ਐਸ. ਏ. ਐਸ. ਨਗਰ, 13 ਜੂਨ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਕੁਰਾਲੀ ਸਿਸਵਾ ਮਾਰਗ ਤੇ ਕੁਰਾਲੀ ਤੋਂ 5 ਕਿਲੋਮੀਟਰ ਦੂਰ ਪਿੰਡ ਬੜੋਦੀ ਵਿਖੇ ਲੱਗੇ ਟੋਲ ਟੈਕਸ ਨੂੰ ਬੰਦ ਕਰਵਾਇਆ ਜਾਵੇ|
ਆਪਣੇ ਪੱਤਰ ਵਿੱਚ ਸ੍ਰੀਮਤੀ ਗਰਚਾ ਨੇ ਕਿਹਾ ਕਿ ਇਸ ਟੋਲ ਟੈਕਸ ਉਪਰ ਪਰਚੀ ਦੀ ਕੀਮਤ ਬਹੁਤ ਜਿਆਦਾ ਰੱਖੀ ਗਈ ਹੈ, ਜੋ ਕਿ ਵਾਹਨ ਚਾਲਕਾਂ ਉਪਰ ਭਾਰ ਹੈ| ਕੁਰਾਲੀ ਦੇ ਸਾਰੇ ਦਫਤਰ ਇਸੇ ਸੜਕ ਉਪਰ ਪੈਂਦੇ ਹਨ| ਜਿੰਨਾ ਵਿੱਚ ਕੰਮ ਧੰਦੇ ਜਾਣ ਲਈ ਲੋਕਾਂ ਨੂੰ ਵਾਰ-ਵਾਰ ਟੋਲ ਟੈਕਸ ਦੇਣਾ ਪੈਂਦਾ ਹੈ| ਇਹ ਸੜਕ ਨਾ ਤਾਂ ਰਾਸ਼ਟਰੀ ਰਾਜਮਾਰਗ ਹੈ ਅਤੇ ਨਾ ਹੀ ਸਟੇਟ ਹਾਈਵੇ ਅਧੀਨ ਆਉਂਦੀ ਹੈ| ਇਸ ਲਈ ਸੜਕ ਉਪਰ ਟੋਲ ਟੈਕਸ ਲਾਉਣਾ ਜਾਇਜ ਨਹੀਂ| ਟੋਲ ਟੈਕਸ ਬੈਰੀਅਰ ਉਪਰ ਲੱਗਦੇ ਜਾਮ ਕਾਰਨ ਪੀ ਜੀ ਆਈ ਜਾਣ ਵਾਲੇ ਮਰੀਜਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਵੱਡੀ ਗਿਣਤੀ ਲੋਕ ਸ਼ਿਮਲਾ ਜਾਣ ਲਈ ਇਸ ਸੜਕ ਦੀ ਵਰਤੋ ਕਰਦੇ ਹਨ, ਪਰ ਇਹ ਟੋਲ ਟੈਕਸ ਉਨ੍ਹਾਂ ਉਪਰ ਬੋਝ ਹੈ| ਇਸ ਸੜਕ ਉਪਰ ਵੱਖ-ਵੱਖ ਧਾਰਮਿਕ ਸਥਾਨਾਂ ਉਪਰ  ਜਾਣ ਵਾਲੇ ਸ਼ਰਧਾਲੂ ਵੀ ਲੰਘਦੇ ਹਨ| ਇਸ ਸੜਕ ਦੀ ਲੰਬਾਈ ਵੀ ਬਹੁਤ ਜਿਆਦਾ ਨਹੀਂ ਹੈ| ਇਸ ਲਈ ਇਸ ਟੋਲ ਟੈਕਸ ਬੈਰੀਅਰ ਨੂੰ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ| ਇਸ ਦੇ ਨਾਲ ਹੀ ਕੁਰਾਲੀ ਵਾਸੀਆਂ ਲਈ ਸਾਰੇ ਦਿਨ ਲਈ ਇਕ ਹੀ ਪਰਚੀ ਜਾਂ ਪਾਸ ਜਾਰੀ ਕੀਤਾ ਜਾਵੇ|

Leave a Reply

Your email address will not be published. Required fields are marked *