ਗਰਚਾ ਵੱਲੋਂ ਕੁਰਾਲੀ ਵਿੱਚ ਸਿਟੀ ਪੁਲੀਸ ਸਟੇਸ਼ਨ ਵੱਖਰਾ ਬਣਾਉਣ ਦੀ ਮੰਗ

ਗਰਚਾ ਵੱਲੋਂ ਕੁਰਾਲੀ ਵਿੱਚ ਸਿਟੀ ਪੁਲੀਸ ਸਟੇਸ਼ਨ ਵੱਖਰਾ ਬਣਾਉਣ ਦੀ ਮੰਗ
ਡੀ.ਜੀ.ਪੀ. ਨੂੰ ਸਿਟੀ ਪੁਲੀਸ ਸਟੇਸ਼ਨ ਬਣਾਉਣ ਦੀ ਮੰਗ ਸਬੰਧੀ ਲਿਖਿਆ ਪੱਤਰ
ਕੁਰਾਲੀ, 9 ਨਵੰਬਰ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਵਿਚ ਲਗਾਤਾਰ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕੁਰਾਲੀ ਸ਼ਹਿਰ ਲਈ ਵੱਖਰਾ ਪੁਲੀਸ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਹੈ| ਇਸੇ ਸਬੰਧ ਵਿਚ ਉਨ੍ਹਾਂ ਡੀ.ਜੀ.ਪੀ. ਪੰਜਾਬ ਨੂੰ ਵੀ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਕੁਰਾਲੀ ਦੇ ਲਈ ਪਿੰਡਾਂ ਨਾਲੋਂ ਵੱਖਰਾ ਪੁਲੀਸ ਸਟੇਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿਚ ਪੁਲੀਸ ਦੀ ਮੁਸਤੈਦੀ ਵਧ ਸਕੇ ਅਤੇ ਸ਼ਹਿਰ ਦੇ ਲੋਕੀਂ ਸ਼ਾਂਤੀ ਵਾਲਾ ਜੀਵਨ ਬਤੀਤ ਕਰ ਸਕਣ|
ਬੀਬੀ ਗਰਚਾ ਨੇ ਡੀ.ਜੀ.ਪੀ. ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸ਼ਹਿਰ ਕੁਰਾਲੀ ਦੇ ਬਜ਼ਾਰ ਵਿਚ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਿਟੀ ਪੁਲੀਸ ਸਟੇਸ਼ਨ ਚਲਿਆ ਆ ਰਿਹਾ ਸੀ ਜੋ ਕਿ ਸਿਰਫ਼ ਸ਼ਹਿਰ ਕੁਰਾਲੀ ਦੇ ਲਈ ਹੀ ਸੀ| ਪਿਛਲੀ ਸਰਕਾਰ ਦੇ ਸਮੇਂ ਵਿਚ ਇਸ ਸਿਟੀ ਪੁਲੀਸ ਸਟੇਸ਼ਨ ਨੂੰ ਖ਼ਤਮ ਕਰਕੇ ਸਦਰ ਪੁਲੀਸ ਸਟੇਸ਼ਨ ਵਿਚ ਜੋੜ ਦਿੱਤਾ ਗਿਆ ਅਤੇ ਇਸ ਸਮੇਂ ਸਿਰਫ਼ ਇੱਕ ਹੀ ਪੁਲੀਸ ਸਟੇਸ਼ਨ ਕੁਰਾਲੀ ਸ਼ਹਿਰ ਵਿਚ ਹੈ ਜੋ ਕਿ ਪਿੰਡਾਂ ਅਤੇ ਸ਼ਹਿਰ ਦੋਵਾਂ ਲਈ ਹੈ| ਇਸ ਪਿੰਡਾਂ ਅਤੇ ਸ਼ਹਿਰ ਦੇ ਲਈ ਇਕਲੌਤੇ ਪੁਲੀਸ ਸਟੇਸ਼ਨ ਦਾ ਦਾਇਰਾ ਕਾਫ਼ੀ ਵਧਣ ਕਾਰਨ ਪੁਲੀਸ ਸ਼ਹਿਰ ਕੁਰਾਲੀ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ ਹੈ ਜਿਸ ਕਾਰਨ ਸ਼ਹਿਰ ਕੁਰਾਲੀ ਵਿਚ ਚੋਰੀਆਂ ਵਰਗੀਆਂ ਘਟਨਾਵਾਂ ਕਾਫ਼ੀ ਵਧਣ ਲੱਗੀਆਂ ਹਨ| ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਕੁਰਾਲੀ ਦਾ ਦਾਇਰਾ ਵੀ ਕਾਫ਼ੀ ਵਧਣ ਕਾਰਨ ਹੁਣ ਕੁਰਾਲੀ ਸ਼ਹਿਰ ਲਈ ਵੱਖਰਾ ਪੁਲੀਸ ਸਟੇਸ਼ਨ ਬਣਾਇਆ ਜਾਣਾ ਚਾਹੀਦਾ ਹੈ|
ਇਸ ਦੇ ਨਾਲ ਹੀ ਉਨ੍ਹਾਂ ਨੇ ਐਸ.ਐਸ.ਪੀ. ਮੁਹਾਲੀ ਕੁਲਦੀਪ ਸਿੰਘ ਚਹਿਲ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਤੱਕ ਕੁਰਾਲੀ ਵਿਖੇ ਵੱਖਰਾ ਸਿਟੀ ਪੁਲੀਸ ਸਟੇਸ਼ਨ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਵੱਖਰੀ ਸਿਟੀ ਪੁਲੀਸ ਚੌਂਕੀ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ| ਬੀਬੀ ਗਰਚਾ ਨੇ ਇਹ ਵੀ ਕਿਹਾ ਕਿ ਉਹ ਬਹੁਤ ਜਲਦ ਕੁਰਾਲੀ ਵਿਖੇ ਵੱਖਰਾ ਪੁਲੀਸ ਸਟੇਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਡੀ.ਜੀ.ਪੀ. ਨਾਲ ਮੁਲਾਕਾਤ ਵੀ ਕਰਨਗੇ|

Leave a Reply

Your email address will not be published. Required fields are marked *